ਸੁਖਵਿੰਦਰ ਪਾਲ ਸੋਢੀ
ਚੰਡੀਗੜ੍ਹ, 6 ਦਸੰਬਰ
ਇੱਥੋਂ ਦੇ ਪ੍ਰਾਈਵੇਟ ਤੇ ਸਰਕਾਰੀ ਸਕੂਲਾਂ ਨੇ ਸੈਸ਼ਨ 2022-23 ਲਈ ਐਂਟਰੀ ਲੈਵਲ ਜਮਾਤਾਂ ਵਿੱਚ ਦਾਖਲੇ ਲਈ ਅੱਜ ਵਿਸਥਾਰਤ ਜਾਣਕਾਰੀ ਆਪਣੀ ਵੈਬਸਾਈਟ ’ਤੇ ਅਪਲੋਡ ਕਰ ਦਿੱਤੀ ਹੈ। ਇਨ੍ਹਾਂ ਸਕੂਲਾਂ ਵਿੱਚ 7 ਤੋਂ 18 ਦਸੰਬਰ ਤੱਕ ਦਾਖਲਾ ਫਾਰਮ ਮਿਲਣਗੇ। ਦੂਜੇ ਪਾਸੇ ਕਾਨਵੈਂਟ ਸਕੂਲਾਂ ਨੇ ਇਨ੍ਹਾਂ ਜਮਾਤਾਂ ਲਈ ਡਰਾਅ ਵੀ ਐਲਾਨ ਦਿੱਤੇ ਹਨ ਜੋ 21 ਤੇ 22 ਜਨਵਰੀ ਨੂੰ ਹੋਣਗੇ। ਇਨ੍ਹਾਂ ਸਕੂਲਾਂ ਵਿੱਚ ਮਾਪਿਆਂ ਨੂੰ ਡਰਾਅ ਦੇਖਣ ਦੀ ਇਜਾਜ਼ਤ ਨਹੀਂ ਹੋਵੇਗੀ ਤੇ ਸਿਰਫ ਇਕ ਮਾਪੇ ਨੂੰ ਹੀ ਡਰਾਅ ਲਈ ਸੱਦਿਆ ਜਾਵੇਗਾ।
ਇਸ ਤੋਂ ਇਲਾਵਾ ਲਗਪਗ ਸਾਰੇ ਹੀ ਸਕੂਲਾਂ ਨੇ ਆਪਣੀਆਂ ਫੀਸਾਂ ਅੱਠ ਫੀਸਦੀ ਤਕ ਵਧਾ ਦਿੱਤੀਆਂ ਹਨ ਪਰ ਕਈ ਸਕੂਲਾਂ ਨੇ ਵੈਬਸਾਈਟ ’ਤੇ ਫੀਸਾਂ ਦਾ ਵੇਰਵਾ ਨਹੀਂ ਦਿੱਤਾ। ਇਸ ਵਾਰ ਸ਼ਹਿਰ ਦੇ 80 ਪ੍ਰਾਈਵੇਟ ਸਕੂਲਾਂ ਵਿਚ ਅੱਠ ਹਜ਼ਾਰ ਦੇ ਕਰੀਬ ਸੀਟਾਂ ਲਈ ਦਾਖਲੇ ਹੋਣਗੇ।
ਕਾਨਵੈਂਟ ਸਕੂਲਾਂ ਤੋਂ ਹਾਸਲ ਕੀਤੀ ਜਾਣਕਾਰੀ ਅਨੁਸਾਰ ਸੇਕਰਡ ਹਾਰਟ ਸਕੂਲ ਸੈਕਟਰ-26, ਕਾਰਮਲ ਕਾਨਵੈਂਟ ਸੈਕਟਰ-9 ਤੇ ਸੇਂਟ ਐਨੀਜ਼ ਸੈਕਟਰ-32 ਵਿੱਚ ਐਲਕੇਜੀ ਲਈ ਡਰਾਅ 21 ਜਨਵਰੀ ਨੂੰ ਦੁਪਹਿਰ ਦੋ ਵਜੇ ਹੋਵੇਗਾ ਜਦਕਿ ਸੇਂਟ ਜੋਹਨਜ਼ ਸਕੂਲ ਸੈਕਟਰ-26 ਵਿੱਚ ਯੂਕੇਜੀ ਲਈ ਡਰਾਅ 21 ਜਨਵਰੀ ਨੂੰ ਹੋਵੇਗਾ ਜਿਸ ਵਿੱਚ ਸਿਰਫ ਇਕ ਮਾਪੇ ਹੀ ਡਰਾਅ ਦੇਖ ਸਕਣਗੇ। ਦੂਜੇ ਪਾਸੇ ਕਾਰਮਲ ਕਾਨਵੈਂਟ ਸਕੂਲ ਵਿੱਚ ਨਰਸਰੀ ਜਮਾਤ ਲਈ 22 ਜਨਵਰੀ ਨੂੰ ਡਰਾਅ ਹੋਵੇਗਾ।
ਕਾਰਮਲ ਕਾਨਵੈਂਟ ਸਕੂਲ ਨੇ 120 ਸੀਟਾਂ ਵਧਾਈਆਂ
ਕਾਰਮਲ ਕਾਨਵੈਂਟ ਸਕੂਲ ਵੱਲੋਂ ਪਹਿਲਾਂ ਐਂਟਰੀ ਲੈਵਲ ਜਮਾਤ ਲਈ ਕੇਜੀ ਵਿੱਚ ਦਾਖਲੇ ਕੀਤੇ ਜਾਂਦੇ ਸਨ ਪਰ ਇਸ ਵਾਰ ਸਕੂਲ ਵਲੋਂੱ ਕੇਜੀ ਤੋਂ ਇਲਾਵਾ ਨਰਸਰੀ ਵਿੱਚ ਵੀ 120 ਸੀਟਾਂ ਰੱਖੀਆਂ ਗਈਆਂ ਹਨ। ਇਸ ਤੋਂ ਇਲਾਵਾ ਸਟਰਾਅਬੇਰੀ ਸਕੂਲ ਵੱਲੋਂ ਵੀ ਦਾਖਲਾ ਪ੍ਰਕਿਰਿਆ ਜਾਰੀ ਕਰ ਦਿੱਤੀ ਗਈ ਹੈ, ਇੱਥੇ 160 ਸੀਟਾਂ ’ਤੇ ਦਾਖਲੇ ਹੋਣਗੇ। ਇਸੀ ਤਰ੍ਹਾਂ ਸੇਂਟ ਕਬੀਰ ਸਕੂਲ ਸੈਕਟਰ-26 ਵਲੋਂ ਵੀ ਨਰਸਰੀ ਜਮਾਤ ਲਈ 90 ਸੀਟਾਂ ਲਈ ਡਰਾਅ ਹੋਵੇਗਾ।
ਸ਼ਹਿਰ ਦੇ ਮੋਹਰੀ ਸਕੂਲਾਂ ਦੀਆਂ ਸੀਟਾਂ ਦੇ ਵੇਰਵੇ
ਕਾਰਮਲ ਕਾਨਵੈਂਟ ਸਕੂਲ-9 ਵਿੱਚ ਐਲਕੇਜੀ ਤੇ ਨਰਸਰੀ ਵਿੱਚ 120 ਸੀਟਾਂ ਲਈ 4 ਤੇ 5 ਪਲੱਸ ਉਮਰ ਦੇ ਬੱਚੇ ਨੂੰ ਦਾਖਲ ਕੀਤਾ ਜਾਵੇਗਾ ਜਿਸ ਦੀ ਦਾਖਲਾ ਫੀਸ 30,000 ਰੁਪਏ ਹੋਵੇਗੀ। ਇਸੀ ਤਰ੍ਹਾਂ ਸੇਕਰਡ ਹਾਰਟ-26 ਵਿੱਚ 160 ਸੀਟਾਂ ਲਈ 4 ਪਲੱਸ ਬੱਚੇ ਲਈ ਦਾਖਲਾ ਫੀਸ 29,200 ਰੁਪਏ, ਸੇਂਟ ਜੌਹਨ-26 ਵਿਚ 160 ਸੀਟਾਂ ਲਈ 5 ਪਲੱਸ ਬੱਚੇ ਲਈ 30,000 ਰੁਪਏ, ਸੇਂਟ ਐਨੀਜ਼-32 ਦੀਆਂ 200 ਸੀਟਾਂ ਲਈ 4 ਪਲੱਸ ਬੱਚੇ ਦੀ ਦਾਖਲਾ ਫੀਸ 30,000 ਰੁਪਏ ਨਿਰਧਾਰਤ ਕੀਤੀ ਗਈ ਹੈ।