ਹਰਜੀਤ ਸਿੰਘ
ਡੇਰਾਬੱਸੀ, 10 ਅਗਸਤ
ਸ਼ਹਿਰ ਵਿੱਚ ਵਧ ਰਹੀ ਪਾਣੀ ਦੀ ਕਿੱਲਤ ਤੋਂ ਪ੍ਰੇਸ਼ਾਨ ਅਕਾਲੀ ਭਾਜਪਾ ਦੇ ਸਾਬਕਾ ਕੌਂਸਲਰਾਂ ਵੱਲੋਂ ਅੱਜ ਇੱਥੇ ਨਗਰ ਕੌਂਸਲ ਦੇ ਦਫ਼ਤਰ ਵਿੱਚ ਖ਼ਾਲੀ ਘੜਿਆਂ ਨਾਲ ਧਰਨਾ ਦਿੱਤਾ ਗਿਆ। ਉਨ੍ਹਾਂ ਦੋਸ਼ ਲਾਇਆ ਕਿ ਸ਼ਹਿਰ ਵਿੱਚ ਪਾਣੀ ਦੀ ਕਿੱਲਤ ਵਧਦੀ ਜਾ ਰਹੀ ਹੈ, ਪਰ ਅਧਿਕਾਰੀ ਧਿਆਨ ਨਹੀਂ ਦੇ ਰਹੇ। ਮਾਮਲਾ ਵਧਦਾ ਵੇਖ ਨਗਰ ਕੌਂਸਲ ਦੇ ਅਧਿਕਾਰੀਆਂ ਨੇ ਤਿੰਨ ਦਿਨਾਂ ਵਿੱਚ ਪਾਣੀ ਦੀ ਸਮੱਸਿਆ ਦਾ ਹੱਲ ਕਰ ਦੇਣ ਦੇ ਭਰੋਸੇ ਮਗਰੋਂ ਧਰਨਾ ਚੁੱਕਿਆ ਗਿਆ।
ਨਗਰ ਕੌਂਸਲ ਦੇ ਸਾਬਕਾ ਪ੍ਰਧਾਨ ਮਨਵਿੰਦਰ ਸਿੰਘ ਟੋਨੀ ਰਾਣਾ, ਸਾਬਕਾ ਕੌਂਸਲਰ ਹਰੀ ਓਮ ਧੀਮਾਨ, ਸਾਬਕਾ ਕੌਂਸਲਰ ਹਰਵਿੰਦਰ ਸਿੰਘ ਪਿੰਕਾ, ਸਾਬਕਾ ਕੌਂਸਲਰ ਮਨਜੀਤ ਸਿੰਘ ਬੱਬਲੂ, ਸਾਬਕਾ ਕੌਂਸਲਰ ਰਵਿੰਦਰ ਬੱਤਰਾ, ਮਹਿਲਾ ਵਿੰਗ ਦੀ ਪ੍ਰਧਾਨ ਸੁਰੇਸ਼ ਰਾਣਾ, ਅਮਰਜੀਤ ਕੌਰ ਨੇ ਦੋਸ਼ ਲਾਇਆ ਕਿ ਸ਼ਹਿਰ ਵਿੱਚ ਪਾਣੀ ਦੀ ਕਿੱਲਤ ਦੂਰ ਕਰਨ ਲਈ ਕਾਂਗਰਸ ਸਰਕਾਰ ਵੱਲੋਂ ਕੋਈ ਉਪਰਾਲਾ ਨਹੀਂ ਕੀਤਾ ਗਿਆ ਸਗੋਂ ਜਿਹੜੇ ਟਿਊਬਵੈੱਲ ਅਕਾਲੀ-ਭਾਜਪਾ ਸਰਕਾਰ ਨੇ ਲਾਏ ਸੀ ਉਨ੍ਹਾਂ ਦੀ ਸੰਭਾਲ ਨਾ ਹੋਣ ਕਾਰਨ ਉਨ੍ਹਾਂ ’ਚੋਂ ਪੰਜ ਫੇਲ੍ਹ ਹੋ ਗਏ ਹਨ। ਇਨ੍ਹਾਂ ਟਿਊਬਵੈੱਲਾਂ ਨੂੰ ਕੌਂਸਲ ਨੇ ਹੁਣ ਤੱਕ ਠੀਕ ਨਹੀਂ ਕਰਵਾਇਆ। ਸਭ ਤੋਂ ਵਧ ਪ੍ਰੇਸ਼ਾਨੀ ਮੁਬਾਰਕਪੁਰ ਖੇਤਰ ਵਿੱਚ ਹੈ। ਇਸ ਸਬੰਧੀ ਉਹ ਰੋਜ਼ਾਨਾ ਕੌਂਸਲ ਅਧਿਕਾਰੀਆਂ ਨੂੰ ਫੋਨ ਕਰ ਰਹੇ ਹਨ। ਉਨ੍ਹਾਂ ਦੱਸਿਆ ਕਿ ਅੱਜ ਜਦ ਉਹ ਕੌਂਸਲ ਦਫ਼ਤਰ ਵਿੱਚ ਇਸ ਸਮੱਸਿਆ ਲਈ ਪਹੁੰਚੇ ਤਾਂ ਮੌਕੇ ’ਤੇ ਅਧਿਕਾਰੀਆਂ ਨੇ ਕੋਈ ਤਸੱਲੀਬਖ਼ਸ਼ ਜਵਾਬ ਨਹੀਂ ਦਿੱਤਾ। ਉਨ੍ਹਾਂ ਦੋਸ਼ ਲਾਇਆ ਕੌਂਸਲ ਦੇ ਅਧਿਕਾਰੀ ਕਾਂਗਰਸੀ ਆਗੂਆਂ ਦੀ ਸ਼ਹਿ ’ਤੇ ਜਾਣ-ਬੁੱਝ ਕੇ ਪਾਣੀ ਦੀ ਕਿੱਲਤ ਦੂਰ ਨਹੀਂ ਕਰ ਰਹੇ, ਜਦਕਿ ਸ਼ਹਿਰ ਵਾਸੀ ਪ੍ਰੇਸ਼ਾਨ ਹਨ। ਇਸ ਸਬੰਧੀ ਜਦੋਂ ਨਗਰ ਕੌਂਸਲ ਦੇ ਕਾਰਜ ਸਾਧਕ ਅਫਸਰ ਜਗਜੀਤ ਸਿੰਘ ਜੱਜ ਨਾਲ ਸੰਪਰਕ ਕੀਤਾ ਤਾਂ ਉਨ੍ਹਾਂ ਕਿਹਾ ਕਿ ਉਹ ਮੀਟਿੰਗ ਵਿੱਚ ਹਨ, ਜਿਸ ਕਾਰਨ ਹਾਲੇ ਗੱਲ ਨਹੀਂਂ ਕਰ ਸਕਦੇ।
ਲਾਲੜੂ ਵਾਸੀਆਂ ਵੱਲੋਂ ਪ੍ਰਦਰਸ਼ਨ
ਲਾਲੜੂ (ਸਰਬਜੀਤ ਸਿੰਘ ਭੱਟੀ): ਭਾਰੀ ਗਰਮੀ ਦੌਰਾਨ ਨਗਰ ਕੌਂਸਲ ਲਾਲੜੂ ਦੇ ਵਾਰਡ ਨੰਬਰ 13 ਵਿੱਚ ਪਿਛਲੇ ਕਰੀਬ 15-20 ਦਿਨਾਂ ਤੋਂ ਪਾਣੀ ਦੀ ਸਪਲਾਈ ਠੱਪ ਹੋਣ ਕਾਰਨ ਲੋਕ ਬੂੰਦ-ਬੂੰਦ ਨੂੰ ਤਰਸ ਰਹੇ ਹਨ। ਇਸ ਤੋਂ ਪ੍ਰੇਸ਼ਾਨ ਵਾਰਡ ਵਾਸੀਆਂ ਨੇ ਅੱਜ ਇੱਥੇ ਖ਼ਾਲੀ ਬਾਲਟੀਆਂ ਲੈ ਕੇ ਸਰਕਾਰ ਖਿਲਾਫ਼ ਪ੍ਰਦਰਸ਼ਨ ਕੀਤਾ। ਵਾਰਡ ਨਿਵਾਸੀਆਂ ਨੇ ਖਾਲੀ ਬਰਤਨ ਲੈ ਕੇ ਪ੍ਰਦਰਸ਼ਨ ਕਰਦਿਆਂ ਕੌਂਸਲ ਅਧਿਕਾਰੀਆਂ ਖਿਲਾਫ਼ ਜ਼ੋਰਦਾਰ ਨਾਅਰੇਬਾਜ਼ੀ ਕੀਤੀ।