ਪੱਤਰ ਪ੍ਰੇਰਕ
ਐਸ.ਏ.ਐਸ. ਨਗਰ (ਮੁਹਾਲੀ), 17 ਸਤੰਬਰ
ਪਿੰਡ ਬਲੌਂਗੀ ਵਿੱਚ ਗਊਸ਼ਾਲਾ ਲਈ 10 ਏਕੜ ਤੋਂ ਵੱਧ ਸ਼ਾਮਲਾਤ ਜ਼ਮੀਨ ਲੀਜ਼ ’ਤੇ ਦੇਣ ਦੇ ਮਾਮਲੇ ਨੂੰ ਲੈ ਕੇ ਚੱਲ ਰਹੇ ਵਿਵਾਦ ਦੌਰਾਨ ਬੀਤੇ ਦਿਨੀਂ ਬਲੌਂਗੀ ਪੁਲੀਸ ਵੱਲੋਂ ਹਿਰਾਸਤ ਵਿੱਚ ਲਏ ਬਲੌਂਗੀ ਦੇ ਸਾਬਕਾ ਪੰਚ ਕੇਸਰ ਸਿੰਘ ਅਤੇ ਜਰਨੈਲ ਸਿੰਘ ਨੂੰ ਅੱਜ ਮੁਹਾਲੀ ਦੇ ਐੱਸਡੀਐੱਮ ਹਰਬੰਸ ਸਿੰਘ ਦੀ ਅਦਾਲਤ ਵਿੱਚ ਪੇਸ਼ ਕੀਤਾ ਗਿਆ। ਐੱਸਡੀਐੱਮ ਨੇ ਦੋਵਾਂ ਜਣਿਆਂ ਦੀ ਜ਼ਮਾਨਤ ਮਨਜ਼ੂਰ ਕਰਨ ਤੋਂ ਬਾਅਦ ਉਨ੍ਹਾਂ ਨੂੰ ਰਿਹਾਅ ਕਰ ਦਿੱਤਾ। ਕੇਸਰ ਸਿੰਘ ਅਤੇ ਜਰਨੈਲ ਸਿੰਘ ’ਤੇ ਗਊਸ਼ਾਲਾ ਵਿੱਚ ਜਾ ਕੇ ਪ੍ਰਬੰਧਕਾਂ ਅਤੇ ਗਊਆਂ ਦੀ ਦੇਖਭਾਲ ਕਰਨ ਵਾਲੇ ਕਰਮਚਾਰੀਆਂ ਨਾਲ ਝਗੜਾ ਕਰਨ ਦਾ ਦੋਸ਼ ਹੈ ਜਦੋਂਕਿ ਇਨ੍ਹਾਂ ਦੋਵਾਂ ਨੇ ਗਊਸ਼ਾਲਾ ਪ੍ਰਬੰਧਕਾਂ ’ਤੇ ਰਸਤੇ ਵਿੱਚ ਘੇਰ ਕੇ ਗਊਸ਼ਾਲਾ ਵਿੱਚ ਲਿਜਾ ਕੇ ਉਨ੍ਹਾਂ ਨਾਲ ਝਗੜਾ ਅਤੇ ਧੱਕੇਸ਼ਾਹੀ ਕਰਨ ਦਾ ਦੋਸ਼ ਲਾਇਆ ਸੀ। ਬੀਤੀ ਦੇਰ ਸ਼ਾਮ ਦੋਵਾਂ ਨੂੰ ਪੁਲੀਸ ਵੱਲੋਂ ਹਿਰਾਸਤ ਵਿੱਚ ਲਿਆ ਗਿਆ ਸੀ ਜਿਸ ਦੇ ਵਿਰੋਧ ਵਿੱਚ ਆਜ਼ਾਦ ਗਰੁੱਪ ਦੇ ਮੈਂਬਰਾਂ ਅਤੇ ਕੇਸਰ ਸਿੰਘ ਦੇ ਸਮਰਥਕਾਂ ਨੇ ਬਲੌਂਗੀ ਥਾਣੇ ਦਾ ਘਿਰਾਓ ਕਰਕੇ ਨਾਅਰੇਬਾਜ਼ੀ ਕੀਤੀ।
ਖੂਨ ਦੀ ਜਾਂਚ ਰਿਪੋਰਟ ਦੀ ਉਡੀਕ
ਬਲੌਂਗੀ ਥਾਣੇ ਦੇ ਐੱਸਐੱਚਓ ਰਾਜਪਾਲ ਸਿੰਘ ਗਿੱਲ ਨੇ ਕੇਸਰ ਸਿੰਘ ਅਤੇ ਜਰਨੈਲ ਸਿੰਘ ਦੀ ਜ਼ਮਾਨਤ ਮਨਜ਼ੂਰ ਹੋਣ ਦੀ ਪੁਸ਼ਟੀ ਕੀਤੀ ਹੈ। ਥਾਣਾ ਮੁਖੀ ਨੇ ਕਿਹਾ ਕਿ ਝਗੜੇ ਤੋਂ ਬਾਅਦ ਕੇਸਰ ਸਿੰਘ ਅਤੇ ਉਸ ਦੇ ਸਾਥੀ ਦੇ ਖੂਨ ਅਤੇ ਪਿਸ਼ਾਬ ਦੀ ਜਾਂਚ ਲਈ ਸੈਂਪਲ ਲਏ ਗਏ ਸਨ ਪਰ ਹਾਲੇ ਤੱਕ ਜਾਂਚ ਰਿਪੋਰਟ ਨਹੀਂ ਮਿਲੀ ਹੈ। ਐਸਡੀਐਮ ਦਫ਼ਤਰ ਦੀ ਜਾਣਕਾਰੀ ਅਨੁਸਾਰ ਕੇਸਰ ਸਿੰਘ ਨੇ ਜ਼ਮਾਨਤ ਲਈ ਆਪਣੀ ਕਾਰ ਦੀ ਆਰਸੀ ਅਤੇ ਜਰਨੈਲ ਸਿੰਘ ਵੱਲੋਂ ਜ਼ਮੀਨ ਦੀ ਫਰਦ ਲਗਾਈ ਗਈ ਹੈ। ਇਸ ਤੋਂ ਇਲਾਵਾ ਦੋਵਾਂ ਦੀ ਤਰਫ਼ੋਂ 2-2 ਜ਼ਮਾਨਤੀ ਗਵਾਹ ਵੀ ਲਏ ਗਏ ਹਨ।