ਖੇਤਰੀ ਪ੍ਰਤੀਨਿਧ
ਚੰਡੀਗੜ੍ਹ, 29 ਜੁਲਾਈ
ਪੰਜਾਬ ਕੇਡਰ ਦੇ ਆਈਏਐਸ ਅਧਿਕਾਰੀ ਮਨੀਸ਼ ਕੁਮਾਰ ਦੀ ਸੈਕਟਰ 7 ਸਥਿਤ ਸਰਕਾਰੀ ਰਿਹਾਇਸ਼ ’ਤੇ ਚਾਰ ਦਿਨ ਪਹਿਲਾਂ ਹੋਈ ਚੋਰੀ ਦੇ ਸਬੰਧ ’ਚ ਚੰਡੀਗੜ੍ਹ ਪੁਲੀਸ ਨੇ ਮੁਲਜ਼ਮ ਨੂੰ ਗ੍ਰਿਫਤਾਰ ਕੀਤਾ ਹੈ। ਹਾਈ ਪ੍ਰੋਫਾਈਲ ਮਾਮਲੇ ਵਿੱਚ ਐਸਐਸਪੀ ਕੁਲਦੀਪ ਸਿੰਘ ਚਾਹਲ ਦੀਆਂ ਹਦਾਇਤਾਂ ਅਨੁਸਾਰ ਕੀਤੀ ਗਈ ਘੋਖ ਪੜਤਾਲ ਤੋਂ ਬਾਅਦ ਮੁਲਜ਼ਮ ਨੂੰ ਲੰਘੇ ਦਿਨ ਇਥੇ ਸੈਕਟਰ 26 ਸਥਿਤ ਬਾਪੂ ਧਾਮ ਕਲੋਨੀ ਦੀਆਂ ਟ੍ਰੈਫਿਕ ਲਾਈਟਾਂ ਤੋਂ ਉਸ ਵੇਲੇ ਗ੍ਰਿਫ਼ਤਾਰੀ ਕਰ ਲਿਆ ਜਦੋਂ ਉਹ ਵਰਨਾ ਕਾਰ ਰਾਹੀਂ ਚੰਡੀਗੜ੍ਹ ਤੋਂ ਭੱਜਣ ਦੀ ਕੋਸ਼ਿਸ ਕਰ ਰਿਹਾ ਸੀ। ਗ੍ਰਿਫਤਾਰ ਕੀਤੇ ਗਏ ਮੁਲਜ਼ਮ ਦੀ ਪਛਾਣ ਹਰਿਆਣਾ ਦੇ ਹਿਸਾਰ ਜ਼ਿਲ੍ਹੇ ਦੇ ਨਿਵਾਸੀ ਜਸਵਿੰਦਰ ਸਿੰਘ ਬਰਾੜ (42) ਵਜੋਂ ਹੋਈ ਹੈ। ਪੁਲੀਸ ਅਨੁਸਾਰ ਮੁਲਜ਼ਮ ਪਹਿਲਾਂ ਵੀ ਚੋਰੀ ਦੇ ਮਾਮਲੇ ’ਚ ਗ੍ਰਿਫਤਾਰ ਹੋ ਚੁੱਕਾ ਹੈ। ਜਸਵਿੰਦਰ ਸਿੰਘ ਬਰਾੜ ਇਸ ਤੋਂ ਪਹਿਲਾਂ ਹਰਿਆਣਾ ਦੀ ਜੇਲ੍ਹ ਵਿੱਚ ਜੇਲ੍ਹ ਵਾਰਡਨ ਸੀ, ਪਰ ਚੋਰੀ ਕਰਨ ਦੀ ਆਦਤ ਕਾਰਨ ਉਸ ਨੂੰ ਨੌਕਰੀ ਤੋਂ ਕੱਢ ਦਿੱਤਾ ਗਿਆ ਸੀ। ਮੁਲਜ਼ਮ ਨੇ ਪੁੱਛਗਿੱਛ ਵਿੱਚ ਦੱਸਿਆ ਕਿ ਉਹ ਦਿਨ ਵੇਲੇ ਚੰਡੀਗੜ੍ਹ ਵਿੱਚ ਘਰਾਂ ਦੀ ਰੇਕੀ ਕਰਦਾ ਸੀ ਜਿਨ੍ਹਾਂ ਘਰਾਂ ਦੇ ਗੇਟਾਂ ਦੇ ਬਾਹਰ ਕਈ-ਕਈ ਦਿਨ ਅਖਬਾਰ ਅਤੇ ਹੋਰ ਸਾਮਾਨ ਦਿਖੇ ਕੇ ਇਹ ਘੋਖ ਲੈਂਦਾ ਸੀ ਕਿ ਇਸ ਘਰ ਦੇ ਨਿਵਾਸੀ ਬਾਹਰ ਗਏ ਹੋਏ ਹਨ ਅਤੇ ਉਹ ਰਾਤ ਨੂੰ ਚੋਰੀ ਦੀਆਂ ਵਾਰਦਾਤਾਂ ਨੂੰ ਅੰਜਾਮ ਦਿੰਦਾ ਸੀ। ਪੁਲੀਸ ਨੇ ਮੁਲਜ਼ਮ ਦੇ ਕਬਜ਼ੇ ’ਚੋਂ ਚੋਰੀ ਕੀਤੇ ਗਹਿਣੇ ਅਤੇ ਹੋਰ ਸਾਮਾਨ ਵੀ ਬਰਾਮਦ ਕਰ ਲਿਆ ਹੈ।