ਆਤਿਸ਼ ਗੁਪਤਾ
ਚੰਡੀਗੜ੍ਹ, 27 ਅਗਸਤ
ਕਰੋਨਾਵਾਇਰਸ ਕਾਰਨ ਯੂਟੀ ਪ੍ਰਸ਼ਾਸਨ ਵੱਲੋਂ ਚੰਡੀਗੜ੍ਹ ਵਿੱਚ ਬਾਹਰੀ ਸੂਬਿਆਂ ਦੀਆਂ ਬੱਸਾਂ ਦੇ ਦਾਖਲੇ ’ਤੇ ਪਾਬੰਦੀ ਲਗਾਈ ਹੋਈ ਹੈ। ਇਸ ਦੇ ਬਾਵਜੂਦ ਸ਼ਹਿਰ ਵਿੱਚ ਬਾਹਰੀ ਸੂਬਿਆਂ ਦੀਆਂ ਬੱਸਾਂ ਆਮ ਵਾਂਗ ਦੌੜ ਰਹੀਆਂ ਹਨ। ਪ੍ਰਸ਼ਾਸਨ ਅਤੇ ਪੁਲੀਸ ਵਿਭਾਗ ਕਥਿਤ ਤੌਰ ’ਤੇ ਅੱਖਾਂ ਬੰਦ ਕਰੀ ਬੈਠਾ ਹੈ ਅਤੇ ਕਿਸੇ ਵੱਲੋਂ ਇਸ ਰੁਝਾਨ ਵੱਲ ਧਿਆਨ ਨਹੀਂ ਦਿੱਤਾ ਜਾ ਰਿਹਾ ਤੇ ਨਾ ਹੀ ਕੋਈ ਚੈਕਿੰਗ ਕੀਤੀ ਜਾ ਰਹੀ ਹੈ।
ਸ਼ਹਿਰ ’ਚ ਦਾਖਲ ਹੋਣ ਵਾਲੀਆਂ ਸਾਰੀਆਂ ਸੜਕਾਂ ’ਤੇ ਪੁਲੀਸ ਵੱਲੋਂ ਨਾਕਾਬੰਦੀ ਕੀਤੀ ਹੋਈ ਹੈ ਜਿਸ ਦੇ ਬਾਵਜੂਦ ਇਨ੍ਹਾਂ ਬੱਸਾਂ ਨੂੰ ਰੋਕਿਆ ਨਹੀਂ ਜਾਂਦਾ। ਸੀਟੀਯੂ ਅਨੁਸਾਰ ਚੰਡੀਗੜ੍ਹ ਦੇ ਸੈਕਟਰ-43 ਦੇ ਬੱਸ ਅੱਡੇ ਵਿੱਚ ਬਾਹਰਲੇ ਸੂਬੇ ਦੀਆਂ ਬੱਸਾਂ ਨੂੰ ਦਾਖਲ ਹੋਣ ਨਹੀਂ ਦਿੱਤਾ ਜਾਵੇਗਾ ਪਰ ਅਣਅਧਿਕਾਰਤ ਤੌਰ ’ਤੇ ਸ਼ਹਿਰ ਵਿੱਚ ਦਾਖਲ ਹੋਈਆਂ ਇਹ ਬੱਸਾਂ, ਬੱਸ ਅੱਡੇ ਦੇ ਬਾਹਰ ਹੀ ਸਵਾਰੀਆਂ ਉਤਾਰ ਅਤੇ ਚੜ੍ਹਾ ਰਹੀਆਂ ਹਨ।
‘ਪੰਜਾਬੀ ਟ੍ਰਿਬਿਊਨ’ ਦੀ ਟੀਮ ਵੱਲੋਂ ਸ਼ਹਿਰ ਵਿੱਚ ਕੀਤੇ ਗਏ ਦੌਰੇ ਦੌਰਾਨ ਦੇਖਿਆ ਗਿਆ ਕਿ ਚੰਡੀਗੜ੍ਹ ਵਿੱਚ ਪ੍ਰਾਈਵੇਟ ਕੰਪਨੀਆਂ ਦੀਆਂ ਲਗਜ਼ਰੀ ਬੱਸਾਂ ਸਮੇਤ ਪੰਜਾਬ ਰੋਡਵੇਜ਼ ਅਤੇ ਪਨਬਸ ਦੀਆਂ ਬੱਸਾਂ ਵੀ ਆ ਜਾ ਰਹੀਆਂ ਹਨ। ਦੱਸਣਯੋਗ ਹੈ ਕਿ ਅੱਜ ਰਾਜਸਥਾਨ ਨੰਬਰ ਦੀ ਇੱਕ ਬੱਸ, ਜੋ ਕਿ ਜੈਪੁਰ ਤੋਂ ਆਈ ਸੀ, ਉਹ ਚੰਡੀਗੜ੍ਹ ਦੇ ਸੈਕਟਰ-43 ਬੱਸ ਅੱਡੇ ਦੇ ਬਾਹਰ ਰੁਕੀ ਜਦਕਿ ਪੰਜਾਬ ਰੋਡਵੇਜ਼ ਦੀਆਂ ਫਾਜ਼ਿਲਕਾ ਤੋਂ ਚੰਡੀਗੜ੍ਹ ਰੂਟ ਦੀਆਂ ਬੱਸਾਂ ਵੀ ਚੰਡੀਗੜ੍ਹ ਵਿੱਚ ਵਿਖਾਈ ਦਿੱਤੀਆਂ।
ਪ੍ਰਸ਼ਾਸਨ ਵੱਲੋਂ ਲਗਾਈ ਗਈ ਪਾਬੰਦੀ ਦੇ ਬਾਵਜੂਦ ਕਿਸੇ ਵੀ ਪ੍ਰਸ਼ਾਸਨਿਕ ਅਧਿਕਾਰੀ ਵੱਲੋਂ ਇਨ੍ਹਾਂ ਬੱਸਾਂ ਦੇ ਸ਼ਹਿਰ ਵਿੱਚ ਦਾਖਲੇ ਵੇਲੇ ਚੈਕਿੰਗ ਨਹੀਂ ਕੀਤੀ ਜਾਂਦੀ। ਇਸ ਕਾਰਨ ਨਿਯਮਾਂ ਨੂੰ ਤਾਕ ’ਤੇ ਰੱਖ ਕੇ ਬਾਹਰੀ ਬੱਸਾਂ ਚੰਡੀਗੜ੍ਹ ਵਿੱਚ ਦੌੜ ਰਹੀਆਂ ਹਨ।
ਟਰਾਂਸਪੋਰਟ ਅਧਿਕਾਰੀ ਵੱਲੋਂ ਕਾਰਵਾਈ ਦੀ ਚਿਤਾਵਨੀ
ਸਟੇਟ ਟਰਾਂਸਪੋਰਟ ਅਥਾਰਿਟੀ ਦੇ ਸਕੱਤਰ ਹਰਜੀਤ ਸਿੰਘ ਸੰਧੂ ਨੇ ਕਿਹਾ ਕਿ ਚੰਡੀਗੜ੍ਹ ਵਿੱਚ ਬਾਹਰਲੇ ਸੂਬਿਆਂ ਦੀਆਂ ਬੱਸਾਂ ਦੇ ਦਾਖਲੇ ’ਤੇ ਪਾਬੰਦੀ ਲਗਾਈ ਗਈ ਹੈ। ਜੇਕਰ ਕੋਈ ਅਜਿਹੀ ਬੱਸ ਸ਼ਹਿਰ ਵਿੱਚ ਸਵਾਰੀਆਂ ਲਿਜਾਂਦੀ ਜਾਂ ਊਤਾਰਦੀ ਦਿਖਾਈ ਦਿੰਦੀ ਹੈ ਤਾਂ ਉਸ ਦੇ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇਗੀ।