ਕੁਲਦੀਪ ਸਿੰਘ
ਚੰਡੀਗੜ੍ਹ, 12 ਸਤੰਬਰ
ਭਾਰਤ ਸਰਕਾਰ ਵੱਲੋਂ ਨੈਸ਼ਨਲ ਫੂਡ ਸੇਫਟੀ ਐਕਟ ਤਹਿਤ ਗਰੀਬੀ ਰੇਖਾ ਤੋਂ ਹੇਠਾਂ ਰਹਿ ਰਹੇ ਲੋਕਾਂ ਨੂੰ ਪ੍ਰਧਾਨ ਮੰਤਰੀ ਉਜਵਲ ਯੋਜਨਾ ਤਹਿਤ ਸਿੱਧੀ ਅਦਾਇਗੀ ਦਾ ਲਾਭ ਪਹੁੰਚਾਉਣ ਵਾਸਤੇ ਸ਼ੁਰੂ ਕੀਤੀ ਗਈ ਡਾਇਰੈਕਟ ਬੈਨੀਫਿਟ ਟਰਾਂਸਫਰ (ਡੀਬੀਟੀ) ਯੋਜਨਾ ਤਹਿਤ ਯੂਟੀ ਚੰਡੀਗੜ੍ਹ ਦੇ ਫੂਡ ਸਪਲਾਈ, ਖਪਤਕਾਰ ਮਾਮਲੇ ਤੇ ਨਾਪਤੋਲ ਵਿਭਾਗ ਵੱਲੋਂ ਯੋਗ ਲਾਭਪਾਤਰੀਆਂ ਦੀ ਪਛਾਣ ਕੀਤੀ ਜਾ ਰਹੀ ਹੈ। ਇਸ ਤਹਿਤ ਅੱਜ ਸੈਕਟਰ-41 ਸਥਿਤ ਕਮਿਊਨਿਟੀ ਸੈਂਟਰ ਅਤੇ ਵਾਰਡ ਨੰਬਰ-30 ਦੇ ਕੌਂਸਲਰ ਹਰਦੀਪ ਸਿੰਘ ਬੁਟੇਰਲਾ ਦੇ ਦਫ਼ਤਰ ਵਿੱਚ ਨਾਮ ਦਰਜ ਕਰਨ ਲਈ ਪਹੁੰਚੇ ਫੂਡ ਸਪਲਾਈ ਵਿਭਾਗ ਦੇ ਇੰਸਪੈਕਟਰ ਮਨਪ੍ਰੀਤ ਕੌਰ ਦੀ ਅਗਵਾਈ ਹੇਠਲੀ ਟੀਮ ਵੱਲੋਂ ਅੱਜ ਕੈਂਪ ਲਗਾ ਕੇ ਯੋਗ ਲਾਭਪਾਤਰੀਆਂ ਦੇ ਕਾਗਜ਼ ਆਦਿ ਚੈੱਕ ਕਰਕੇ ਨਾਂ ਦਰਜ ਕੀਤੇ ਗਏ। ਇੰਸਪੈਕਟਰ ਮਨਪ੍ਰੀਤ ਕੌਰ ਨੇ ਲੋਕਾਂ ਨੂੰ ਦੱਸਿਆ ਕਿ ਸਰਕਾਰ ਦੀ ਇਸ ਸਕੀਮ ਦਾ ਲਾਭ ਲੈਣ ਵਾਲੇ ਲਾਭਪਾਤਰੀ ਦੀ ਸਾਲਾਨਾ ਆਮਦਨ ਡੇਢ ਲੱਖ ਰੁਪਏ ਤੋਂ ਘੱਟ ਹੋਣੀ ਚਾਹੀਦੀ ਹੈ। ਜੇ ਕੋਈ ਗਲਤ ਸੂਚਨਾ ਦੇ ਕੇ ਯੋਜਨਾ ਦਾ ਲਾਭ ਲੈਂਦਾ ਫੜਿਆ ਗਿਆ ਤਾਂ ਉਸ ਖ਼ਿਲਾਫ਼ ਕਾਰਵਾਈ ਹੋਵੇਗੀ।