ਖੇਤਰੀ ਪ੍ਰਤੀਨਿਧ
ਐਸ.ਏ.ਐਸ.ਨਗਰ (ਮੁਹਾਲੀ), 2 ਨਵੰਬਰ
ਮੁਹਾਲੀ ਬਲਾਕ ਦੇ ਡੇਂਗੂ ਬੁਖਾਰ ਤੋਂ ਪ੍ਰਭਾਵਿਤ ਪਿੰਡਾਂ ਵਿੱਚ ਫੌਗਿੰਗ ਆਰੰਭੀ ਗਈ ਹੈ। ਪੰਚਾਇਤ ਵਿਭਾਗ ਵੱਲੋਂ ਪਿੰਡ ਬਹਿਲੋਲਪੁਰ, ਜੁਝਾਰ ਨਗਰ, ਬੜ੍ਹਮਾਜਰਾ, ਬੜ੍ਹਮਾਜਰਾ ਕਲੋਨੀ, ਬਲੌਂਗੀ ਅਤੇ ਬਲੌਂਗੀ ਕਲੋਨੀ ਅਤੇ ਨਾਲ ਲੱਗਦੇ ਹੋਰ ਪਿੰਡਾਂ ਵਿੱਚ ਡੇਂਗੂ ਅਤੇ ਚਿਕਨਗੁਨੀਆ ਤੋਂ ਬਚਾਅ ਲਈ ਫੌਗਿੰਗ ਕਰਵਾਈ ਗਈ ਹੈ। ਮੁਹਾਲੀ ਦੀ ਬੀਡੀਪੀਓ ਪ੍ਰਨੀਤ ਕੌਰ ਨੇ ਦੱਸਿਆ ਕਿ ਪਿੰਡਾਂ ਦੇ ਸਰਪੰਚਾਂ, ਪੰਚਾਇਤ ਸਕੱਤਰਾਂ ਅਤੇ ਜੀਆਰਐੱਸ ਨੂੰ ਛੱਪੜਾਂ ਅਤੇ ਨਾਲਿਆਂ ਵਿੱਚ ਕਾਲਾ ਤੇਲ ਪਾਉਣ ਅਤੇ ਲੋਕਾਂ ਨੂੰ ਡੇਂਗੂ ਅਤੇ ਚਿਕਨਗੁਨੀਆ ਤੋਂ ਬਚਾਅ ਲਈ ਜਾਗਰੂਕ ਕਰਨ ਲਈ ਹਦਾਇਤਾਂ ਦਿੱਤੀਆਂ ਗਈਆਂ ਹਨ। ਉਨ੍ਹਾਂ ਦੱਸਿਆ ਕਿ ਲੋਕਾਂ ਨੂੰ ਆਪਣੇ ਆਲੇ-ਦੁਆਲੇ ਨੂੰ ਸਾਫ਼ ਸੁਥਰਾ ਰੱਖਣ, ਘਰਾਂ ਜਾਂ ਘਰਾਂ ਦੇ ਬਾਹਰ ਪਾਣੀ ਨਾ ਰੋਕਣ ਲਈ ਕਿਹਾ ਗਿਆ ਹੈ। ਬੀਡੀਪੀਓ ਨੇ ਖ਼ੁਦ ਵੀ ਪਿੰਡਾਂ ਦਾ ਦੌਰਾ ਕੀਤਾ।