ਆਤਿਸ਼ ਗੁਪਤਾ
ਚੰਡੀਗੜ੍ਹ, 6 ਫਰਵਰੀ
ਪੰਜਾਬ ਅਤੇ ਹਰਿਆਣਾ ਦੀ ਰਾਜਧਾਨੀ ਵਿੱਚ ਕਈ ਦਿਨਾਂ ਦੀ ਬੱਦਲਵਾਈ ਤੋਂ ਬਾਅਦ ਨਿਕਲੀ ਧੁੱਪ ਨਾਲ ਲੋਕਾਂ ਨੂੰ ਠੰਢ ਤੋਂ ਰਾਹਤ ਮਿਲੀ। ਲੋਕ ਘਰਾਂ ’ਚੋਂ ਪਰਿਵਾਰਾਂ ਨਾਲ ਸੈਰਸਪਾਟੇ ਲਈ ਨਿਕਲ ਗਏ। ਅੱਜ ਸਵੇਰ ਤੋਂ ਹੀ ਚੰਡੀਗੜ੍ਹ ਦੀ ਪ੍ਰਸਿੱਧ ਥਾਂ ਸੁਖਨਾ ਝੀਲ ’ਤੇ ਲੋਕਾਂ ਦੀ ਭਾਰੀ ਭੀੜ ਰਹੀ। ਲੋਕਾਂ ਨੇ ਵੱਡੀ ਗਿਣਤੀ ਵਿੱਚ ਆਪਣੇ ਪਰਿਵਾਰ ਨਾਲ ਇਥੇ ਪਹੁੰਚ ਕੇ ਮੌਸਮ ਦਾ ਆਨੰਦ ਮਾਣਿਆ। ਇਸੇ ਦੌਰਾਨ ਸ਼ਹਿਰ ਵਾਸੀਆਂ ਨੇ ਕਰੋਨਾ ਨਿਯਮਾਂ ਦੀ ਜੰਮ ਕੇ ਧੱਜੀਆਂ ਉਡਾਈਆਂ। ਝੀਲ ’ਤੇ ਤਾਇਨਾਤ ਪੁਲੀਸ ਮੁਲਾਜ਼ਮ ਮੂਕਦਰਸ਼ਕ ਬਣ ਸਭ ਦੇਖਦੇ ਰਹੇ।
ਯੂਟੀ ਪ੍ਰਸ਼ਾਸਨ ਨੇ ਕਰੋਨਾਵਾਇਰਸ ਦੇ ਪਸਾਰ ਦੇ ਚਲਦਿਆਂ ਰੌਕ ਗਾਰਡਨ ਅਤੇ ਬਰਡ ਪਾਰਕ ਨੂੰ ਬੰਦ ਕੀਤਾ ਹੋਇਆ ਹੈ, ਜਦੋਂ ਕਿ ਸੁਖਨਾ ਝੀਲ ਅਤੇ ਰੋਜ਼ ਗਾਰਡਨ ਨੂੰ ਆਮ ਲੋਕਾਂ ਲਈ ਖੋਲ੍ਹਣ ਦੀ ਪ੍ਰਵਾਨਗੀ ਦੇ ਦਿੱਤੀ ਹੈ। ਇਸ ਕਾਰਨ ਐਤਵਾਰ ਨੂੰ ਸਾਫ਼ ਮੌਸਮ ਹੋਣ ਕਰਕੇ ਸ਼ਹਿਰ ਵਾਸੀ ਸੁਖਨਾ ਝੀਲ ’ਤੇ ਆਨੰਦ ਲੈਣ ਪਹੁੰਚੇ। ਇਸ ਦੌਰਾਨ ਵੱਡੀ ਗਿਣਤੀ ਵਿੱਚ ਲੋਕਾਂ ਨੇ ਨਾ ਮਾਸਕ ਪਾਇਆ ਹੋਇਆ ਸੀ ਅਤੇ ਨਾ ਹੀ ਸਮਾਜਿਕ ਦੁੂਰੀ ਦੇ ਨਿਯਮਾਂ ਦੀ ਪਾਲਣਾ ਕੀਤੀ ਜਾ ਰਹੀ ਸੀ। ਝੀਲ ’ਤੇ ਤਾਇਨਾਤ ਪੁਲੀਸ ਮੁਲਾਜ਼ਮ ਲੋਕਾਂ ਨੂੰ ਨਿਯਮਾਂ ਦੀ ਪਾਲਣਾ ਕਰਨ ਲਈ ਕਹਿ ਰਹੇ ਸਨ ਪਰ ਲੋਕ ਬੇਪ੍ਰਵਾਹ ਫੋਟੋਆਂ ਖਿੱਚਣ ਦੇ ਬਹਾਨੇ ਨਿਯਮਾਂ ਨੂੰ ਛਿੱਕੇ ਟੰਗ ਰਹੇ ਸਨ।
ਸੁਖਨਾ ਝੀਲ ’ਤੇ ਵੱਧ ਰਹੀ ਲੋਕਾਂ ਦੀ ਭੀੜ ਨੂੰ ਦੇਖਦਿਆਂ ਅਖੀਰ ਚੰਡੀਗੜ੍ਹ ਪੁਲੀਸ ਨੂੰ ਸਖ਼ਤੀ ਕਰਨੀ ਪਈ। ਉਨ੍ਹਾਂ ਨੇ ਯੂਟੀ ਗੈਸਟ ਹਾਉਸ ਦੇ ਨਜ਼ਦੀਕ ਅਤੇ ਦੂਜੇ ਪਾਸੇ ਬਰਡ ਪਾਰਕ ਦੇ ਮੋੜ ’ਤੇ ਬੈਰੀਕੇਟਿੰਗ ਕਰਕੇ ਰਾਹ ਬੰਦ ਕਰ ਦਿੱਤਾ। ਇਸ ਦੌਰਾਨ ਪੁਲੀਸ ਨੇ ਵਾਹਨਾਂ ਨੂੰ ਝੀਲ ਵੱਲ ਜਾਣ ਤੋਂ ਰੋਕਿਆ ਤਾਂ ਜੋ ਭੀੜ ਨੂੰ ਰੋਕਿਆ ਜਾ ਸਕੇ ਪਰ ਇਸ ਦੇ ਬਾਵਜੂਦ ਲੋਕ ਵਾਹਨਾਂ ਨੂੰ ਦੁੂਰ ਖੜੇ ਕਰਕੇ ਹੀ ਝੀਲ ’ਤੇ ਪਹੁੰਚ ਰਹੇ ਸਨ। ਇਸੇ ਤਰ੍ਹਾਂ ਦਾ ਹਾਲ ਰੋਜ਼ ਗਾਰਡਨ, ਸੈਕਟਰ-22 ਦੀ ਮੋਬਾਈਲ ਮਾਰਕੀਟ ਅਤੇ ਏਲਾਂਤੇ ਮਾਲ ਵਿੱਚ ਵੀ ਦੇਖਣ ਨੂੰ ਮਿਲਿਆ। ਉੱਥੇ ਵੀ ਵੱਡੀ ਗਿਣਤੀ ਵਿੱਚ ਲੋਕ ਪਹੁੰਚੇ ਹੋਏ ਸਨ।
ਗੌਰਤਲਬ ਹੈ ਕਿ ਯੂਟੀ ਪ੍ਰਸ਼ਾਸਨ ਵੱਲੋਂ ਵਾਰ-ਵਾਰ ਲੋਕਾਂ ਨੂੰ ਕਰੋਨਾ ਨਿਯਮਾਂ ਦੀ ਪਾਲਣਾ ਕਰਨ ਦੀ ਅਪੀਲ ਕੀਤੀ ਜਾ ਰਹੀ ਹੈ। ਪ੍ਰਸ਼ਾਸਨ ਦਾ ਕਹਿਣਾ ਹੈ ਕਿ ਕਰੋਨਾਵਾਇਰਸ ਦੇ ਕੇਸਾਂ ਦੀ ਗਿਣਤੀ ਭਾਵੇਂ ਘੱਟ ਗਈ ਹੈ ਪਰ ਖਤਰਾ ਹਾਲੇ ਟਲਿਆ ਨਹੀਂ ਹੈ। ਪ੍ਰਸ਼ਾਸਨ ਵੱਲੋਂ ਲੋਕਾਂ ਨੂੰ ਘਰੋਂ ਬਾਹਰ ਨਿਕਲਣ ਸਮੇਂ ਮਾਸਕ ਦੀ ਵਰਤੋਂ ਕਰਨ ਅਤੇ ਸਮਾਜਿਕ ਦੁੂਰੀ ਦੇ ਨਿਯਮਾਂ ਦੀ ਸਖਤੀ ਨਾਲ ਪਾਲਣਾ ਕਰਨ ਲਈ ਪ੍ਰੇਰਿਆ ਜਾ ਰਿਹਾ ਹੈ। ਦੂਜੇ ਪਾਸੇ ਚੰਡੀਗੜ੍ਹ ਪੁਲੀਸ ਵੀ ਨਿਯਮਾਂ ਦੀ ਪਾਲਣਾ ਨਾ ਕਰਨ ਵਾਲਿਆਂ ਖ਼ਿਲਾਫ਼ ਸਖਤ ਕਾਰਵਾਈ ਕਰ ਰਹੀ ਹੈ।