ਮਿਹਰ ਸਿੰਘ
ਕੁਰਾਲੀ, 29 ਜੂਨ
ਪਹਾੜੀ ਖੇਤਰ ਵਿੱਚ ਅੱਜ ਪਏ ਮੀਂਹ ਦਾ ਪਾਣੀ ਹੇਠਲੇ ਪਿੰਡਾਂ ਵਿੱਚ ਆਉਣ ਕਾਰਨ ਪਹਾੜੀ ਖੇਤਰ ਦੇ ਪਿੰਡ ਪੰਜਾਬ ਨਾਲੋਂ ਕੱਟੇ ਗਏ। ਬਲਾਕ ਮਾਜਰੀ ਦੇ ਸ਼ਿਵਾਲਿਕ ਦੀਆਂ ਪਹਾੜੀਆਂ ਵਿੱਚ ਵਸੇ ਪਿੰਡ ਤਾਰਾਪੁਰ ਬੇਲਾ ਦਾ ਕਾਜ਼ਵੇਅ ਅੱਜ ਝਾੜੀਆਂ ਫਸਣ ਕਾਰਨ ਬੰਦ ਹੋ ਗਿਆ ਜਿਸ ਕਾਰਨ ਪਿੰਡ ਵਿੱਚ ਹੜ੍ਹ ਵਰਗੀ ਸਥਿਤੀ ਬਣ ਗਈ।
ਪਿੰਡ ਦੇ ਵਸਨੀਕਾਂ ਪ੍ਰੀਤਮ ਚੰਦ, ਸੁਰਮੁੱਖ ਸਿੰਘ, ਮੱਖਣ ਸਿੰਘ, ਸ਼ਿਵ ਰਾਮ, ਪਰਸ ਰਾਮ, ਦਾਸ ਰਾਮ ਅਤੇ ਹੋਰਨਾਂ ਨੇ ਦੱਸਿਆ ਮੀਆਂਪੁਰ ਚੰਗਰ ਤੋਂ ਉਨ੍ਹਾਂ ਦੇ ਪਿੰਡ ਨੂੰ ਆਉਣ ਵਾਲੇ ਰਸਤੇ ਵਿੱਚ ਪੈਂਦੀ ਨਦੀ ਉੱਤੇ ਕਾਜ਼ਵੇਅ ਬਣਾਇਆ ਗਿਆ ਹੈ। ਉਨ੍ਹਾਂ ਦੱਸਿਆ ਕਿ ਪਿਛਲੇ ਸਾਲਾਂ ਵਾਂਗ ਹੀ ਅੱਜ ਤੜਕਸਾਰ ਪਹਾੜੀ ਖੇਤਰ ਵਿੱਚ ਹੋਈ ਬਾਰਸ਼ ਦੇ ਤੇਜ਼ ਵਹਾਅ ਵਾਲੇ ਪਾਣੀ ਨਾਲ ਹੜ੍ਹ ਕੇ ਉੱਪਰੋਂ ਆਈ ਲੱਕੜ ਅਤੇ ਝਾੜੀਆਂ ਕਾਜ਼ਵੇਅ ਦੇ ਮੋਘਿਆਂ ਵਿੱਚ ਫਸ ਗਈਆਂ ਅਤੇ ਪਾਣੀ ਦਾ ਰਸਤਾ ਬੰਦ ਹੋਣ ਕਾਰਨ ਪਾਣੀ ਪਿੰਡ ਵਿੱਚ ਦਾਖਲ ਹੋ ਗਿਆ। ਉਨ੍ਹਾਂ ਕਿਹਾ ਕਿ ਇਸ ਕਾਰਨ ਸੜਕ, ਪਸ਼ੂਆਂ ਦੇ ਵਾੜਿਆਂ ਤੇ ਫਸਲਾਂ ਦਾ ਕਾਫੀ ਨੁਕਸਾਨ ਹੋਇਆ ਹੈ। ਉਨ੍ਹਾਂ ਕਿਹਾ ਕਿ ਇਸ ਕਾਰਨ ਇੱਕ ਮੱਝ ਤੇਜ਼ ਪਾਣੀ ਦੇ ਵਹਾਅ ਵਿੱਚ ਵਹਿ ਗਈ ਜਿਸ ਨੂੰ ਪਿੰਡ ਵਾਸੀਆਂ ਨੇ ਕਾਫੀ ਮੁਸ਼ੱਕਤ ਤੋਂ ਬਾਅਦ ਬਚਾਇਆ। ਇਸੇ ਦੌਰਾਨ ਸੜਕ ਦਾ ਕੁਝ ਹਿੱਸਾ ਵੀ ਬਾਰਸ਼ ਦੇ ਪਾਣੀ ਕਾਰਨ ਹੜ੍ਹ ਗਿਆ ਜਦਕਿ ਬਿਜਲੀ ਦੇ ਕਈ ਖੰਭੇ ਟੁੱਟਣ ਕਾਰਨ ਬਿਜਲੀ ਸਪਲਾਈ ਵੀ ਬੰਦ ਹੋ ਗਈ।
ਕਾਜ਼ਵੇਅ ਨੂੰ ਹਟਾ ਕੇ ਵੱਡੀਆਂ ਪੁਲੀਆਂ ਉਸਾਰਨ ਦੀ ਮੰਗ
ਪਿੰਡ ਵਾਸੀ ਪ੍ਰੀਤਮ ਚੰਦ ਅਤੇ ਹੋਰਨਾਂ ਪਿੰਡ ਵਾਸੀਆਂ ਨੇ ਦੱਸਿਆ ਕਿ ਪਿਛਲੇ ਸਾਲਾਂ ਦੌਰਾਨ ਕਾਜ਼ੇਵਅ ਕਾਰਨ ਹੋਏ ਨੁਕਸਾਨ ਨੂੰ ਦੇਖਣ ਲਈ ਆਗੂ ਆਏ ਸਨ। ਉਨ੍ਹਾਂ ਕਿਹਾ ਕਿ ਸਾਲਾਂ ਦਾ ਲੰਮਾਂ ਸਮਾਂ ਬੀਤਣ ਤੋਂ ਬਾਅਦ ਵੀ ਉਨ੍ਹਾਂ ਦੀ ਸਮੱਸਿਆ ਜਿਉਂ ਦੀ ਤਿਉਂ ਹੈ ਜਦਕਿ ਇਸ ਵਾਰ ਵੀ ਉਨ੍ਹਾਂ ਦੇ ਘਰਾਂ ਤੇ ਫਸਲਾਂ ਦਾ ਭਾਰੀ ਨੁਕਸਾਨ ਕਾਜ਼ਵੇਅ ਕਾਰਨ ਲਗਾਤਾਰ ਹੁੰਦਾ ਆ ਰਿਹਾ ਹੈ। ਪਿੰਡ ਵਾਸੀਆਂ ਨੇ ਇਨ੍ਹਾਂ ਕਾਜ਼ਵੇਅ ਨੂੰ ਹਟਾ ਕੇ ਵੱਡੇ ਆਕਾਰ ਦੀਆਂ ਪੁਲੀਆਂ ਬਣਾਉਣ ਅਤੇ ਸਮੱਸਿਆ ਦੇ ਹੱਲ ਲਈ ਠੋਸ ਕਦਮ ਚੁੱਕੇ ਜਾਣ ਦੀ ਮੰਗ ਕੀਤੀ ਹੈ। ਪਿੰਡ ਵਾਸੀਆਂ ਨੇ ਵਿਧਾਇਕਾ ਅਨਮੋਲ ਗਗਨ ਮਾਨ ਨੂੰ ਅਪੀਲ ਕੀਤੀ ਕਿ ਉਹ ਸਮੱਸਿਆ ਦੇ ਹੱਲ ਲਈ ਪਿੰਡ ਦਾ ਦੌਰਾ ਕਰਨ ਤੇ ਮਾਮਲਾ ਸਰਕਾਰ ਤੱਕ ਪਹੁੰਚਾ ਕੇ ਇਸ ਦੇ ਹੱਲ ਲਈ ਉਪਰਾਲਾ ਕੀਤਾ ਜਾਵੇ।