ਮੁਕੇਸ਼ ਕੁਮਾਰ
ਚੰਡੀਗੜ੍ਹ, 10 ਨਵੰਬਰ
ਕੇਂਦਰ ਸਰਕਾਰ ਦੀ ਕਿਫ਼ਾਇਤੀ ਕਿਰਾਇਆ ਹਾਊਸਿੰਗ ਕੰਪਲੈਕਸ ਯੋਜਨਾ ਅਧੀਨ ਇਥੋਂ ਦੇ ਸੈਕਟਰ-52 ਅਤੇ 56 ਸਥਿਤ ਟੀਨ ਸ਼ੈੱਡ ਕਲੋਨੀ ਦੇ ਵਾਸੀਆਂ ਨੂੰ ਹਾਊਸਿੰਗ ਬੋਰਡ ਵੱਲੋਂ ਮਲੌਆ ਪਿੰਡ ਵਿੱਚ ਬਣਾਏ ਗਏ ਈਡਬਲਿਊਐੱਸ ਫਲੈਟਾਂ ਵਿੱਚ ਕਿਰਾਏ ਦੇ ਆਧਾਰ ’ਤੇ ਸ਼ਿਫਟ ਕਰਨ ਲਈ ਅੱਜ ਲਾਭਪਾਤਰੀਆਂ ਲਈ ਪਹਿਲੇ ਗੇੜ ਦੇ ਡਰਾਅ ਕੱਢੇ ਗਏ। ਚੰਡੀਗੜ੍ਹ ਦੇ ਮੁੱਖ ਜੰਗਲਾਤ ਅਧਿਕਾਰੀ ਦਵੇਂਦਰ ਦਲਾਈ ਦੀ ਦੇਖਰੇਖ ਹੇਠ ਇਸ ਯੋਜਨਾ ਤਹਿਤ 352 ਲਾਭਪਾਤਰੀਆਂ ਨੂੰ ਕਿਰਾਏ ਦੇ ਅਧਾਰ ’ਤੇ ਫਲੈਟ ਅਲਾਟ ਕੀਤੇ ਗਏ। ਇਨ੍ਹਾਂ ਵਿੱਚ 11 ਜਣਿਆਂ ਨੂੰ ਅਪੰਗ ਹੋਣ ਕਾਰਨ ਪਹਿਲ ਦੇ ਆਧਾਰ ’ਤੇ ਗਰਾਊਂਡ ਫਲੋਰ ਵਾਲੇ ਫਲੈਟ ਅਲਾਟ ਕੀਤੇ ਗਏ। ਡਰਾਅ ਵਿੱਚ ਪੂਰੀ ਪਾਰਦਰਸ਼ਤਾ ਵਰਤੀ ਗਈ ਅਤੇ ਇਸ ਪ੍ਰਕਿਰਿਆ ਨੂੰ ਯੂਟਿਊਬ ’ਤੇ ਸਿੱਧਾ ਪ੍ਰਸਾਰਿਤ ਕੀਤਾ ਗਿਆ।
ਹਾਊਸਿੰਗ ਬੋਰਡ ਵੱਲੋਂ ਇਥੇ ਸੈਕਟਰ-52 ਦੀ ਟੀਨ ਸ਼ੈੱਡ ਕਲੋਨੀ ਵਿਚ ਵੀ ਡਿਸਪਲੇਅ ਵੈਨ ਰਾਹੀਂ ਡਰਾਅ ਪ੍ਰਕਿਰਿਆ ਦੇ ਸਿੱਧੇ ਪ੍ਰਸਾਰਨ ਦੀ ਵਿਵਸਥਾ ਕੀਤੀ ਗਈ ਸੀ। ਇਸ ਡਰਾਅ ਦੇ ਸਫਲ ਲਾਭਪਾਤਰੀਆਂ ਨੂੰ 12 ਨਵੰਬਰ ਨੂੰ ਅਲਾਟਮੈਂਟ ਪੱਤਰ ਅਤੇ ਕਬਜ਼ੇ ਸਬੰਧੀ ਜ਼ਰੂਰੀ ਕਾਗਜ਼ਾਤ ਜਾਰੀ ਕੀਤੇ ਜਾਣਗੇ। ਇਸ ਮਗਰੋਂ ਦੀਵਾਲੀ ਤੋਂ ਬਾਅਦ 17 ਨਵੰਬਰ ਨੂੰ ਇਨ੍ਹਾਂ ਫਲੈਟਾਂ ਦਾ ਕਬਜ਼ਾ ਦੇਣ ਦੀ ਕਾਰਵਾਈ ਸ਼ੁਰੂ ਕਰ ਦਿੱਤੀ ਜਾਵੇਗਾ। ਲਾਭਪਾਤਰੀਆਂ ਨੂੰ ਕਬਜ਼ਾ ਮਿਲਣ ਤੋਂ ਤਿੰਨ ਦਿਨ ਦੇ ਅੰਦਰ ਟੀਨ ਸ਼ੈੱਡ ਨੂੰ ਖਾਲੀ ਕਰਕੇ ਆਪਣੇ ਫਲੈਟ ਵਿੱਚ ਸ਼ਿਫਟ ਹੋਣਾ ਪਏਗਾ। ਇਸ ਤੋਂ ਬਾਅਦ ਟੀਨ ਸ਼ੈੱਡ ਕਲੋਨੀ ਦੇ ਲਾਭਪਾਤਰੀਆਂ ਲਈ ਅਗਲੇ ਪੜਾਅ ਅਨੁਸਾਰ 25 ਨਵੰਬਰ ਅਤੇ 2 ਅਤੇ 10 ਦਸੰਬਰ ਨੂੰ ਡਰਾਅ ਕੱਢੇ ਜਾਣਗੇ। ਫਲੈਟਾਂ ਨੂੰ ਮਾਸਿਕ ਕਿਰਾਏ ਦੇ ਆਧਾਰ ’ਤੇ ਅਲਾਟ ਕੀਤਾ ਜਾ ਰਿਹਾ ਹੈ। ਅਲਾਟੀ ਨੂੰ ਫਲੈਟ ਲਈ ਤਿੰਨ ਹਜ਼ਾਰ ਰੁਪਏ ਮਹੀਨਾ ਕਿਰਾਇਆ ਦੇਣਾ ਹੋਵੇਗਾ ਅਤੇ ਬਿਜਲੀ ਤੇ ਪਾਣੀ ਸਮੇਤ ਹੋਰ ਖਰਚੇ ਵੱਖਰੇ ਹੋਣਗੇ।
ਯੋਜਨਾ ਤੋਂ ਵਾਂਝੇ ਵਸਨੀਕਾਂ ਨੂੰ ਮਿਲੇਗਾ ਇਕ ਹੋਰ ਮੌਕਾ
ਹਾਊਸਿੰਗ ਬੋਰਡ ਵੱਲੋਂ ਸੈਕਟਰ-52 ਅਤੇ 56 ਵਿੱਚ ਪ੍ਰੀ-ਫੈਬਰੀਕੇਟਿਡ ਸ਼ੈੱਡਾਂ ਦੇ ਉਨ੍ਹਾਂ ਵਸਨੀਕਾਂ ਨੂੰ ਇੱਕ ਹੋਰ ਮੌਕਾ ਦਿੱਤਾ ਜਾ ਰਿਹਾ ਹੈ ਜਿਹੜੇ ਕਿਸੇ ਕਾਰਨ ਇਸ ਯੋਜਨਾ ਅਨੁਸਾਰ ਆਪਣੀ ਅਰਜ਼ੀ ਬੋਰਡ ਵਲੋਂ ਲਗਾਏ ਗਏ ਕੈਂਪ ਵਿੱਚ ਜਮ੍ਹਾਂ ਨਹੀਂ ਕਰਵਾ ਸਕੇ ਸਨ। ਹਾਊਸਿੰਗ ਬੋਰਡ ਵੱਲੋਂ ਇਸ ਸਹੂਲਤ ਲਈ ਆਖ਼ਰੀ ਮੌਕਾ ਦੇਣ ਲਈ 12 ਨਵੰਬਰ ਨੂੰ ਹਾਊਸਿੰਗ ਬੋਰਡ ਦੇ ਦਫਤਰ ਵਿੱਚ ਦੁਪਹਿਰ ਬਾਅਦ 2 ਵਜੇ ਕੈਂਪ ਲਗਾਇਆ ਜਾ ਰਿਹਾ ਹੈ।