ਹਰਜੀਤ ਸਿੰਘ
ਜ਼ੀਰਕਪੁਰ, 5 ਅਗਸਤ
ਬਲਟਾਣਾ ਅਧੀਨ ਪੈਂਦੇ ਰਵਿੰਦਰਾ ਐਨਕਲੇਵ-4 ਵਿੱਚ ਬਿਜਲੀ ਦੀ ਲਮਕਦੀ ਤਾਰਾਂ ਖ਼ਿਲਾਫ਼ ਅੱਜ ਕਲੋਨੀ ਵਾਸੀਆਂ ਨੇ ਰੋਸ ਪ੍ਰਦਰਸ਼ਨ ਕੀਤਾ। ਇਸ ਮੌਕੇ ਮੁਜ਼ਹਰਾਕਾਰੀ ਔਰਤਾਂ ਨੇ ਦੱਸਿਆ ਕਿ ਬਿਜਲੀ ਦੀ ਨੀਵੀਆਂ ਤਾਰਾਂ ਹਾਦਸਿਆਂ ਨੂੰ ਸੱਦਾ ਦੇ ਰਹੀਆਂ ਹਨ ਜਿਸ ਕਾਰਨ ਕਲੋਨੀ ਦੇ ਵਸਨੀਕ ਹਰ ਵੇਲੇ ਸਹਿਮੇ ਰਹਿੰਦੇ ਹਨ।
ਇਸ ਸਬੰਧੀ ਕਲੋਨੀ ਵਾਸੀ ਅੰਜਲੀ ਖੁਰਾਨਾ, ਹਿਮਾਂਸ਼ੀ ਖੁਰਾਨਾ, ਪੂਨਮ, ਸੋਮਾ ਸਣੇ ਹੋਰਨਾਂ ਨੇ ਦੱਸਿਆ ਕਿ ਕਲੋਨੀ ਵਿੱਚ ਥਾਂ ਥਾਂ ਬਿਜਲੀ ਦੀ ਤਾਰਾਂ ਲਮਕ ਰਹੀਆਂ ਹਨ ਜਿਨ੍ਹਾਂ ਦੀ ਲਪੇਟ ਵਿੱਚ ਆ ਕੇ ਵੱਡਾ ਹਾਦਸਾ ਵਾਪਰ ਸਕਦਾ ਹੈ ਤੇ ਜਾਨੀ ਨੁਕਸਾਨ ਵੀ ਹੋ ਸਕਦਾ ਹੈ। ਉਨ੍ਹਾਂ ਕਿਹਾ ਕਿ ਲੰਘੇ ਦਿਨੀਂ ਵੀਆਈਪੀ ਰੋਡ ’ਤੇ ਬਿਜਲੀ ਦੀ ਤਾਰਾਂ ਦੀ ਲਪੇਟ ਵਿੱਚ ਆ ਕੇ ਇਕ ਨੌਜਵਾਨ ਦੀ ਮੌਤ ਹੋ ਗਈ ਸੀ। ਇਸ ਦੇ ਬਾਵਜੂਦ ਪਾਵਰਕੌਮ ਦੇ ਅਧਿਕਾਰੀ ਜਾਗਰੂਕ ਨਹੀਂ ਹੋਏ। ਉਹ ਲੰਮੇ ਸਮੇਂ ਤੋਂ ਬਿਜਲੀ ਦੀ ਤਾਰਾਂ ਦੀ ਸਮੱਸਿਆ ਨੂੰ ਹੱਲ ਕਰਨ ਦੀ ਮੰਗ ਕਰ ਰਹੇ ਹਨ। ਅੰਜਲੀ ਖੁਰਾਨਾ ਨੇ ਦੱਸਿਆ ਕਿ ਉਸ ਦੇ ਘਰ ਦੇ ਸਾਹਮਣੇ ਦੋ ਬਿਜਲੀ ਦੇ ਖੰਭੇ ਹਨ ਜਿਨ੍ਹਾਂ ’ਤੇ ਲੱਗੇ ਬਿਜਲੀ ਦੇ ਮੀਟਰ ਕਾਫੀ ਨੀਵੇਂ ਹਨ ਅਤੇ ਬਿਜਲੀ ਦੇ ਜੋੜ ਵੀ ਖੁੱਲ੍ਹੇ ਪਏ ਹਨ। ਇਥੇ ਕੋਈ ਵੀ ਵਿਅਕਤੀ ਜਾਂ ਬੱਚਾ ਬਿਜਲੀ ਦੀ ਤਾਰਾਂ ਦੀ ਲਪੇਟ ਵਿੱਚ ਆ ਕੇ ਹਾਦਸੇ ਦਾ ਸ਼ਿਕਾਰ ਹੋ ਸਕਦਾ ਹੈ। ਇਨ੍ਹਾਂ ਔਰਤਾਂ ਨੇ ਦੱਸਿਆ ਕਿ ਕਲੋਨੀ ਵਿੱਚ ਸਾਫ਼-ਸਫਾਈ ਦੇ ਨਾਕਸ ਪ੍ਰਬੰਧ ਹਨ। ਥਾਂ-ਥਾਂ ਕੂੜੇ ਦੇ ਢੇਰ ਲੱਗੇ ਹਨ।
ਐੱਸਡੀਓ ਵੱਲੋਂ ਸਮੱਸਿਆ ਦੇ ਹੱਲ ਦਾ ਭਰੋਸਾ
ਪਾਵਰਕੌਮ ਦੇ ਐੱਸਡੀਓ ਪ੍ਰਦੀਪ ਕੁਮਾਰ ਨੇ ਦੱਸਿਆ ਕਿ ਬਿਜਲੀ ਦੀ ਲਮਕਦੀਆਂ ਤਾਰਾਂ ਦੀ ਸਮੱਸਿਆ ਛੇਤੀ ਹੀ ਹੱਲ ਕਰਵਾ ਦਿੱਤੀ ਜਾਵੇਗੀ। ਇਸੇ ਦੌਰਾਨ ਨਗਰ ਕੌਂਸਲ ਦੇ ਪ੍ਰਧਾਨ ਉਦੈਵੀਰ ਸਿੰਘ ਢਿੱਲੋਂ ਨੇ ਦੱਸਿਆ ਕਿ ਕਲੋਨੀ ਵਿੱਚ ਸਾਫ਼-ਸਫਾਈ ਦੇ ਪ੍ਰਬੰਧ ਦਰੁਸਤ ਕਰਵਾਏ ਜਾਣਗੇ।