ਹਰਜੀਤ ਸਿੰਘ
ਜ਼ੀਰਕਪੁਰ/ਡੇਰਾਬੱਸੀ, 12 ਜਨਵਰੀ
ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਪੁਲੀਸ ਵੱਲੋਂ ਅੱਜ ਸਬ ਡਿਵੀਜ਼ਨ ਵਿੱਚ ਫਲੈਗ ਮਾਰਚ ਕੱਢਿਆ ਗਿਆ। ਐੱਸਪੀ ਦਿਹਾਤੀ ਮਨਪ੍ਰੀਤ ਸਿੰਘ ਅਤੇ ਐੱਸਡੀਐੱਮ ਡੇਰਾਬੱਸੀ ਸਵਾਤੀ ਟਿਵਾਣਾ ਦੀ ਅਗਵਾਈ ਹੇਠ ਪੁਲੀਸ ਨੇ ਫਲੈਗ ਮਾਰਚ ਕੱਢਿਆ ਜਿਸ ਦੌਰਾਨ ਪੁਲੀਸ ਨਾਲ ਸੀਆਈਐਸਐਫ ਦੇ ਜਵਾਨ ਵੀ ਸ਼ਾਮਲ ਸਨ। ਫਲੈਗ ਮਾਰਚ ਜ਼ੀਰਕਪੁਰ ਅਤੇ ਡੇਰਾਬੱਸੀ ਵਿੱਚ ਕੱਢਿਆ ਗਿਆ ਜਿਸ ਦੌਰਾਨ ਲੋਕਾਂ ਨੂੰ ਕਾਨੂੰਨ ਵਿਵਸਥਾ ਬਣਾਈ ਰੱਖਣ ਦੀ ਅਪੀਲ ਕੀਤੀ ਗਈ। ਡੇਰਾਬੱਸੀ ਵਿੱਚ ਫਲੈਗ ਮਾਰਚ ਦੌਰਾਨ ਐਸ.ਡੀ.ਐੱਮ. ਸਵਾਤੀ ਟਿਵਾਣਾ ਵੱਲੋਂ ਤਹਿਸੀਲ ਸੜਕ ਸਣੇ ਹੋਰਨਾਂ ਪਾਸੇ ਦੁਕਾਨਦਾਰਾਂ ਵੱਲੋਂ ਨਾਜਾਇਜ਼ ਤੌਰ ’ਤੇ ਦੁਕਾਨਾਂ ਦੇ ਬਾਹਰ ਰੱਖੇ ਸਾਮਾਨ ਨੂੰ ਵੀ ਚੁਕਵਾ ਦਿੱਤਾ ਗਿਆ। ਉਨ੍ਹਾਂ ਵੱਲੋਂ ਅੱਜ ਸਾਰਾ ਦਿਨ ਮੁਨਿਆਦੀ ਕਰਵਾਈ ਗਈ ਕਿ ਕੋਈ ਵੀ ਦੁਕਾਨਦਾਰ ਦੁਕਾਨ ਦੇ ਬਾਹਰ ਸਾਮਾਨ ਰੱਖ ਕੇ ਆਵਾਜਾਈ ਵਿੱਚ ਵਿਘਨ ਨਾ ਪਾਵੇ।
ਉਨ੍ਹਾਂ ਚਿਤਾਵਨੀ ਦਿੱਤੀ ਕਿ ਜੇਕਰ ਸਾਮਾਨ ਬਾਹਰ ਰੱਖਿਆ ਗਿਆ ਤਾਂ ਇਹ ਜ਼ਬਤ ਕਰ ਲਿਆ ਜਾਵੇਗਾ। ਐੱਸ.ਡੀ.ਐੱਮ. ਦੀ ਇਸ ਕਾਰਵਾਈ ਦਾ ਅੱਜ ਸ਼ਹਿਰ ਵਿੱਚ ਬਾਅਦ ’ਚ ਕਾਫੀ ਅਸਰ ਦੇਖਣ ਨੂੰ ਮਿਲਿਆ। ਅੱਜ ਸ਼ਹਿਰ ਦੇ ਵੱਖ-ਵੱਖ ਖੇਤਰਾਂ ਵਿੱਚ ਦੁਕਾਨਦਾਰਾਂ ਵੱਲੋਂ ਆਪਣਾ ਸਾਮਾਨ ਅੰਦਰ ਰੱਖਣ ਨਾਲ ਆਵਾਜਾਈ ਕਾਫ਼ੀ ਸੁਚਾਰੂ ਚੱਲ ਰਹੀ ਸੀ।
ਲਾਲੜੂ (ਸਰਬਜੀਤ ਸਿੰਘ ਭੱਟੀ): ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਪੁਲੀਸ ਵੱਲੋਂ ਬਾਅਦ ਦੁਪਹਿਰ ਲਾਲੜੂ, ਹੰਡੇਸਰਾ ਅਤੇ ਆਸ-ਪਾਸ ਦੇ ਇਲਾਕੇ ਵਿੱਚ ਫਲੈਗ ਮਾਰਚ ਕੱਢਿਆ ਗਿਆ। ਪੰਜਾਬ ਪੁਲੀਸ ਦੇ ਨਾਲ ਸੀ.ਆਈ.ਐਸ.ਐਫ ਦੇ ਜਵਾਨ ਵੀ ਫਲੈਗ ਮਾਰਚ ’ਚ ਸ਼ਾਮਲ ਸਨ।
ਡੀਐੱਸਪੀ ਡੇਰਾਬਸੀ ਗੁਰਬਖਸ਼ੀਸ਼ ਸਿੰਘ ਮਾਨ ਅਤੇ ਥਾਣਾ ਮੁਖੀ ਲਾਲੜੂ ਹਰਜਿੰਦਰ ਸਿੰਘ ਨੇ ਦੱਸਿਆ ਕਿ ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਇਲਾਕੇ ਵਿੱਚ ਅਮਨ ਕਾਨੂੰਨ ਦੀ ਸਥਿਤੀ ਮਜ਼ਬੂਤ ਕਰਨ ਅਤੇ ਚੋਣਾਂ ਨੂੰ ਸ਼ਾਂਤਮਈ ਢੰਗ ਨਾਲ ਨੇਪਰੇ ਚਾੜ੍ਹਨ ਲਈ ਪੰਜਾਬ ਪੁਲੀਸ ਤੇ ਅਰਧ ਸੈਨਿਕ ਬਲਾਂ ਦੇ ਜਵਾਨਾਂ ਨੇ ਫਲੈਗ ਮਾਰਚ ਕੱਢਿਆ। ਇਸ ਦੌਰਾਨ ਥਾਣਾ ਹੰਡੇਸਰਾ ਦੇ ਐੱਸਐੱਚਓ ਗੁਰਸੇਵਕ ਸਿੰਘ, ਪੁਲੀਸ ਚੌਕੀ ਨਾਹਰ ਦੇ ਇੰਚਾਰਜ ਰਣਜੀਤ ਸਿੰਘ ਸਮੇਤ ਪੰਜਾਬ ਪੁਲੀਸ ਦੇ 20 ਅਤੇ ਸੀਆਈਐੱਸਐੱਫ ਦੇ 32 ਤੋਂ ਵੱਧ ਜਵਾਨ ਫਲੈਗ ਮਾਰਚ ਵਿੱਚ ਸ਼ਾਮਲ ਹੋਏ। ਫਲੈਗ ਮਾਰਚ ਲਾਲੜੂ ਥਾਣੇ ਤੋਂ ਸ਼ੁਰੂ ਹੋ ਕੇ ਆਈਟੀਆਈ ਚੌਕ, ਸੈਣੀ ਮਾਰਕੀਟ, ਸਰਦਾਰਪੁਰਾ, ਮੁੱਖ ਬਾਜ਼ਾਰ ਤੋਂ ਹੁੰਦਾ ਹੋਇਆ ਪਿੰਡ ਲਾਲੜੂ, ਮਗਰਾ, ਲੈਹਲੀ, ਹਸਨਪੁਰ, ਜਲਾਲਪੁਰ, ਡਹਿਰ, ਆਲਮਗੀਰ, ਟਿਵਾਣਾ, ਸਰਸੀਣੀ, ਕੁਰਲੀ, ਬਟੌਲੀ, ਜੜੌਤ, ਧੀਰੇਮਾਜਰਾ, ਹਮਾਯੂੰਪੁਰ, ਤਸਿੰਬਲੀ, ਹੰਡੇਸਰਾ, ਜੌਲਾ, ਬਸੌਲੀ, ਰਾਣੀਮਾਜਰਾ, ਜਿਉਲੀ, ਬੱਲੋਪੁਰ, ਮਲਕਪੁਰ ਤੋਂ ਹੁੰਦਾ ਹੋਇਆ ਵਾਪਸ ਲਾਲੜੂ ਪੁਲੀਸ ਸਟੇਸ਼ਨ ਪੁੱਜ ਕੇ ਸਮਾਪਤ ਹੋਇਆ।