ਪੱਤਰ ਪ੍ਰੇਰਕ
ਲਾਲੜੂ, 8 ਅਗਸਤ
ਇੱਥੇ 75ਵੇਂ ਆਜ਼ਾਦੀ ਦਿਹਾੜੇ ਦੇ ਮੱਦੇਨਜ਼ਰ ਸਮਾਜ ਵਿਰੋਧੀ ਅਤੇ ਗੈਰਸਮਾਜੀ ਅਨਸਰਾਂ ਖ਼ਿਲਾਫ਼ ਅਤੇ ਆਮ ਲੋਕਾਂ ਦੇ ਮਨਾਂ ਵਿੱਚ ਸੁਰੱਖਿਆ ਦੀ ਭਾਵਨਾ ਪੈਦਾ ਕਰਨ ਦੇ ਮੰਤਵ ਤਹਿਤ ਅੱਜ ਡੀਐੱਸਪੀ ਡੇਰਾਬਸੀ ਹਰਵਿੰਦਰ ਸਿੰਘ ਖਹਿਰਾ ਦੀ ਅਗਵਾਈ ਹੇਠ ਲਾਲੜੂ ਮੰਡੀ ਅਤੇ ਆਸ ਪਾਸ ਦੇ ਇਲਾਕੇ ਵਿੱਚ ਪੁਲੀਸ ਵਲੋਂ ਫਲੈਗ ਮਾਰਚ ਕੱਢਿਆ ਗਿਆ। ਇਸ ਦੌਰਾਨ ਐੱਸਐੱਚਓ ਲਾਲੜੂ ਅਕਾਸ਼ ਸਰਮਾ, ਐੱਸਐੱਚਓ ਜਸਕੰਵਲ ਸਿੰਘ ਸੇਖੋਂ, ਐੱਸਐੱਚਓ ਹੰਡੇਸਰਾ ਹਰਦੀਪ ਸਿੰਘ ਸਮੇਤ ਚੌਕੀ ਇੰਚਾਰਜ ਤੇ ਪੰਜਾਬ ਪੁਲੀਸ ਦੇ ਮੁਲਾਜ਼ਮਾਂ ਨੇ ਸ਼ਮੂਲੀਅਤ ਕੀਤੀ। ਇਹ ਫਲੈਗ ਮਾਰਚ ਅੰਬਾਲਾ-ਚੰਡੀਗੜ੍ਹ ਮੁੱਖ ਮਾਰਗ ਰਾਂਹੀ ਇਲਾਕੇ ਵਿਚੋਂ ਹੁੰਦਾ ਹੋਇਆ ਲਾਲੜੂ ਮੰਡੀ ਦੇ ਮੁੱਖ ਬਾਜ਼ਾਰ ਵਿੱਚ ਦਾਖਲ ਹੋਇਆ। ਫਲੈਗ ਮਾਰਚ ਦੌਰਾਨ ਸ੍ਰੀ ਖਹਿਰਾ ਨੇ ਕਿਹਾ ਕਿ ਆਮ ਲੋਕਾਂ ਦੀ ਜਾਨ ਤੇ ਮਾਲ ਦੀ ਸੁਰੱਖਿਆ ਕਰਨਾ ਪੁਲੀਸ ਦਾ ਮੁੱਖ ਫਰਜ਼ ਹੈ। ਉਨ੍ਹਾਂ ਲੋਕਾਂ ਤੋਂ ਸਹਿਯੋਗ ਦੀ ਮੰਗ ਕੀਤੀ।
ਡੇਰਾਬੱਸੀ (ਨਿੱਜੀ ਪੱਤਰ ਪ੍ਰੇਰਕ): ਪੁਲੀਸ ਵੱਲੋਂ ਆਜ਼ਾਦੀ ਦਿਹਾੜੇ ਨੂੰ ਸਮਰਪਿਤ ਅੱਜ ਸ਼ਹਿਰ ਵਿੱਚ ਫਲੈਗ ਮਾਰਚ ਕੱਢਿਆ ਗਿਆ। ਡੀਐੱਸਪੀ ਡੇਰਾਬੱਸੀ ਹਰਵਿੰਦਰ ਸਿੰਘ ਖਹਿਰਾ ਦੀ ਅਗਵਾਈ ਅਤੇ ਥਾਣਾ ਮੁਖੀ ਸਹਾਇਕ ਇੰਸਪੈਕਟਰ ਜਸਕੰਵਲ ਸਿੰਘ ਦੀ ਨਿਗਰਾਨੀ ਹੇਠ ਭਾਰੀ ਪੁਲੀਸ ਫੋਰਸ ਨੇ ਲੋਕਾਂ ਵਿੱਚ ਸੁਰੱਖਿਆ ਦੀ ਭਾਵਨਾ ਪੈਦਾ ਕਰਨ ਦੇ ਮਕਸਦ ਨਾਲ ਇਹ ਮਾਰਚ ਕੱਢਿਆ। ਇਹ ਫਲੈਗ ਮਾਰਚ ਬੱਸ ਸਟੈਂਡ ਪੁਲੀਸ ਸਟੇਸ਼ਨ ਤੋਂ ਸ਼ੁਰੂ ਹੋ ਕੇ ਤਹਿਸੀਲ ਰੋਡ, ਅਨਾਜ ਮੰਡੀ ਰੋਡ ਤੋਂ ਹੁੰਦਾ ਹੋਇਆ ਬਰਵਾਲਾ ਰੋਡ ਰਾਹੀਂ ਮੁੜ ਬੱਸ ਸਟੈਂਡ ਸਮਾਪਤ ਹੋਇਆ।