ਸੁਖਵਿੰਦਰ ਪਾਲ ਸੋੋਢੀ
ਚੰਡੀਗੜ੍ਹ, 13 ਸਤੰਬਰ
ਯੂਟੀ ਦੇ ਸਿੱਖਿਆ ਵਿਭਾਗ ਵੱਲੋਂ ਇੱਥੋਂ ਦੇ ਸਰਕਾਰੀ ਸਕੂਲਾਂ ਵਿੱਚ ਗਿਆਰ੍ਹਵੀਂ ਜਮਾਤ ਵਿੱਚ ਦਾਖ਼ਲੇ ਲਈ ਦੂਜੀ ਕਾਊਂਸਲਿੰਗ 15 ਸਤੰਬਰ ਤੋਂ ਕਰਵਾਈ ਜਾਵੇਗੀ ਜੋ ਆਨਲਾਈਨ ਹੋਵੇਗੀ। ਸਿੱਖਿਆ ਵਿਭਾਗ ਨੇ ਸਕੂਲਾਂ ਤੋਂ ਖਾਲੀ ਰਹਿ ਗਈਆਂ ਸੀਟਾਂ ਦੇ ਵੇਰਵੇ ਮੰਗੇ ਹਨ। ਪਤਾ ਲੱਗਾ ਹੈ ਕਿ ਸਰਕਾਰੀ ਸਕੂਲਾਂ ਵਿੱਚ ਆਰਟਸ, ਕਾਮਰਸ ਤੇ ਵਿਗਿਆਨ ਦੀਆਂ 200 ਦੇ ਕਰੀਬ ਸੀਟਾਂ ਖਾਲੀ ਰਹਿ ਗਈਆਂ ਹਨ ਜਦਕਿ ਹਾਲੇ ਵੀ ਪੰਜ ਹਜ਼ਾਰ ਦੇ ਕਰੀਬ ਵਿਦਿਆਰਥੀ ਦਾਖ਼ਲਾ ਮਿਲਣ ਤੋਂ ਵਾਂਝੇ ਹਨ।
ਜਾਣਕਾਰੀ ਅਨੁਸਾਰ ਚੰਡੀਗੜ੍ਹ ਦੇ 42 ਸਰਕਾਰੀ ਮਾਡਲ ਸੀਨੀਅਰ ਸੈਕੰਡਰੀ ਸਕੂਲਾਂ ਵਿੱਚ ਗਿਆਰ੍ਹਵੀਂ ਜਮਾਤ ’ਚ ਦਾਖਲੇ ਹੋਣੇ ਹਨ ਤੇ ਪਹਿਲੀ ਕਾਊਂਸਲਿੰਗ ਤੋਂ ਪਹਿਲਾਂ 18500 ਵਿਦਿਆਰਥੀਆਂ ਨੇ ਇਸ ਜਮਾਤ ਵਿੱਚ ਦਾਖਲੇ ਲਈ ਦਰਖਾਸਤਾਂ ਦਿੱਤੀਆਂ ਸਨ। ਸਰਕਾਰੀ ਸਕੂਲਾਂ ਵਿੱਚ 13,535 ਸੀਟਾਂ ਲਈ ਦਾਖਲੇ ਹੋਣੇ ਹਨ।
ਜਾਣਕਾਰੀ ਮੁਤਾਬਕ ਹੁਣ ਸਿਰਫ਼ ਆਰਟਸ ਤੇ ਵੋਕੇਸ਼ਨਲ ਕੋਰਸਾਂ ਵਿੱਚ ਹੀ ਜ਼ਿਆਦਾਤਰ ਸੀਟਾਂ ਖਾਲੀ ਪਈਆਂ ਹਨ। ਇਸ ਦੌਰਾਨ ਵਿਭਾਗ ਦੇ ਇੱਕ ਅਧਿਕਾਰੀ ਨੇ ਦੱਸਿਆ ਕਿ ਜ਼ਿਆਦਾਤਰ ਵਿਦਿਆਰਥੀ ਆਪਣੇ ਖੇਤਰ ਦੇ ਨੇੜਲੇ ਸਕੂਲਾਂ ਵਿੱਚ ਹੀ ਆਪਸ਼ਨ ਭਰਦੇ ਹਨ ਪਰ ਉਨ੍ਹਾਂ ਸਕੂਲਾਂ ਵਿਚ ਕੱਟ ਆਫ਼ ਜ਼ਿਆਦਾ ਹੋਣ ਕਾਰਨ ਦਾਖ਼ਲਾ ਨਹੀਂ ਮਿਲਦਾ।
ਉਨ੍ਹਾਂ ਦੱਸਿਆ ਕਿ ਜਿਹੜੇ ਵਿਦਿਆਰਥੀ ਦਾਖਲੇ ਤੋਂ ਰਹਿ ਗਏ ਹਨ, ਉਹ ਪਿਛਲੇ ਸਾਲ ਦੀ ਕੱਟ ਆਫ਼ ਤੇ ਆਪਣੇ ਅੰਕ ਦੇਖ ਕੇ ਸਕੂਲਾਂ ਦੀ ਚੋਣ ਆਨਲਾਈਨ ਕਰਨ। ਉਨ੍ਹਾਂ ਕਿਹਾ ਕਿ ਵਿਦਿਆਰਥੀਆਂ ਨੂੰ ਚਾਹੀਦਾ ਹੈ ਕਿ ਉਹ ਪੰਜ ਛੇ ਸਕੂਲ ਭਰਨ ਦੀ ਬਜਾਇ ਪੂਰੇ ਪੰਦਰਾਂ ਸਕੂਲ ਭਰਨ ਤਾਂ ਹੀ ਉਨ੍ਹਾਂ ਦਾ ਦਾਖ਼ਲਾ ਸੰਭਵ ਹੋਵੇਗਾ।
ਕਾਲਜਾਂ ਦੀਆਂ ਖਾਲੀ ਸੀਟਾਂ ਦੀ ਸੂਚੀ ਅੱਜ ਹੋਵੇਗੀ ਅਪਲੋਡ
ਯੂਟੀ ਦੇ ਉੱਚ ਸਿੱਖਿਆ ਵਿਭਾਗ ਵੱਲੋਂ ਤੀਜੀ ਕਾਊਂਸਲਿੰਗ ਤੋਂ ਬਾਅਦ ਖਾਲੀ ਰਹਿ ਗਈਆਂ ਸੀਟਾਂ ਦੀ ਸੂਚੀ 14 ਸਤੰਬਰ ਨੂੰ ਆਪਣੀ ਵੈੱਬਸਾਈਟ ’ਤੇ ਅਪਲੋਡ ਕੀਤੀ ਜਾਵੇਗੀ। ਇਸ ਦੇ ਨਾਲ ਹੀ ਕਾਲਜਾਂ ਨੂੰ ਕਹਿ ਦਿੱਤਾ ਗਿਆ ਹੈ ਕਿ ਉਹ ਖਾਲੀ ਰਹਿ ਗਈਆਂ ਸੀਟਾਂ ਆਪਣੇ ਪੱਧਰ ’ਤੇ ਭਰਨ। ਦੂਜੇ ਪਾਸੇ ਕਾਲਜਾਂ ਵੱਲੋਂ ਗੂਗਲ ਫਾਰਮ ਵੀ 14 ਸਤੰਬਰ ਤੋਂ ਵੈੱਬਸਾਈਟਾਂ ’ਤੇ ਅਪਲੋਡ ਕਰ ਦਿੱਤੇ ਜਾਣਗੇ। ਇਸ ਤੋਂ ਬਾਅਦ ਕਾਲਜ ਵਿਦਿਆਰਥੀਆਂ ਨੂੰ ਤਿੰਨ ਦਿਨ ਦਾ ਸਮਾਂ ਦੇਣਗੇ ਤੇ 18 ਸਤੰਬਰ ਨੂੰ ਕਾਲਜਾਂ ਵਿੱਚ ਸੀਟਾਂ ਵਿਦਿਆਰਥੀਆਂ ਨੂੰ ਅਲਾਟ ਕਰ ਦਿੱਤੀਆਂ ਜਾਣਗੀਆਂ। ਕਾਲਜਾਂ ਵਿੱਚ ਦਾਖਲਾ ਪ੍ਰਕਿਰਿਆ ਦੇ ਇੰਚਾਰਜ ਲਖਬੀਰ ਸਿੰਘ ਨੇ ਦੱਸਿਆ ਕਿ ਖਾਲੀ ਰਹਿ ਗਈਆਂ ਸੀਟਾਂ ਦੇ ਵੇਰਵੇ ਵੈੱਬਸਾਈਟ ’ਤੇ 14 ਸਤੰਬਰ ਨੂੰ ਸ਼ਾਮ ਪੰਜ ਵਜੇ ਤੱਕ ਅਪਲੋਡ ਕਰ ਦਿੱਤੇ ਜਾਣਗੇ।