ਪੱਤਰ ਪ੍ਰੇਰਕ
ਸ੍ਰੀ ਫ਼ਤਹਿਗੜ੍ਹ ਸਾਹਿਬ, 14 ਜੁਲਾਈ
ਜ਼ਿਲ੍ਹਾ ਫ਼ਤਹਿਗੜ੍ਹ ਸਾਹਿਬ ਅਧੀਨ ਆਉਂਦੇ ਖਮਾਣੋਂ ਥਾਣੇ ਦੀ ਪੁਲੀਸ ਨੇ ਇੱਕ ਸਕੂਟਰ ਸਵਾਰ ਵਿਅਕਤੀ ਤੋਂ ਪੰਜ ਕਿੱਲੋ ਅਫ਼ੀਮ ਬਰਾਮਦ ਕੀਤੀ ਹੈ। ਡੀਆਈਜੀ ਰੂਪਨਗਰ ਰੇਂਜ ਗੁਰਪ੍ਰੀਤ ਸਿੰਘ ਭੁੱਲਰ ਤੇ ਐੱਸਐੱਸਪੀ ਫ਼ਤਹਿਗੜ੍ਹ ਸਾਹਿਬ ਡਾ. ਰਵਜੋਤ ਗਰੇਵਾਲ ਨੇ ਦੱਸਿਆ ਕਿ ਥਾਣਾ ਖਮਾਣੋਂ ਦੇ ਸਹਾਇਕ ਥਾਣੇਦਾਰ ਤਰਨਜੀਤ ਸਿੰਘ ਦੀ ਅਗਵਾਈ ਹੇਠਲੀ ਪੁਲੀਸ ਪਾਰਟੀ ਵੱਲੋਂ ਲੁਧਿਆਣਾ-ਖਮਾਣੋਂ ਰੋਡ ’ਤੇ ਕੀਤੀ ਜਾ ਰਹੀ ਚੈਕਿੰਗ ਦੌਰਾਨ ਬਿਨਾਂ ਨੰਬਰ ਵਾਲੇ ਐਕਟਿਵਾ ਸਕੂਟਰ ’ਤੇ ਆ ਰਹੇ ਵਿਅਕਤੀ ਰਾਜਵਿੰਦਰ ਸਿੰਘ ਵਾਸੀ ਬੱਦੋਵਾਲ ਨੂੰ ਸ਼ੱਕ ਦੇ ਆਧਾਰ ’ਤੇ ਰੋਕਿਆ ਗਿਆ। ਉਸ ਦੀ ਤਲਾਸ਼ੀ ਲੈਣ ’ਤੇ ਉਸ ਦੇ ਕਬਜ਼ੇ ’ਚੋਂ ਪੰਜ ਕਿੱਲੋ ਅਫ਼ੀਮ ਬਰਾਮਦ ਹੋਈ। ਮੁਲਜ਼ਮ ਰਾਜਵਿੰਦਰ ਸਿੰਘ ਨੂੰ ਗ੍ਰਿਫਤਾਰ ਕਰ ਕੇ ਮਾਮਲੇ ਦੀ ਤਫਤੀਸ਼ ਸ਼ੁਰੂ ਕਰ ਦਿੱਤੀ ਗਈ ਹੈ।
ਹਵਾਲਾਤੀ ਕੋਲੋਂ ਅਫ਼ੀਮ ਤੇ ਸਿਮ ਬਰਾਮਦ
ਅੰਬਾਲਾ (ਨਿੱਜੀ ਪੱਤਰ ਪ੍ਰੇਰਕ): ਕੇਂਦਰੀ ਜੇਲ੍ਹ ’ਚੋਂ ਸਿਵਲ ਹਸਪਤਾਲ ਅੰਬਾਲਾ ਛਾਉਣੀ ਦਵਾਈ ਦਿਵਾਉਣ ਲਈ ਲਿਆਂਦੇ ਗਏ ਹਵਾਲਾਤੀ ਕੋਲੋਂ 10.67 ਗਰਾਮ ਅਫ਼ੀਮ ਅਤੇ ਸਿਮ ਬਰਾਮਦ ਹੋਈ ਹੈ। ਇਸ ਮਾਮਲੇ ਵਿਚ ਮੁਲਜ਼ਮ ਅਭਿਸ਼ੇਕ ਪੁੱਤਰ ਮੰਗਲੂ ਨਿਵਾਸੀ ਡੇਹਾ ਕਾਲੋਨੀ ਅੰਬਾਲਾ ਸ਼ਹਿਰ ਨੂੰ ਗ੍ਰਿਫ਼ਤਾਰ ਕਰਕੇ ਥਾਣਾ ਅੰਬਾਲਾ ਕੈਂਟ ਵਿਚ ਮਾਮਲਾ ਦਰਜ ਕੀਤਾ ਗਿਆ, ਜਿਸ ਦਾ ਇਕ ਦਿਨ ਦਾ ਰਿਮਾਂਡ ਮਨਜ਼ੂਰ ਹੋਇਆ।