ਖੇਤਰੀ ਪ੍ਰਤੀਨਿਧ
ਚੰਡੀਗੜ੍ਹ, 17 ਅਗਸਤ
ਚੰਡੀਗੜ੍ਹ ਦੇ ਮਿਲਖ ਵਿਭਾਗ ਦੀਆਂ ਵੱਖ-ਵੱਖ ਸ਼ਾਖਾਵਾਂ ਦੇ ਕੰਮਕਾਜ ਸਬੰਧੀ ਅੱਜ ਵਿੱਤ ਸਕੱਤਰ-ਕਮ-ਸਕੱਤਰ ਅਸਟੇਟ, ਚੰਡੀਗੜ੍ਹ ਦੀ ਪ੍ਰਧਾਨਗੀ ਹੇਠ ਸਮੀਖਿਆ ਮੀਟਿੰਗ ਹੋਈ। ਇਸ ਵਿੱਚ ਖਾਸ ਤੌਰ ‘ਤੇ ਲੀਜ਼ ਹੋਲਡ/ਕਿਰਾਏ ਦੀਆਂ ਜਾਇਦਾਦਾਂ ਦੇ ਬਕਾਏ ਦੀ ਰਿਕਵਰੀ, ਖਾਲੀ ਪਏ ਪਲਾਟਾਂ ਅਤੇ ਹੋਰ ਜਾਇਦਾਦਾਂ ’ਤੇ ਕਬਜ਼ੇ ਅਤੇ ਲੰਬੇ ਸਮੇਂ ਤੋਂ ਲੰਬਿਤ ਅਰਜ਼ੀਆਂ ਦੇ ਨਿਪਟਾਰੇ ਆਦਿ ਦੇ ਸਬੰਧ ਵਿੱਚ ਚਰਚਾ ਕੀਤੀ ਗਈ। ਮੀਟਿੰਗ ਦੌਰਾਨ ਪੇਸ਼ ਕੀਤੀ ਜਾਣ ਵਾਲੀ ਜਾਣਕਾਰੀ ਨੂੰ ਲੈ ਕੇ ਮਿਲਖ ਵਿਭਾਗ ਦੇ ਸੀਨੀਅਰ ਕਰਮਚਾਰੀਆਂ ਦੀ ਲਾਪ੍ਰਵਾਹੀ ਦੇਖਣ ਨੂੰ ਮਿਲੀ। ਮਿਲਖ ਵਿਭਾਗ ਨੇ ਇਸ ਲਾਪ੍ਰਵਾਹੀ ਨੂੰ ਗੰਭੀਰਤਾ ਨਾਲ ਲੈਂਦੇ ਹੋਏ ਮਿਲਖ ਵਿਭਾਗ ਦੇ ਸੀਨੀਅਰ ਸਹਾਇਕ ਸ਼ਿਵ ਕੁਮਾਰ, ਅਮਰਜੋਤ ਸਿੰਘ, ਸਰੋਜ ਖਿਲਣ ‘ਤੇ ਸ਼ਸ਼ੀ ਨਾਗਰ ਸਮੇਤ ਜੂਨੀਅਰ ਸਹਾਇਕ ਸੁਨੀਲ ਪਾਇਲ ਨੂੰ ਤੁਰੰਤ ਪ੍ਰਭਾਵ ਨਾਲ ਮੁਅੱਤਲ ਕਰ ਦਿੱਤਾ ਹੈ। ਮੁਅੱਤਲ ਹੋਏ ਇਹ ਅਧਿਕਾਰੀ ਅਗਲੇ ਆਦੇਸ਼ਾਂ ਤੱਕ ਸਹਾਇਕ ਮਿਲਖ ਅਧਿਕਾਰੀ ਜ਼ੋਨ 1 ਦਫਤਰ ਵਿੱਚ ਤਾਇਨਾਤ ਰਹਿਣਗੇ। ਮੀਟਿੰਗ ਦੌਰਾਨ ਚੰਡੀਗੜ੍ਹ ਦੇ ਡਿਪਟੀ ਕਮਿਸ਼ਨਰ ਕਮ ਮਿਲਖ ਅਧਿਕਾਰੀ ਵਿਨੈ ਪ੍ਰਤਾਪ ਸਿੰਘ ਸਮੇਤ ਸਹਾਇਕ ਮਿਲਖ ਅਧਿਕਾਰੀ ਹਰਜੀਤ ਸੰਧੂ, ਸੋਰਭ ਕੁਮਾਰ ਅਰੋੜਾ, ਐਸਡੀਐਮ (ਈਸਟ) ਨਿਤੀਸ਼ ਸਿੰਗਲਾ, ਐਸਡੀਐਮ (ਸਾਊਥ) ਪ੍ਰਦੁਮਨ ਸਿੰਘ ਅਤੇ ਐਸਡੀਐਮ (ਸੈਂਟਰਲ) ਸਨਿਆਮ ਗਰਗ ਸਮੇਤ ਹੋਰ ਸੀਨੀਅਰ ਅਧਿਕਾਰੀ ਵੀ ਹਾਜ਼ਰ ਸਨ।