ਬਹਾਦਰਜੀਤ ਸਿੰਘ
ਰੂਪਨਗਰ, 16 ਅਕਤੂਬਰ
ਜ਼ਿਲ੍ਹਾ ਰੂਪਨਗਰ ਪੁਲੀਸ ਨੇ ਗੈਰ-ਕਾਨੂੰਨੀ ਹਥਿਆਰਾਂ ਦਾ ਕਾਰੋਬਾਰ ਚਲਾਉਣ ਦੇ ਦੋਸ਼ ਹੇਠ ਪੰਜ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰ ਕੇ ਉਨ੍ਹਾਂ ਕੋਲੋਂ 5 ਦੇਸੀ ਪਿਸਤੌਲ ਬਰਾਮਦ ਕੀਤੇ ਹਨ। ਇੱਥੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਐੱਸਐੱਸਪੀ ਵਿਵੇਕਸ਼ੀਲ ਸੋਨੀ ਨੇ ਦੱਸਿਆ ਕਿ ਐੱਸਪੀ (ਡੀ) ਰੂਪਨਗਰ ਅਜਿੰਦਰ ਸਿੰਘ ਅਤੇ ਡੀਐੱਸਪੀ (ਡੀ) ਜਰਨੈਲ ਸਿੰਘ ਦੀ ਅਗਵਾਈ ਹੇਠ ਸੀਆਈਏ ਸਟਾਫ਼ ਦੇ ਇੰਚਾਰਜ ਇੰਸਪੈਕਟਰ ਸਤਨਾਮ ਸਿੰਘ ਤੇ ਪੁਲੀਸ ਟੀਮਾਂ ਨੇ ਇਹ ਗ੍ਰਿਫ਼ਤਾਰੀਆਂ ਕੀਤੀਆਂ।
ਉਨ੍ਹਾਂ ਦੱਸਿਆ ਕਿ ਗ੍ਰਿਫ਼ਤਾਰ ਮੁਲਜ਼ਮਾਂ ਵਿੱਚ ਲਵਦੀਪ ਸਿੰਘ ਉਰਫ ਭਾਊ ਵਾਸੀ ਮਸੀਤਾ ਰੋਡ ਪਿੰਡ ਕੋਟ ਈਸੇ ਖਾਂ ਜ਼ਿਲ੍ਹਾ ਮੋਗਾ, ਪਰਦੀਪ ਸਿੰਘ ਉਰਫ ਬੱਬੂ ਵਾਸੀ ਪਿੰਡ ਬਗਲੀ ਕਲਾਂ ਥਾਣਾ ਸਮਰਾਲਾ ਜ਼ਿਲ੍ਹਾ ਲੁਧਿਆਣਾ ਅਤੇ ਹਰਪ੍ਰੀਤ ਸਿੰਘ ਉਰਫ ਹੈਪੀ ਵਾਸੀ ਪਿੰਡ ਮੀਰਾ ਕੋਟ ਥਾਣਾ ਕੰਬੋ ਜ਼ਿਲ੍ਹਾ ਅੰਮ੍ਰਿਤਸਰ ਦਿਹਾਤੀ ਨੂੰ ਗ੍ਰਿਫ਼ਤਾਰ ਕਰਕੇ ਉਨ੍ਹਾਂ ਕੋਲੋਂ 3 ਦੇਸੀ ਪਿਸਤੌਲ ਅਤੇ 3 ਕਾਰਤੂਸ ਬਰਾਮਦ ਕੀਤੇ ਹਨ। ਉਨ੍ਹਾਂ ਦੱਸਿਆ ਕਿ ਇਨ੍ਹਾਂ ਤਿੰਨ ਮੁਲਜ਼ਮਾਂ ਖਿਲਾਫ਼ ਆਰਮਜ਼ ਐੱਕਟ ਦੀ ਧਾਰਾ 25, 54, 59 ਹੇਠ ਥਾਣਾ ਸਿਟੀ ਰੂਪਨਗਰ ਵਿੱਚ ਕੇਸ ਦਰਜ ਕੀਤਾ ਗਿਆ ਹੈ।
ਉਨ੍ਹਾਂ ਦੱਸਿਆ ਕਿ ਇਸੇ ਤਰ੍ਹਾਂ ਪੁਲੀਸ ਨੇ ਇੰਦਰਪ੍ਰੀਤ ਸਿੰਘ ਉਰਫ ਪ੍ਰੀਤ ਗੁਰਥੜੀ ਵਾਸੀ ਪਿੰਡ ਗੁਰਥੜੀ ਥਾਣਾ ਭੀਖੀ ਜ਼ਿਲ੍ਹਾ ਮਾਨਸਾ ਨੂੰ ਗ੍ਰਿਫ਼ਤਾਰ ਕਰ ਕੇ ਉਸ ਕੋਲੋਂ ਇੱਕ ਦੇਸੀ ਪਿਸਤੌਲ 32 ਬੋਰ ਅਤੇ ਇੱਕ ਕਾਰਤੂਸ ਬਰਾਮਦ ਕਰ ਕੇ ਥਾਣਾ ਸਿੰਘ ਭਗਵੰਤਪੁਰ ਵਿੱਚ ਕੇਸ ਦਰਜ ਕੀਤਾ ਗਿਆ ਹੈ। ਮੁਲਜ਼ਮਾਂ ਦੀ ਪੁੱਛਗਿੱਛ ’ਤੇ ਹਰਮਨਦੀਪ ਸਿੰਘ ਉਰਫ ਹਰਮਨ ਵਾਸੀ ਪ੍ਰੀਤ ਨਗਰ ਤਰਨ ਤਾਰਨ ਨੂੰ ਗ੍ਰਿਫਤਾਰ ਕਰ ਕੇ ਉਸ ਪਾਸੋਂ ਇੱਕ ਦੇਸੀ ਪਿਸਤੌਲ ਅਤੇ ਇੱਕ ਕਾਰਤੂਸ ਬਰਾਮਦ ਕੀਤਾ ਗਿਆ ਹੈ। ਐੱਸਐੱਸਪੀ ਨੇ ਦੱਸਿਆ ਕਿ ਮੁਲਜ਼ਮਾਂ ਨੇ ਪੁੱਛਗਿੱਛ ਦੌਰਾਨ ਦੱਸਿਆ ਕਿ ਉਹ ਇਹ ਹਥਿਆਰ ਬਲਵਾੜੀ (ਮੱਧ ਪ੍ਰਦੇਸ਼) ਤੋਂ ਚੱਲਦੇ ਫਿਰਦੇ ਵਿਅਕਤੀਆਂ ਪਾਸੋਂ 20,000 ਰੁਪਏ ਪ੍ਰਤੀ ਪਿਸਤੌਲ ਖ਼ਰੀਦ ਕੇ ਲਿਆਏ ਸਨ ਅਤੇ ਇਸ ਤਰ੍ਹਾਂ ਦੇ ਲਗਭਗ 25 ਹਥਿਆਰ ਪਹਿਲਾਂ ਵੇਚ ਚੁੱਕੇ ਸਨ।