ਆਤਿਸ਼ ਗੁਪਤਾ
ਚੰਡੀਗੜ੍ਹ, 16 ਅਕਤੂਬਰ
ਚੰਡੀਗੜ੍ਹ ਪੁਲੀਸ ਨੇ ਦਸਹਿਰੇ ’ਤੇ ਪਟਾਕਿਆਂ ਦੀ ਵਰਤੋਂ ਕਰਨ ਦੇ ਦੋਸ਼ ਹੇਠ ਵੱਖ-ਵੱਖ ਥਾਣਿਆਂ ’ਚ 9 ਕੇਸ ਦਰਜ ਕਰ ਦਿੱਤੇ ਹਨ ਹਾਲਾਂਕਿ ਹਾਲੇ ਤੱਕ ਕਿਸੇ ਦੀ ਗ੍ਰਿਫ਼ਤਾਰੀ ਨਹੀਂ ਹੋ ਸਕੀ ਹੈ। ਜਾਣਕਾਰੀ ਮੁਤਾਬਕ ਯੂਟੀ ਪ੍ਰਸ਼ਾਸਨ ਨੇ ਦਸਹਿਰੇ ਤੋਂ ਦੋ ਦਿਨ ਪਹਿਲਾਂ ਆਦੇਸ਼ ਜਾਰੀ ਕਰਦਿਆਂ ਸ਼ਹਿਰ ’ਚ ਪਟਾਕਿਆਂ ਦੀ ਵਰਤੋਂ ’ਤੇ ਅਗਲੇ ਹੁਕਮਾਂ ਤੱਕ ਪਾਬੰਦੀ ਲਾ ਦਿੱਤੀ ਸੀ। ਪ੍ਰਸ਼ਾਸਨ ਦੇ ਆਦੇਸ਼ਾਂ ਤੋਂ ਬਾਅਦ ਦਸਹਿਰਾ ਕਮੇਟੀ ਨੇ ਭਾਜਪਾ ਪ੍ਰਧਾਨ ਅਰੁਣ ਸੂਦ ਨਾਲ ਮੁਲਾਕਾਤ ਕੀਤੀ ਸੀ ਜਿਨ੍ਹਾਂ ਅਧਿਕਾਰੀਆਂ ਨਾਲ ਗੱਲਬਾਤ ਦਾ ਦਾਅਵਾ ਕਰਦਿਆਂ ਦਸਹਿਰਾ ਧੂਮਧਾਮ ਨਾਲ ਮਨਾਉਣ ਦਾ ਭਰੋਸਾ ਦਿੱਤਾ। ਸ੍ਰੀ ਸੂਦ ਦੇ ਕਹਿਣ ਉਪਰੰਤ ਦਸਹਿਰਾ ਕਮੇਟੀਆਂ ਨੇ ਪਟਾਕਿਆਂ ਦੀ ਵਰਤੋਂ ਕੀਤੀ ਸੀ।
ਜਾਣਕਾਰੀ ਅਨੁਸਾਰ ਦਸਹਿਰੇ ਵਾਲੇ ਦਿਨ ਵੀ ਯੂਟੀ ਪ੍ਰਸ਼ਾਸਨ ਦੇ ਅਧਿਕਾਰੀਆਂ ਨੇ ਵੱਖ-ਵੱਖ ਦਸਹਿਰਾ ਮੇਲਿਆਂ ਵਾਲੀ ਥਾਵਾਂ ’ਤੇ ਪਹੁੰਚ ਕੇ ਪਟਾਕਿਆਂ ਦੀ ਵਰਤੋਂ ਨਾ ਕਰਨ ਸਬੰਧੀ ਅਪੀਲ ਕੀਤੀ। ਇਸ ਦੌਰਾਨ ਪੁਲੀਸ ਨੇ ਮਨੀਮਾਜਰਾ ’ਚ ਦਸਹਿਰੇ ਮੇਲੇ ਦੌਰਾਨ ਰਾਵਣ, ਕੁੰਭਕਰਨ ਅਤੇ ਮੇਘਨਾਦ ਦੇ ਪੁਤਲਿਆਂ ਵਿੱਚੋਂ ਪਟਾਕੇ ਕਢਵਾਏ ਦਿੱਤੇ ਜਦਕਿ ਹੋਰਨਾਂ ਨੇ ਪਟਾਕੇ ਕੱਢਣ ਤੋਂ ਇਨਕਾਰ ਕਰ ਦਿੱਤਾ ਜਿਸ ਕਾਰਨ ਪੁਲੀਸ ਨੇ ਕੇਸ ਦਰਜ ਕਰ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ।
ਇਹ ਕੇਸ ਥਾਣਾ ਸੈਕਟਰ 17 ’ਚ ਦਰਜ ਕੀਤਾ ਹੈ ਜਿਸ ਨੇ ਸੈਕਟਰ 17 ਦੇ ਸਰਕਸ ਗਰਾਊਂਡ ’ਚ ਦਸਹਿਰੇ ਮੇਲੇ ਦੌਰਾਨ ਪਟਾਕਿਆਂ ਦੀ ਵਰਤੋਂ ਦੇ ਦੋਸ਼ ਹੇਠ ਕੇਸ ਦਰਜ ਕੀਤਾ ਹੈ। ਥਾਣਾ ਸੈਕਟਰ 26 ਨੇ ਸੈਕਟਰ 28 ਦੇ ਦਸਹਿਰੇ ਮੇਲੇ ’ਚ ਪਟਾਕਿਆਂ ਦੀ ਵਰਤੋਂ ਦੇ ਦੋਸ਼ ਹੇਠ ਮਨੂੰ ਭਸੀਨ ਵਾਸੀ ਸੈਕਟਰ 28 ਅਤੇ ਦਸਹਿਰਾ ਕਮੇਟੀ ਦੇ ਮੈਂਬਰਾਂ ਖ਼ਿਲਾਫ਼ ਕੇਸ ਦਰਜ ਕੀਤਾ ਹੈ। ਥਾਣਾ ਸੈਕਟਰ 26 ਦੀ ਪੁਲੀਸ ਨੇ ਬਾਪੂ ਧਾਮ ਕਲੋਨੀ ਦੇ ਦਸਹਿਰੇ ਮੇਲੇ ’ਚ ਪਟਾਕੇ ਚਲਾਉਣ ’ਤੇ ਦੋ ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਕੇਸ ਦਰਜ ਕੀਤਾ। ਇਸੇ ਥਾਣੇ ਦੀ ਪੁਲੀਸ ਨੇ ਸੈਕਟਰ 27 ਡੀ ਦੇ ਦਸਹਿਰੇ ਮੇਲੇ ਦੌਰਾਨ ਪਟਾਕਿਆਂ ਦੀ ਵਰਤੋਂ ਕਰਨ ’ਤੇ ਨਸੀਮ ਵਾਸੀ ਸੈਕਟਰ 27 ਖ਼ਿਲਾਫ਼ ਕੇਸ ਦਰਜ ਕਰ ਦਿੱਤਾ।
ਥਾਣਾ ਇੰਡਸਟਰੀਅਲ ਏਰੀਆ ਦੀ ਪੁਲੀਸ ਨੇ ਰਾਮ ਲੀਲਾ ਗਰਾਊਂਡ ਸੈਕਟਰ 29 ’ਚ ਪਟਾਕਿਆਂ ਦੀ ਵਰਤੋਂ ਕਰਨ ਸਬੰਧੀ ਦੋ ਅਣਪਛਾਤਿਆਂ ਖ਼ਿਲਾਫ਼ ਕੇਸ ਦਰਜ ਕੀਤਾ ਹੈ। ਥਾਣਾ ਮਨੀਮਾਜਰਾ ਦੀ ਪੁਲੀਸ ਨੇ ਮਦਨ ਲਾਲ ਅਚਾਰਿਆ ਪ੍ਰਧਾਨ ਆਜ਼ਾਦ ਡਰਾਮੈਟਿਕ ਕਲੱਬ ਮਨੀਮਾਜਰਾ, ਨਵਦੀਪ ਕੌਸ਼ਿਕ ਜਨਰਲ ਸਕੱਤਰ ਅਤੇ ਹੋਰਨਾਂ ਖ਼ਿਲਾਫ ਕੇਸ ਦਰਜ ਕੀਤਾ।
ਥਾਣਾ ਆਈਟੀ ਪਾਰਕ ਦੀ ਪੁਲੀਸ ਨੇ ਧਰਮ ਰਕਸ਼ਕ ਕਲਾ ਮੰਚ ਸੁਸਾਇਟੀ ਦੇ ਮੈਂਬਰਾਂ ਖ਼ਿਲਾਫ਼ ਮਨੀਮਾਜਰਾ ’ਚ ਪਟਾਕਿਆਂ ਦੀ ਵਰਤੋਂ ਦੇ ਦੋਸ਼ ਹੇਠ ਕੇਸ ਦਰਜ ਕੀਤਾ। ਥਾਣਾ ਸੈਕਟਰ 34 ਦੀ ਪੁਲੀਸ ਨੇ ਆਜ਼ਾਦ ਡਰਾਮੈਟਿਕ ਕਲੱਬ ਸੈਕਟਰ 20 ਖ਼ਿਲਾਫ਼ ਵੀ ਦਸਹਿਰੇ ’ਤੇ ਪਟਾਕੇ ਚਲਾਉਣ ਦੇ ਦੋਸ਼ ਹੇਠ ਕੇਸ ਦਰਜ ਕੀਤਾ ਹੈ। ਇਸੇ ਤਰ੍ਹਾਂ ਥਾਣਾ ਮਲੋਆ ਦੀ ਪੁਲੀਸ ਨੇ ਯੂਥ ਵੈੱਲਫੇਅਰ ਕਲੱਬ, ਦਸਹਿਰਾ ਕਮੇਟੀ ਮਲੋਆ ਦੇ ਮੈਂਬਰਾਂ ਖ਼ਿਲਾਫ਼ ਪਟਾਕਿਆਂ ਦੀ ਵਰਤੋਂ ਦੇ ਦੋਸ਼ ਹੇਠ ਕੇਸ ਦਰਜ ਕਰ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ।