ਮਿਹਰ ਸਿੰਘ
ਕੁਰਾਲੀ, 8 ਨਵੰਬਰ
ਸ਼ਹਿਰ ਦੇ ਵਾਰਡ ਨੰਬਰ ਇਕ ਵਿੱਚ ਪੈਂਦੇ ਨਿਊ ਏਰੀਆ ਵਿੱਚ ਰਹਿ ਰਹੇ ਪਰਵਾਸੀ ਪਰਿਵਾਰ ਦੀ ਝੁੱਗੀ ਨੂੰ ਅੱਗ ਲੱਗ ਗਈ। ਇਸ ਘਟਨਾ ਦੌਰਾਨ ਪਰਿਵਾਰ ਵੱਲੋਂ ਲੜਕੀ ਦੇ ਵਿਆਹ ਲਈ ਖਰੀਦਿਆ ਸਾਮਾਨ ਅਤੇ ਨਗਦੀ ਤੋਂ ਇਲਾਵਾ ਹੋਰ ਸਾਰਾ ਸਾਮਾਨ ਸੜ ਗਿਆ। ਲੱਖਾਂ ਦਾ ਨੁਕਸਾਨ ਹੋਣ ਕਾਰਨ ਪਰਿਵਾਰ ਸਦਮੇ ਵਿੱਚ ਹੈ।
ਸਥਾਨਕ ਸਿੰਬਲ ਰੋਡ ’ਤੇ ਸਥਿਤ ਖੇਤਾਂ ਵਿੱਚ ਰਹਿ ਰਹੇ ਪਰਿਵਾਰ ਦੇ ਘਰ ਵਾਪਰੀ ਇਸ ਘਟਨਾ ਸਬੰਧੀ ਨੰਦਨੀ ਦੇਵੀ ਪਤਨੀ ਸੰਜੇ ਕੁਮਾਰ ਨੇ ਦੱਸਿਆ ਕਿ ਅੱਜ ਸ਼ਾਮ ਉਸ ਦੀ ਝੁੱਗੀ ਨੂੰ ਅਚਾਨਕ ਲੱਗ ਗਈ। ਉਸ ਨੇ ਦੱਸਿਆ ਕਿ ਜਦੋਂ ਅੱਗ ਲੱਗੀ ਤਾਂ ਉਹ ਘਰ ਨਹੀਂ ਸਨ। ਜਦੋਂ ਤੱਕ ਉਹ ਘਰ ਆਏ, ਸਾਰਾ ਸਾਮਾਨ ਅੱਗ ਦੀ ਲਪੇਟ ਵਿੱਚ ਆ ਚੁੱਕਿਆ ਸੀ। ਨੰਦਨੀ ਦੇਵੀ ਨੇ ਦੱਸਿਆ ਕਿ ਅੱਗ ਲੱਗਣ ਕਾਰਨ ਲੜਕੀ ਦੇ ਵਿਆਹ ਲਈ ਖਰੀਦੀ ਪੇਟੀ, ਫਰਿੱਜ, ਬੈੱਡ ਤੇ ਕੱਪੜਿਆਂ ਆਦਿ ਤੋਂ ਇਲਾਵਾ ਘਰ ਦਾ ਸਾਰਾ ਸਾਮਾਨ ਸੜ ਗਿਆ। ਇਸੇ ਦੌਰਾਨ ਵਿਆਹ ਲਈ ਜੋੜੀ ਨਗਦੀ ਵੀ ਸੜ ਕੇ ਰਾਖ ਹੋ ਗਈ। ਉਸਨੇ ਦੱਸਿਆ ਕਿ ਇਸ ਘਟਨਾ ਕਾਰਨ ਉਨ੍ਹਾਂ ਦਾ ਲੱਖਾਂ ਦਾ ਨੁਕਸਾਨ ਹੋ ਗਿਆ।
ਘਟਨਾ ਬਾਰੇ ਸੂਚਨਾ ਮਿਲਣ ’ਤੇ ਸਾਬਕਾ ਕੌਂਸਲਰ ਧੀਰਜ ਧੀਮਾਨ ਮੌਕੇ ’ਤੇ ਪੁੱਜੇ ਅਤੇ ਫਾਇਰ ਬ੍ਰਿਗੇਡ ਨੂੰ ਫੋਨ ਕਰ ਕੇ ਜਾਣਕਾਰੀ ਦਿੱਤੀ। ਇਸੇ ਦੌਰਾਨ ਇਕੱਠੇ ਹੋਏ ਲੋਕਾਂ ਨੇ ਖੇਤ ਵਿੱਚ ਲੱਗੀ ਮੋਟਰ ਦੇ ਪਾਣੀ ਨਾਲ ਅੱਗ ’ਤੇ ਕਾਬੂ ਪਾਇਆ ਪਰ ਉਦੋਂ ਤੱਕ ਘਰ ਦਾ ਸਾਰਾ ਸਾਮਾਨ ਸੜ ਚੁੱਕਿਆ ਸੀ। ਇਸੇ ਦੌਰਾਨ ਇਕੱਠੇ ਹੋਏ ਲੋਕਾਂ ਨੇ ਗਰੀਬ ਪਰਿਵਾਰ ਦੀ ਹਾਲਤ ਅਤੇ ਲੜਕੀ ਦੇ ਵਿਆਹ ਨੂੰ ਦੇਖਦਿਆਂ ਜ਼ਿਲ੍ਹਾ ਪ੍ਰਸ਼ਾਸ਼ਨ ਅਤੇ ਸਰਕਾਰ ਤੋਂ ਮੁਆਵਜ਼ੇ ਦੀ ਮੰਗ ਕੀਤੀ ਹੈ।
ਜਿਉਲੀ ’ਚ ਇਕ ਏਕੜ ਗੰਨੇ ਦੀ ਫ਼ਸਲ ਸੜੀ
ਲਾਲੜੂ (ਸਰਬਜੀਤ ਸਿੰਘ ਭੱਟੀ): ਇੱਥੋਂ ਨਜ਼ਦੀਕੀ ਪਿੰਡ ਜਿਉਲੀ ਵਿੱਚ ਅੱਜ ਸ਼ਾਮ ਗੰਨੇ ਦੇ ਖੇਤ ਵਿੱਚ ਅਚਾਨਕ ਅੱਗ ਲੱਗ ਗਈ, ਜਿਸ ਕਾਰਨ ਇਕ ਕਿੱਲੇ ’ਚ ਖੜ੍ਹੀ ਗੰਨੇ ਦੀ ਫਸਲ ਸੜ ਗਈ। ਪੀੜਤ ਕਿਸਾਨ ਨੇ ਕਰੀਬ ਡੇਢ ਲੱਖ ਰੁਪਏ ਦਾ ਮਾਲੀ ਨੁਕਸਾਨ ਹੋਣ ਦੀ ਜਾਣਕਾਰੀ ਦਿੱਤੀ ਹੈ। ਕੁਲਧੀਰ ਸਿੰਘ ਰਾਣਾ ਪੁੱਤਰ ਮਹੀਪਾਲ ਸਿੰਘ ਜੈਲਦਾਰ ਦੇ ਖੇਤਾਂ ਵਿੱਚ ਖੜ੍ਹੀ ਗੰਨੇ ਦੀ ਫਸਲ ਨੂੰ ਅਚਾਨਕ ਅੱਗ ਲੱਗ ਗਈ। ਫਾਇਰ ਬ੍ਰਿਗੇਡ ਦੀ ਗੱਡੀ ਦੇ ਆਉਣ ਤੋਂ ਪਹਿਲਾਂ ਕਿਸਾਨਾਂ ਨੇ ਅੱਗ ’ਤੇ ਕਾਬੂ ਪਾ ਲਿਆ ਸੀ। ਪੀੜਤ ਕਿਸਾਨ ਕੁਲਧੀਰ ਸਿੰਘ ਨੇ ਦੱਸਿਆ ਕਿ ਅੱਗ ਲੱਗਣ ਦੇ ਅਸਲ ਕਾਰਨਾਂ ਬਾਰੇ ਅਜੇ ਪਤਾ ਨਹੀਂ ਲੱਗਿਆ। ਉਨ੍ਹਾ ਪੰਜਾਬ ਸਰਕਾਰ ਅਤੇ ਸਥਾਨਕ ਪ੍ਰਸਾਸ਼ਨ ਤੋਂ ਮੰਗ ਕੀਤੀ ਕਿ ਪੀੜਤ ਕਿਸਾਨ ਦੀ ਨੁਕਸਾਨੀ ਫਸਲ ਦਾ ਯੋਗ ਮੁਆਵਜ਼ਾ ਦਿੱਤਾ ਜਾਵੇ।