ਨਿੱਜੀ ਪੱਤਰ ਪ੍ਰੇਰਕ
ਜ਼ੀਰਕਪੁਰ, 31 ਅਕਤੂਬਰ
ਇਥੋਂ ਦੇ ਬਲਟਾਣਾ ਖੇਤਰ ਵਿੱਚ ਅੱਜ ਦੀਵਾਲੀ ਲਈ ਲਾਏ ਇਕ ਸਟਾਲ ਨੂੰ ਅੱਗ ਲੱਗਣ ਕਾਰਨ ਲੱਖਾਂ ਰੁਪਏ ਦਾ ਕੱਪੜਾ ਅਤੇ ਸਜਾਵਟੀ ਸਾਮਾਨ ਸੜ ਕੇ ਸੁਆਹ ਹੋ ਗਿਆ। ਹਾਦਸੇ ਦੌਰਾਨ ਜਾਨੀ ਨੁਕਸਾਨ ਦਾ ਬਚਾਅ ਰਿਹਾ ਪਰ ਅੱਗ ਲੱਗਣ ਦੌਰਾਨ ਮੌਕੇ ’ਤੇ ਭਾਜੜਾਂ ਪੈ ਗਈਆਂ। ਮੌਕੇ ਤੋਂ ਇਕੱਤਰ ਕੀਤੀ ਜਾਣਕਾਰੀ ਅਨੁਸਾਰ ਚੰਡੀਗੜ੍ਹ-ਅੰਬਾਲਾ ਕੌਮੀ ਸ਼ਾਹਰਾਹ ਤੋਂ ਬਲਟਾਣਾ ਪੁਲੀਸ ਚੌਕੀ ਵੱਲ ਜਾਂਦੀ ਸੜਕ ’ਤੇ ਰਵਿੰਦਰ ਕੁਮਾਰ ਵੱਲੋਂ ਟੈਂਟ ਵਿੱਚ ਸਟਾਲ ਲਾ ਕੇ ਕੱਪੜੇ ਅਤੇ ਸਜਾਵਟੀ ਸਾਮਾਨ ਵੇਚਿਆ ਜਾ ਰਿਹਾ ਸੀ। ਲੰਘੀ ਰਾਤ ਉਹ ਸਟਾਲ ਨੂੰ ਬੰਦ ਕਰ ਘਰ ਚਲਾ ਗਿਆ ਸੀ। ਸਵੇਰ ਤੜਕੇ ਪੰਜ ਵਜੇ ਉਨ੍ਹਾਂ ਨੂੰ ਫੋਨ ਰਾਹੀਂ ਸੂਚਨਾ ਮਿਲੀ ਕਿ ਉਨ੍ਹਾਂ ਦੇ ਸਟਾਲ ਵਿੱਚੋਂ ਧੂੰਆਂ ਨਿੱਕਲ ਰਿਹਾ ਹੈ। ਸੂਚਨਾ ਮਿਲਣ ਮਗਰੋਂ ਉਹ ਮੌਕੇ ’ਤੇ ਪਹੁੰਚਿਆ ਪਰ ਉਦੋਂ ਤੱਕ ਅੱਗ ਭੜਕ ਚੁੱਕੀ ਸੀ। ਉਸ ਨੇ ਫਾਇਰ ਬ੍ਰਿਗੇਡ ਨੂੰ ਸੂਚਨਾ ਦਿੱਤੀ ਤੇ ਦੋ ਗੱਡੀਆਂ ਨੇ ਅੱਠ ਵਜੇ ਅੱਗ ’ਤੇ ਕਾਬੂ ਪਾਇਆ। ਉਦੋਂ ਤੱਕ ਅੱਗ ਨੇ ਆਪਣਾ ਕੰਮ ਕਰ ਦਿੱਤਾ ਸੀ ਤੇ ਸਟਾਲ ਪੂਰੀ ਤਰ੍ਹਾਂ ਸੜ ਕੇ ਸੁਆਹ ਹੋ ਗਿਆ ਸੀ। ਰਵਿੰਦਰ ਕੁਮਾਰ ਨੇ ਦੱਸਿਆ ਕਿ ਅੱਗ ਵਿੱਚ ਉਸਦਾ ਲੱਖਾਂ ਰੁਪਏ ਦਾ ਸਾਮਾਨ ਸੜ ਗਿਆ ਹੈ। ਗੱਲ ਕਰਨ ’ਤੇ ਫਾਇਰ ਬ੍ਰਿਗੇਡ ਤੋਂ ਅਧਿਕਾਰੀ ਰਾਜੀਵ ਕੁਮਾਰ ਨੇ ਦੱਸਿਆ ਕਿ ਅੱਗ ਦੇ ਕਾਰਨਾਂ ਦੀ ਜਾਂਚ ਕੀਤੀ ਜਾ ਰਹੀ ਹੈ। ਮੁੱਢਲੀ ਜਾਂਚ ਵਿੱਚ ਅੱਗ ਬਿਜਲੀ ਦੇ ਸ਼ਾਰਟ ਸਰਕਟ ਤੋਂ ਲੱਗੀ ਜਾਪਦੀ ਹੈ। ਉਨ੍ਹਾਂ ਨੇ ਕਿਹਾ ਕਿ ਅੱਗ ਐਨੀ ਭਿਆਨਕ ਸੀ ਕਿ ਟੈਂਟ ਦੇ ਪਾਈਪ ਵੀ ਮੁੜ ਗਏ।