ਆਤਿਸ਼ ਗੁਪਤਾ
ਚੰਡੀਗੜ੍ਹ, 2 ਨਵੰਬਰ
ਯੂਟੀ ਪ੍ਰਸ਼ਾਸਨ ਵੱਲੋਂ ਦੀਵਾਲੇ ’ਤੇ ਪਟਾਕੇ ਵੇਚਣ ਅਤੇ ਚਲਾਉਣ ’ਤੇ ਪਾਬੰਦੀ ਲਗਾਈ ਗਈ ਹੈ। ਇਸ ਦੇ ਬਾਵਜੂਦ ਲੋਕਾਂ ਵਿੱਚ ਰੌਸ਼ਨੀ ਦੇ ਤਿਉਹਾਰ ਦੀਵਾਲੀ ਸਬੰਧੀ ਭਾਰੀ ਉਤਸ਼ਾਹ ਵਿਖਾਈ ਦੇ ਰਿਹਾ ਹੈ। ਸ਼ਹਿਰ ਦੇ ਬਾਜ਼ਾਰਾਂ ਵਿੱਚ ਖਰੀਦਦਾਰੀ ਲਈ ਲੋਕਾਂ ਦੀ ਭੀੜ ਉਮੜ ਰਹੀ ਹੈ ਅਤੇ ਲੋਕ ਘਰਾਂ ਨੂੰ ਸਜਾਉਣ ਅਤੇ ਲਾਈਟਾਂ ਪਾਉਣ ’ਚ ਜੁੱਟੇ ਹਨ। ਇਸੇ ਦੌਰਾਨ ਸ਼ਹਿਰਵਾਸੀਆਂ ਨੂੰ ਪੇਸ਼ ਆ ਰਹੀ ਆਵਾਜਾਈ ਸਮੱਸਿਆ ਲਈ ਟਰੈਫ਼ਿਕ ਪੁਲੀਸ ਵੀ ਮੁਸਤੈਦ ਦਿਖਾਈ ਦੇ ਰਹੇ ਹਨ। ਉੱਥੇ ਹੀ ਸ਼ਹਿਰ ’ਚ ਕਿਸੇ ਅਣਸੁਖਾਵੀ ਘਟਨਾ ਦੇ ਵਾਪਰਨ ਦੀ ਸੂਰਤ ’ਚ ਫਾਇਰ ਬ੍ਰਿਗੇਡ ਦੀਆਂ 7 ਗੱਡੀਆਂ ਨੂੰ 24 ਘੰਟੇ ਸ਼ਹਿਰ ਦੇ ਵੱਖ-ਵੱਖ ਹਿੱਸਿਆ ਵਿੱਚ ਤਾਇਨਾਤ ਗਿਆ ਹੈ। ਤਿਉਹਾਰ ਮੌਕੇ ਸ਼ਹਿਰ ਵਿੱਚ ਭੀੜ-ਭਾੜ ਵਾਲੇ ਬਾਜ਼ਾਰਾਂ ਵਿੱਚ ਅੱਗਜਣੀ ਦੀਆਂ ਘਟਨਾਵਾਂ ’ਤੇ ਕਾਬੂ ਪਾਉਣ ਲਈ ਫਾਇਰ ਬ੍ਰਿਗੇਡ ਵੱਲੋਂ ਸ਼ਹਿਰ ’ਚ 7 ਥਾਵਾਂ ’ਤੇ ਫਾਇਰ ਟੈਂਡਰ ਖੜ੍ਹੇ ਕਰ ਦਿੱਤੇ ਗਏ ਹਨ। ਜੋ 3 ਨਵੰਬਰ ਤੋਂ 5 ਨਵੰਬਰ ਸਵੇਰ ਤੱਕ ਖੜ੍ਹੇ ਰਹਿਣਗੇ। ਇਸ ਤੋਂ ਇਲਾਵਾ ਫਾਇਰ ਬ੍ਰਿਗੇਡ ਦੇ 7 ਬੁਲੈਟ ਮੋਟਰਸਾਈਕਲਾਂ ਵੱਲੋਂ ਸ਼ਹਿਰ ਵਿੱਚ ਗਸ਼ਤ ਕੀਤੀ ਜਾਵੇਗੀ। ਤਿਉਹਾਰਾਂ ਦੌਰਾਨ ਕਿਸੇ ਅਣਸੁਖਾਵੀ ਘਟਨਾ ਵਾਪਰਨ ’ਤੇ ਉਸ ’ਤੇ ਕਾਬੂ ਪਾਉਣ ਲਈ ਫਾਇਰ ਬ੍ਰਿਗੇਡ ਦੇ ਸਾਰੇ ਮੁਲਾਜ਼ਮਾਂ ਦੀਆਂ ਛੁੱਟੀਆਂ ਰੱਦ ਕਰ ਦਿੱਤੀਆਂ ਗਈਆਂ ਹਨ।
ਪ੍ਰਾਪਤ ਜਾਣਕਾਰੀ ਅਨੁਸਾਰ ਫਾਈਰ ਬ੍ਰਿਗੇਡ ਵੱਲੋਂ ਸੈਕਟਰ-19 ਦੇ ਸਦਰ ਬਾਜ਼ਾਰ, ਸੈਕਟਰ-22 ਦੇ ਅਰੋਮਾ ਲਾਈਟ ਪੁਆਇੰਟ, ਹਾਊਸਿੰਗ ਬੋਰਡ ਚੌਕ, ਸੈਕਟਰ-15 ਪਟੇਲ ਮਾਰਕੀਟ, ਸੈਕਟਰ-17 ਪਲਾਜ਼ਾ, ਰਾਮਦਰਬਾਰ, ਅਨਾਜ ਮੰਡੀ ਸੈਕਟਰ-26 ਅਤੇ ਹੋਰ ਭੀੜ-ਭਾੜ ਵਾਲੇ ਬਾਜ਼ਾਰਾਂ ਵਿੱਚ ਫਾਇਰ ਬ੍ਰਿਗੇਡ ਦੇ ਮੁਲਾਜ਼ਮ ਹਰ ਸਮੇਂ ਤਾਇਨਾਤ ਰਹਿਣਗੇ। ਜਦੋਂਕਿ ਸ਼ਹਿਰ ਦੇ ਭੀੜ-ਭਾੜ ਅਤੇ ਰਿਹਾਇਸ਼ੀ ਇਲਾਕਿਆਂ ਵਿੱਚ ਮੋਟਰਸਾਈਕਲਾਂ ਰਾਹੀਂ ਗਸ਼ਤ ਕੀਤੀ ਜਾਵੇਗੀ। ਇਸ ਤੋਂ ਇਲਾਵਾ ਪ੍ਰਸ਼ਾਸਨਿਕ ਅਧਿਕਾਰੀਆਂ ਵੱਲੋਂ ਸ਼ਹਿਰ ਵਾਸੀਆਂ ਨੂੰ ਪੁਲੀਸ, ਐਂਬੂਲੈਂਸ ਅਤੇ ਫਾਇਰ ਬ੍ਰਿਗੇਡ ਦੀ ਲੋੜ ਪੈਣ ’ਤੇ 112 ’ਤੇ ਸੰਪਰਕ ਕਰਨ ਦੀ ਅਪੀਲ ਕੀਤੀ ਗਈ। ਇਸ ਨੰਬਰ ਰਾਹੀਂ ਕਿਸੇ ਵੀ ਥਾਂ ’ਤੇ ਐਮਰਜੰਸੀ ਸੇਵਾਵਾਂ ਮੁਹੱਈਆ ਕਰਵਾਈਆਂ ਜਾਣਗੀਆਂ।
ਟਰੈਫ਼ਿਕ ਸਮੱਸਿਆ ਦੇ ਨਿਪਟਾਰੇ ਲਈ 283 ਪੁਲੀਸ ਮੁਲਾਜ਼ਮ ਤਾਇਨਾਤ
ਦੀਵਾਲੀ ਮੌਕੇ ਸ਼ਹਿਰ ਵਿੱਚ ਪੇਸ਼ ਆਉਣ ਵਾਲੀ ਪਾਰਕਿੰਗ ਦੀ ਸਮੱਸਿਆਂ ਦੇ ਹੱਲ ਲਈ ਚੰਡੀਗੜ੍ਹ ਟਰੈਫ਼ਿਕ ਪੁਲੀਸ ਨੇ ਵੱਖ-ਵੱਖ ਸਕੂਲਾਂ ਤੇ ਸਮੁਦਾਇਕ ਕੇਂਦਰਾਂ ਵਿੱਚ ਪਾਰਕਿੰਗ ਲਈ ਥਾਂਵਾਂ ਦੀ ਚੋਣ ਕੀਤੀ ਗਈ ਹੈ। ਇਸ ਤੋਂ ਇਲਾਵਾ ਸ਼ਹਿਰ ’ਚ ਆਵਾਜਾਈ ਨੂੰ ਸੁਚਾਰੂ ਢੰਗ ਨਾਲ ਚਲਾਉਣ ਲਈ 4 ਡੀਐੱਸਪੀ, 7 ਇੰਸਪੈਕਟਰ ਸਣੇ 283 ਪੁਲੀਸ ਮੁਲਾਜ਼ਮ ਤਾਇਨਾਤ ਕੀਤੇ। ਜੋ ਨੋ ਪਾਰਕਿੰਗ ਵਿੱਚ ਗੱਡੀ ਖੜ੍ਹਾਉਣ ਵਾਲਿਆਂ ਦੇ ਵਾਹਨਾਂ ਨੂੰ ਜ਼ਬਤ ਕਰਕੇ ਲੈ ਜਾਣਗੇ। ਚੰਡੀਗੜ੍ਹ ਪੁਲੀਸ ਦੇ ਬੁਲਾਰੇ ਨੇ ਲੋਕਾਂ ਨੂੰ ਆਪਣੇ ਵਾਹਨ ਸਕੂਲਾਂ ਦੀ ਪਾਰਕਿੰਗ ਵਿੱਚ ਖੜ੍ਹੇ ਕਰਨ ਅਤੇ ਦੀਵਾਲੀ ਮੌਕੇ ਸਮਾਜਿਕ ਦੂਰੀ ਦੇ ਨਿਯਮਾਂ ਦੀ ਪਾਲਣਾ ਕਰਨ ਸਬੰਧੀ ਅਪੀਲ ਕੀਤੀ ਹੈ।
ਦੀਪਮਾਲਾ ਮੌਕੇ ਖੁੱਲ੍ਹੇ ਕੱਪੜਿਆਂ ਦਾ ਧਿਆਨ ਰੱਖਿਆ ਜਾਵੇ: ਗੌਤਮ
ਯੂਟੀ ਦੇ ਸਟੇਸ਼ਨ ਫਾਇਰ ਅਫ਼ਸਰ ਐੱਲਬੀ ਗੌਤਮ ਨੇ ਦੱਸਿਆ ਕਿ ਦੀਵਾਲੀ ਮੌਕੇ ਘਰਾਂ ਦੇ ਦਰਵਾਜ਼ੇ ਅਤੇ ਖਿੜਕੀਆਂ ਬੰਦ ਰੱਖੋ ਤਾਂ ਜੋ ਕੋਈ ਪਟਾਕਾ ਜਾ ਚਿੰਗਾਰੀ ਘਰ ’ਚ ਦਾਖਲ ਨਾ ਹੋਵੇ। ਇਸ ਦੇ ਨਾਲ ਹੀ ਉਨ੍ਹਾਂ ਲੋਕਾਂ ਨੂੰ ਘਰਾਂ ਦੀਆਂ ਛੱਤਾਂ ਨੂੰ ਸਾਫ਼ ਸੁਥਰਾ ਰੱਖਣ ਦੀ ਅਪੀਲ ਕੀਤੀ ਹੈ। ਉਨ੍ਹਾਂ ਕਿਹਾ ਕਿ ਘਰਾਂ ’ਤੇ ਲਾਈਟਾਂ ਪਾਉਣ ਸਮੇਂ ਬਿਜਲੀ ਦੀਆਂ ਤਾਰਾਂ ਦੇ ਜੋੜਾਂ ਨੂੰ ਚੰਗੀ ਤਰ੍ਹਾਂ ਬੰਦ ਕੀਤਾ ਜਾਵੇ ਨਹੀਂ ਤਾਂ ਸ਼ਾਰਟ ਸਰਕੀਟ ਹੋਣ ਨਾਲ ਅੱਗ ਲੱਗ ਸਕਦੀ ਹੈ। ਇਸ ਤੋਂ ਇਲਾਵਾ ਰਾਤ ਸਮੇਂ ਦੀਪ ਮਾਲਾ ਕਰਨ ਲੱਗੇ ਖੁੱਲ੍ਹੇ ਕੱਪੜਿਆ ਦਾ ਧਿਆਨ ਰੱਖਿਆ ਜਾਵੇ। ਜਿਸ ਨਾਲ ਕਿਸੇ ਵੀ ਅਣਸੁਖਾਵੀ ਘਟਨਾ ਨੂੰ ਵਾਪਰਨ ਤੋਂ ਰੋਕਿਆ ਜਾ ਸਕੇ।