ਆਤਿਸ਼ ਗੁਪਤਾ
ਚੰਡੀਗੜ੍ਹ, 19 ਅਪਰੈਲ
ਪੀਜੀਆਈ ਸਥਿਤ 66 ਕੇਵੀ ਗਰਿੱਡ ਸਬ ਸਟੇਸ਼ਨ ਵਿੱਚ ਅੱਜ ਦੇਰ ਸ਼ਾਮ ਅੱਗ ਲੱਗ ਗਈ, ਜਿਸ ਕਰ ਕੇ ਸਬ ਸਟੇਸ਼ਨ ਵਿੱਚ ਬਣੇ ਕਈ ਫੀਡਰ ਸੜ ਗਏ। ਅੱਗ ਲੱਗਣ ਬਾਰੇ ਜਾਣਕਾਰੀ ਮਿਲਦੇ ਹੀ ਫਾਇਰ ਬ੍ਰਿਗੇਡ ਦੀ ਟੀਮ ਨੇ ਮੌਕੇ ’ਤੇ ਪਹੁੰਚ ਕੇ ਦੋ ਘੰਟੇ ਦੀ ਮਸ਼ੱਕਤ ਤੋਂ ਬਾਅਦ ਅੱਗ ’ਤੇ ਕਾਬੂ ਪਾਇਆ। ਦੂਜੇ ਪਾਸੇ 66 ਕੇਵੀ ਗਰਿੱਡ ਦੇ ਸਬ ਸਟੇਸ਼ਨ ਵਿੱਚ ਅੱਗ ਲੱਗਣ ਕਰ ਕੇ ਪੀਜੀਆਈ, ਸੈਕਟਰ 12, 25, 14, 15 ਅਤੇ ਖੁੱਡਾ ਲਾਹੌਰਾ ਹਨੇਰੇ ਵਿੱਚ ਡੁੱਬ ਗਏ। ਬਿਜਲੀ ਸਪਲਾਈ ਬੰਦ ਹੋਣ ਕਰ ਕੇ ਲੋਕਾਂ ਨੂੰ ਭਾਰੀ ਦਿੱਕਤਾਂ ਦਾ ਸਾਹਮਣਾ ਕਰਨਾ ਪਿਆ। ਅੱਜ ਸ਼ਾਮ ਨੂੰ 7 ਵਜੇ ਦੇ ਕਰੀਬ 66 ਕੇਵੀ ਗਰਿੱਡ ਦੇ ਸਬ ਸਟੇਸ਼ਨ ਵਿੱਚ ਸ਼ਾਰਟ ਸਰਕਟ ਹੋ ਗਿਆ, ਜਿਸ ਕਰ ਕੇ ਅੱਗ ਲੱਗ ਗਈ। ਇਸ ਦੌਰਾਨ ਸਬ ਸਟੇਸ਼ਨ ਵਿੱਚ ਬਣੇ ਕਈ ਫੀਡਰ ਸੜ ਗਏ। ਉੱਧਰ, ਫੀਡਰ ਵਿੱਚ ਅੱਗ ਲੱਗਣ ਕਰ ਕੇ ਸ਼ਹਿਰ ਦੇ ਕਈ ਇਲਾਕਿਆਂ ਵਿੱਚ ਹਨੇਰਾ ਛਾ ਗਿਆ। ਅੱਗ ’ਤੇ ਕਾਬੂ ਪਾਉਣ ਉਪਰੰਤ ਬਿਜਲੀ ਵਿਭਾਗ ਦੇ ਮੁਲਾਜ਼ਮਾਂ ਨੇ ਮੁੜ ਬਿਜਲੀ ਸਪਲਾਈ ਬਹਾਲ ਕਰਨ ਲਈ ਪੁਰਜ਼ੋਰ ਕੋਸ਼ਿਸ਼ਾਂ ਸ਼ੁਰੂ ਕਰ ਦਿੱਤੀਆਂ ਹਨ।
ਜ਼ਿਕਰਯੋਗ ਹੈ ਕਿ ਖ਼ਬਰ ਲਿਖੇ ਜਾਣ ਤੱਥ ਪੀਜੀਆਈ ਚੰਡੀਗੜ੍ਹ ਵਿੱਚ ਬਿਜਲੀ ਸਪਲਾਈ ਬੰਦ ਪਈ ਸੀ ਤੇ ਬਿਜਲੀ ਸਪਲਾਈ ਬੰਦ ਹੋਣ ਤੋਂ ਬਾਅਦ ਪੀਜੀਆਈ ਵਿੱਚ ਜੈਨਰੇਟਰਾਂ ਸਣੇ ਹੋਰਨਾਂ ਆਰਜ਼ੀ ਪ੍ਰਬੰਧਾਂ ਨਾਲ ਗੁਜ਼ਾਰਾ ਕੀਤਾ ਜਾ ਰਿਹਾ ਸੀ। ਪੀਜੀਆਈ ਵਿੱਚ ਬਿਜਲੀ ਸਪਲਾਈ ਬੰਦ ਹੋਣ ਕਰ ਕੇ ਪ੍ਰਸ਼ਾਸਨ ਨੂੰ ਹੱਥਾਂ ਪੈਰਾਂ ਦੀ ਪੈ ਗਈ। ਬਿਜਲੀ ਵਿਭਾਗ ਦੇ ਐਕਸੀਅਨ ਚੰਦਰਸ਼ੇਖਰ ਨੇ 66 ਕੇਵੀ ਗਰਿੱਡ ਦੇ ਸਬ ਸਟੇਸ਼ਨ ਵਿੱਚ ਅੱਗ ਲੱਗਣ ਦੀ ਪੁਸ਼ਟੀ ਕੀਤੀ ਹੈ। ਉਨ੍ਹਾਂ ਦੱਸਿਆ ਕਿ ਤਿੰਨ-ਚਾਰ ਘੰਟਿਆਂ ਵਿੱਚ ਬਿਜਲੀ ਸਪਲਾਈ ਮੁੜ ਚਾਲੂ ਕਰ ਦਿੱਤੀ ਜਾਵੇਗੀ। ਪੀਜੀਆਈ ਸਥਿਤ 66 ਕੇਵੀ ਗਰਿੱਡ ਦੇ ਸਬ ਸਟੇਸ਼ਨ ਵਿੱਚ ਅੱਗ ਲੱਗਣ ਕਰ ਕੇ ਪੰਜਾਬ ਯੂਨੀਵਰਸਿਟੀ ਵਿੱਚ ਵੀ ਬਿਜਲੀ ਸਪਲਾਈ ਠੱਪ ਹੋ ਗਈ। ਬੁੱਧਵਾਰ ਨੂੰ ਪ੍ਰੀਖਿਆ ਹੋਣ ਕਰ ਕੇ ਵਿਦਿਆਰਥੀਆਂ ਨੂੰ ਪ੍ਰੇਸ਼ਾਨ ਹੁੰਦੇ ਦੇਖਿਆ ਗਿਆ। ਉਨ੍ਹਾਂ ਨੂੰ ਬਿਜਲੀ ਸਪਲਾਈ ਠੱਪ ਹੋਣ ਕਰ ਕੇ ਪੜ੍ਹਨ ਵਿੱਚ ਕਾਫੀ ਦਿੱਕਤ ਪੇਸ਼ ਆ ਰਹੀ ਸੀ।
ਅੱਗ ਲੱਗਣ ’ਤੇ ਸੁਰੱਖਿਅਤ ਬਾਹਰ ਨਿਕਲਣ ਬਾਰੇ ਜਾਣਕਾਰੀ ਦਿੱਤੀ
ਚੰਡੀਗੜ੍ਹ (ਖੇਤਰੀ ਪ੍ਰਤੀਨਿਧ): ਚੰਡੀਗ੍ਹੜ ਨਗਰ ਨਿਗਮ ਦੇ ਫਾਇਰ ਐਂਡ ਐਮਰਜੈਂਸੀ ਸੇਵਾਵਾਂ ਵਿੰਗ ਵੱਲੋਂ ‘ਫਾਇਰ ਸਰਵਿਸ ਡੇਅ’ ਦੇ ਸਬੰਧ ਵਿੱਚ ਅੱਜ ਇੱਥੋਂ ਦੇ ਮਨੀਮਾਜਰਾ ਸਥਿਤ ਆਈਟੀ ਪਾਰਕ ਵਿੱਚ ਡੀਐੱਲਐੱਫ ਦੀ ਇਮਾਰਤ ਵਿੱਚ ਇੱਕ ‘ਮੌਕ ਡਰਿੱਲ’ ਕੀਤੀ ਗਈ। ਇਸ ਮੌਕੇ ਨਗਰ ਨਿਗਮ ਦੇ ਫਾਇਰ ਬ੍ਰਿਗੇਡ ਵਿੰਗ ਦੇ ਮੁਲਾਜ਼ਮਾਂ ਅਤੇ ਅਧਿਕਾਰੀਆਂ ਨੇ ਇਮਾਰਤ ਵਿਚਲੇ ਦਫ਼ਤਰਾਂ ਦੇ ਸਟਾਫ਼ ਨੂੰ ਅੱਗ ਬੁਝਾਊ ਯੰਤਰਾਂ ਅਤੇ ਉਨ੍ਹਾਂ ਨੂੰ ਇਸਤੇਮਾਲ ਕਰਨ ਬਾਰੇ ਜਾਣਕਾਰੀ ਦਿੱਤੀ। ਇਸ ਦੇ ਨਾਲ ਹੀ ਅੱਗ ਲੱਗਣ ਦੀ ਸੂਰਤ ਵਿੱਚ ਅੱਗ ਤੋਂ ਬਚਾਅ ਕਰਨ ਦੇ ਤਰੀਕਿਆਂ ਬਾਰੇ ਵੀ ਦੱਸਿਆ।