ਚੰਡੀਗੜ੍ਹ: ਇਥੋਂ ਦੇ ਸੈਕਟਰ 33 ਸਥਿਤ ਪੰਜਾਬ ਦੇ ਵਿੱਤ ਤੇ ਯੋਜਨਾ ਭਵਨ ਵਿੱਚ 18 ਸਤੰਬਰ ਦੀ ਸਵੇਰ ਅਚਾਨਕ ਲੱਗੀ ਅੱਗ ਤੋਂ ਤਿੰਨ ਦਿਨ ਬਾਅਦ ਅੱਜ ਵੀ ਦਫ਼ਤਰਾਂ ਦਾ ਕੰਮ ਕਾਜ ਸ਼ੁਰੂ ਨਹੀਂ ਹੋ ਸਕਿਆ। ਇਮਾਰਤ ਵਿੱਚ ਬਿਜਲੀ, ਸੈਂਟਰਲਾਈਜ਼ਡ ਏਅਰਕੰਡੀਸ਼ਨਰ ਸਿਸਟਮ, ਕੰਪਿਊਟਰ, ਪ੍ਰਿੰਟਰ, ਫੋਟੋਸਟੇਟ ਮਸ਼ੀਨਾਂ, ਵਰਕ ਸਟੇਸ਼ਨਾਂ ਸਮੇਤ ਦਫ਼ਤਰੀ ਰਿਕਾਰਡ ਆਦਿ ਵੀ ਅੱਗ ਦੀ ਭੇਟ ਚੜ੍ਹ ਜਾਣ ਕਾਰਨ ਫਿਲਹਾਲ ਕੰਮ ਸ਼ੁਰੂ ਹੋਣ ਦੀ ਸੰਭਾਵਨਾ ਨਹੀਂ ਹੈ। ਇਸ ਕਾਰਨ ਦਫ਼ਤਰਾਂ ਦਾ ਕੰਮ ਕਾਜ ਠੱਪ ਪਿਆ ਹੈ। ਅੱਜ ਪੂਰਾ ਦਿਨ ਦਫ਼ਤਰਾਂ ਵਿੱਚ ਕੋਈ ਵੀ ਕੰਮ ਕਾਜ ਨਹੀਂ ਹੋ ਸਕਿਆ ਅਤੇ ਪੂਰਾ ਦਿਨ ਦਫ਼ਤਰਾਂ ਵਿੱਚ ਸੰਨਾਟਾ ਛਾਇਆ ਰਿਹਾ। ਪਤਾ ਲੱਗਾ ਹੈ ਕਿ ਸੀਨੀਅਰ ਅਧਿਕਾਰੀਆਂ ਵੱਲੋਂ ਮੀਟਿੰਗ ਕਰਕੇ ਤਿੰਨ ਮਹੀਨਿਆਂ ਲਈ ਕੋਈ ਹੋਰ ਇਮਾਰਤ ਕਿਰਾਏ ਉਤੇ ਲੈ ਕੇ ਕੰਮ ਚਲਾਉਣ ਲਈ ਕਿਹਾ ਗਿਆ ਹੈ। -ਪੱਤਰ ਪ੍ਰੇਰਕ