ਮੁਕੇਸ਼ ਕੁਮਾਰ
ਚੰਡੀਗੜ੍ਹ, 30 ਜੁਲਾਈ
ਰਾਜਸਥਾਨ ਦੇ ਬਾੜਮੇਰ ਨੇੜੇ ਵੀਰਵਾਰ ਰਾਤ ਭਾਰਤੀ ਹਵਾਈ ਸੈਨਾ ਦਾ ਮਿਗ-21 ਜਹਾਜ਼ ਹਾਦਸੇ ਦਾ ਸ਼ਿਕਾਰ ਹੋ ਗਿਆ ਸੀ। ਇਸ ਹਾਦਸੇ ’ਚ ਸ਼ਹੀਦ ਹੋਏ ਹਿਮਾਚਲ ਦੇ ਵਿੰਗ ਕਮਾਂਡਰ ਮੋਹਿਤ ਰਾਣਾ ਦੀ ਮ੍ਰਿਤਕ ਦੇਹ ਅੱਜ ਦੁਪਹਿਰ ਵੇਲੇ ਉਨ੍ਹਾਂ ਦੇ ਗ੍ਰਹਿ ਨਿਊ ਚੰਡੀਗੜ੍ਹ ਵਿੱਚ ਪੁੱਜੀ। ਸ਼ਹੀਦ ਮੋਹਿਤ ਰਾਣਾ ਨੂੰ ਪਰਿਵਾਰਕ ਮੈਂਬਰਾਂ, ਸਕੇ-ਸਬੰਧੀਆਂ ਤੇ ਇਲਾਕਾ ਵਾਸੀਆਂ ਵੱਲੋਂ ਭਾਵਭਿੰਨੀ ਸ਼ਰਧਾਂਜਲੀ ਦਿੱਤੀ ਗਈ ਤੇ ਬਾਅਦ ਦੁਪਹਿਰ 3 ਵਜੇ ਚੰਡੀਗੜ੍ਹ ਦੇ ਸੈਕਟਰ-25 ਸਥਿਤ ਸ਼ਮਸ਼ਾਨਘਾਟ ਵਿੱਚ ਸਰਕਾਰੀ ਸਨਮਾਨਾਂ ਨਾਲ ਉਨ੍ਹਾਂ ਦਾ ਅੰਤਿਮ ਸਸਕਾਰ ਕਰ ਦਿੱਤਾ ਗਿਆ।
ਇਸ ਮੌਕੇ ਸ਼ਹੀਦ ਮੋਹਿਤ ਰਾਣਾ ਦੇ ਪਰਿਵਾਰਕ ਮੈਂਬਰਾਂ ਸਮੇਤ ਵੱਡੀ ਗਿਣਤੀ ਵਿੱਚ ਰਿਸ਼ਤੇਦਾਰ ਹਾਜ਼ਰ ਸਨ। ਉਨ੍ਹਾਂ ਦੀ ਪਤਨੀ ਨਿਧੀ ਅਤੇ ਚਾਚੇ ਦੇ ਬੇਟੇ ਰੋਹਿਤ ਨੇ ਸ਼ਹੀਦ ਮੋਹਿਤ ਰਾਣਾ ਦੀ ਚਿਖਾ ਨੂੰ ਅਗਨੀ ਦਿਖਾਈ। ਇਸ ਤੋਂ ਪਹਿਲਾਂ ਸ਼ਹੀਦ ਵਿੰਗ ਕਮਾਂਡਰ ਮੋਹਿਤ ਰਾਣਾ ਨੂੰ ਓਮੈਕਸ ਸਿਟੀ, ਨਿਊ ਚੰਡੀਗੜ੍ਹ ਸਥਿਤ ਉਨ੍ਹਾਂ ਦੀ ਰਿਹਾਇਸ਼ ’ਤੇ ਸ਼ਰਧਾ ਦੇ ਫੁੱਲ ਭੇਟ ਕੀਤੇ ਗਏ। ਮੋਹਿਤ ਰਾਣਾ ਦੀਆਂ ਦੋ ਭੈਣਾਂ ਹਨ ਜਿਨ੍ਹਾਂ ਨੇ ਆਪਣੇ ਸ਼ਹੀਦ ਭਰਾ ਨੂੰ ਰੱਖੜੀ ਬੰਨ੍ਹੀ। ਇਸ ਮੌਕੇ ਸਥਾਨਕ ਪੁਲੀਸ ਤੇ ਏਅਰ ਫੋਰਸ ਦੇ ਅਧਿਕਾਰੀ ਵੀ ਤਾਇਨਾਤ ਸਨ। ਸ਼ਹੀਦ ਵਿੰਗ ਕਮਾਂਡਰ ਮੋਹਿਤ ਰਾਣਾ ਮੂਲ ਰੂਪ ’ਚ ਹਿਮਾਚਲ ਪ੍ਰਦੇਸ਼ ਦੇ ਮੰਡੀ ਜ਼ਿਲ੍ਹੇ ਦੇ ਸੰਧੋਲ ਦੇ ਰਹਿਣ ਵਾਲੇ ਸਨ। ਉਨ੍ਹਾਂ ਦਾ ਪਰਿਵਾਰ ਨਿਊ ਚੰਡੀਗੜ੍ਹ ’ਚ ਰਹਿੰਦਾ ਹੈ।
ਮੋਹਿਤ ਦੇ ਪਿਤਾ ਓਮ ਪ੍ਰਕਾਸ਼ ਰਾਣਾ ਬਤੌਰ ਲੈਫਟੀਨੈਂਟ ਕਰਨਲ ਸੇਵਾ-ਮੁਕਤ ਹੋਏ ਹਨ। ਮੋਹਿਤ ਰਾਣਾ ਦੇ ਅੰਤਿਮ ਸਸਕਾਰ ਵਿੱਚ ਸ਼ਾਮਲ ਹੋਣ ਲਈ ਉਨ੍ਹਾਂ ਦੇ ਜੱਦੀ ਪਿੰਡ ਤੋਂ ਵੀ ਲੋਕ ਪਹੁੰਚੇ ਹੋਏ ਸਨ। ਉਸ ਦੀ ਪਤਨੀ ਨਿਧੀ ਅਤੇ ਤਿੰਨ ਸਾਲ ਦੀ ਬੇਟੀ ਰਾਜਸਥਾਨ ਦੇ ਏਅਰ ਫੋਰਸ ਸਟੇਸ਼ਨ ’ਤੇ ਉਨ੍ਹਾਂ ਦੇ ਨਾਲ ਰਹਿੰਦੀਆਂ ਸਨ। ਮੋਹਿਤ ਦਾ ਜਨਮ ਦਿਨ 23 ਜੁਲਾਈ ਨੂੰ ਸੀ। ਵਿੰਗ ਕਮਾਂਡਰ ਮੋਹਿਤ ਰਾਣਾ ਦੀ ਮੌਤ ਨਾਲ ਇਲਾਕੇ ਵਿੱਚ ਗਮ ਦਾ ਮਾਹੌਲ ਹੈੇ ਤੇ ਹਰ ਚਿਹਰਾ ਗੰਭੀਰ ਨਜ਼ਰ ਆ ਰਿਹਾ ਸੀ।