ਕੁਲਦੀਪ ਸਿੰਘ
ਚੰਡੀਗੜ੍ਹ, 10 ਅਪਰੈਲ
ਵਿਦਿਆਰਥੀ ਜਥੇਬੰਦੀ ਪੀਐੱਸਯੂ (ਲਲਕਾਰ) ਨੇ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਸਥਿਤ ਵਾਈਸ ਚਾਂਸਲਰ ਦਫ਼ਤਰ ਅੱਗੇ ਚੱਲ ਰਹੇ ਪੱਕੇ ਧਰਨੇ ਵਿੱਚ ਬਰਤਾਨਵੀ ਬਸਤੀਵਾਦੀ ਸ਼ਾਸਨ ਖ਼ਿਲਾਫ਼ ਬੰਗਾਲ ਦੇ ਚਿਟਾਗਾਂਗ ਵਿਦਰੋਹ ’ਤੇ ਅਧਾਰਿਤ ਫ਼ਿਲਮ ‘ਚਿਟਾਗਾਂਗ’ ਦੀ ਪਰਦਾਪੇਸ਼ੀ ਕੀਤੀ। ਪੰਜਾਬ ਯੂਨੀਵਰਸਿਟੀ ਦੇ ਚੀਫ਼ ਸਕਿਓਰਿਟੀ ਅਫ਼ਸਰ, ਹੋਸਟਲ ਵਾਰਡਨਾਂ ਅਤੇ ਚੰਡੀਗੜ੍ਹ ਪੁਲੀਸ ਨੇ ਮੌਕੇ ’ਤੇ ਪਹੁੰਚ ਕੇ ਪ੍ਰੋਗਰਾਮ ਰੋਕਣ ਦੀ ਕੋਸ਼ਿਸ਼ ਵੀ ਕੀਤੀ ਪਰ ਪੀਐੱਸਯੂ (ਲਲਕਾਰ) ਨੇ ਵਿਦਿਆਰਥੀ ਏਕੇ ਦੇ ਦਮ ਉਤੇ ਫਿਲਮ ਸ਼ੋਅ ਪੂਰਾ ਕੀਤਾ। ਵਿਦਿਆਰਥੀ ਆਗੂ ਅਮਨਦੀਪ ਨੇ ਕਿਹਾ ਕਿ ਪੰਜਾਬ ਯੂਨੀਵਰਸਿਟੀ ਵਿੱਚ ਅਥਾਰਿਟੀ ਵੱਲੋਂ ਡੀਜੇ ਨਾਈਟਾਂ, ਭਾਜਪਾ-ਆਰਐੱਸਐੱਸ-ਏਬੀਵੀਪੀ ਦੇ ਪ੍ਰੋਗਰਾਮਾਂ ਵਾਸਤੇ ਤਾਂ ਇਜਾਜ਼ਤ ਦੇ ਦਿੱਤੀ ਜਾਂਦੀ ਹੈ ਅਤੇ ਆਡੀਟੋਰੀਅਮ ਵੀ ਦੇ ਦਿੱਤੇ ਜਾਂਦੇ ਹਨ ਪਰ ਜੇਕਰ ਕੋਈ ਹੋਰ ਵਿਦਿਆਰਥੀ ਜਥੇਬੰਦੀ ਕੋਈ ਵਿਦਿਆਰਥੀਆਂ, ਸਿੱਖਿਆ, ਸਮਾਜ ਦੇ ਮਸਲਿਆਂ ’ਤੇ ਕੋਈ ਵਿਚਾਰ-ਵਟਾਂਦਰਾ ਕਰਨਾ ਚਾਹਵੇ ਤਾਂ ਕਈ ਪ੍ਰਕਾਰ ਦੀਆਂ ਰੋਕਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਉਨ੍ਹਾਂ ਕਿਹਾ ਕਿ ਯੂਨੀਵਰਸਿਟੀ ਵਿੱਚ ਜਮਹੂਰੀ ਮਾਹੌਲ ਬਣਾਉਣ ਲਈ ਸੰਘਰਸ਼ ਕਰਦੇ ਰਹਿਣਗੇ।
ਹੋਸਟਲ ਨੰਬਰ-1 ਦੀ ਮੈੱਸ ਵਿੱਚ ਖਾਣੇ ਦਾ ਬਾਈਕਾਟ
ਪੰਜਾਬ ਯੂਨੀਵਰਸਿਟੀ ਵਿੱਚ ਵਾਈਸ ਚਾਂਸਲਰ ਦਫ਼ਤਰ ਦੇ ਬਾਹਰ ਵਿਦਿਆਰਥੀ ਜਥੇਬੰਦੀਆਂ ਦੇ ਚੱਲ ਰਹੇ ਪੱਕੇ ਧਰਨੇ ਦੌਰਾਨ ਐੱਸਐੱਫਐੱਸ ਦੇ ਸੱਦੇ ਉਤੇ ਅੱਜ ਦੇਰ ਸ਼ਾਮ ਲੜਕਿਆਂ ਦੇ ਹੋਸਟਲ ਨੰਬਰ 1 ਵਿੱਚ ਵਿਦਿਆਰਥੀਆਂ ਵੱਲੋਂ ਮੈੱਸ ਦੇ ਖਾਣੇ ਦਾ ਬਾਈਕਾਟ ਕੀਤਾ ਗਿਆ। ਐੱਸਐੱਫਐੱਸ ਪ੍ਰਧਾਨ ਸੰਦੀਪ ਨੇ ਕਿਹਾ ਕਿ ਜਥੇਬੰਦੀ ਵੱਲੋਂ ਹੋਸਟਲਾਂ ਦੀ ਅਲਾਟਮੈਂਟ ਵਿੱਚ ਭ੍ਰਿਸ਼ਟਾਚਾਰ, ਹੋਸਟਲਾਂ ਦੀਆਂ ਮੈੱਸਾਂ/ਕੰਟੀਨਾਂ ਅਤੇ ਵਿਦਿਆਰਥੀ ਕੇਂਦਰ ਦੀਆਂ ਕੰਟੀਨਾਂ ਉਤੇ ਖਾਣੇ ਦੇ ਰੇਟਾਂ ਵਿੱਚ ਵਾਧਾ ਬਰਦਾਸ਼ਤ ਨਹੀਂ ਕੀਤਾ ਜਾਵੇਗਾ ਅਤੇ ਇਨ੍ਹਾਂ ਮੰਗਾਂ ਦੀ ਪੂਰਤੀ ਤੱਕ ਸੰਘਰਸ਼ ਲਗਾਤਾਰ ਜਾਰੀ ਰਹੇਗਾ।