ਜਗਮੋਹਨ ਸਿੰਘ
ਰੂਪਨਗਰ, 1 ਮਾਰਚ
ਥਾਣਾ ਸਿਟੀ ਰੂਪਨਗਰ ਵਿੱਚ ਇੱਥੋਂ ਦੀ ਇੱਕ ਥੀਏਟਰ ਅਦਾਕਾਰਾ ਨਾਲ ਬੱਚਿਆਂ ਦਾ ਗਰੁੱਪ ਵਿਦੇਸ਼ ਭੇਜਣ ਦੀ ਆੜ ਵਿੱਚ ਪੈਸੇ ਹੜੱਪਣ ਦੋ ਦੋਸ਼ ਹੇਠ ਦੋ ਵਿਅਕਤੀਆਂ ਵਿਰੁੱਧ ਧੋਖਾਧੜੀ ਅਤੇ ਠੱਗੀ ਦੀਆਂ ਧਾਰਾਵਾਂ ਅਧੀਨ ਕੇਸ ਦਰਜ ਕੀਤਾ ਹੈ। ਜਾਂਚ ਅਧਿਕਾਰੀ ਹਰਮੇਸ਼ ਕੁਮਾਰ ਨੇ ਦੱਸਿਆ ਕਿ ਕੰਵਲਜੀਤ ਕੌਰ ਪਤਨੀ ਸਵਰਨ ਸਿੰਘ ਵਾਸੀ ਨਹਿਰੂ ਨਗਰ, ਰੂਪਨਗਰ ਥੀਏਟਰ ਅਦਾਕਾਰ ਵਜੋਂ ਕੰਮ ਕਰਦੀ ਹੈ ਅਤੇ ਉਸ ਨਾਲ ਵੱਖ ਵੱਖ ਥਾਵਾਂ ਦੇ ਬੱਚੇ ਜੁੜੇ ਹੋਏ ਹਨ। ਕੰਵਲਜੀਤ ਕੌਰ ਦੀ ਮੁਲਾਕਾਤ ਰਾਜਿੰਦਰ ਦੱਤ ਵਾਸੀ ਮਾਤਾ ਗੁਜਰੀ ਐਨਕਲੇਵ ਖਰੜ ਅਤੇ ਬਲਜੀਤ ਸਿੰਘ ਉਰਫ ਜੀਤ ਘੁੰਮਣ ਵਾਸੀ ਚੁੰਨੀ ਕਲਾਂ, ਜ਼ਿਲ੍ਹਾ ਫ਼ਤਹਿਗੜ੍ਹ ਸਾਹਿਬ ਨਾਲ ਹੋਈ ਸੀ, ਜਿਨ੍ਹਾਂ ਉਸ ਨੂੰ ਦੱਸਿਆ ਕਿ ਉਹ ਵੀਡੀਓ ਡਾਇਰੈਕਟਰ ਦਾ ਕੰਮ ਕਰਦੇ ਹਨ ਅਤੇ ਉਹ ਨਾਟਕ ਅਤੇ ਪਲੇਅ ਦੇ ਆਧਾਰ ’ਤੇ ਬੱਚਿਆਂ ਨੂੰ ਵਿਦੇਸ਼ ਲੈ ਕੇ ਜਾਂਦੇ ਹਨ। ਤਫਤੀਸ਼ੀ ਅਧਿਕਾਰੀ ਨੇ ਦੱਸਿਆ ਕਿ ਸ਼ਿਕਾਇਤਕਰਤਾ ਨੇ ਉਕਤ ਵਿਅਕਤੀਆਂ ਦੀਆਂ ਗੱਲਾਂ ਵਿੱਚ ਆ ਕੇ 26-27 ਬੱਚਿਆਂ ਦੇ ਗਰੁੱਪ ਨੂੰ ਵਿਦੇਸ਼ ਆਸਟਰੇਲੀਆ ਭੇਜਣ ਲਈ ਪ੍ਰਤੀ ਬੱਚਾ 15,000 ਰੁਪਏ ਦੇ ਹਿਸਾਬ ਨਾਲ ਪੈਸੇ ਦੇ ਦਿੱਤੇ, ਪਰ ਉਕਤ ਵਿਅਕਤੀ ਨਾ ਤਾਂ ਬੱਚਿਆਂ ਨੂੰ ਵਿਦੇਸ਼ ਲੈ ਕੇ ਗਏ ਅਤੇ ਨਾ ਹੀ ਉਨ੍ਹਾਂ ਦੇ ਪੈਸ ਹੀੇ ਵਾਪਸ ਕੀਤੇ। ਉਨ੍ਹਾਂ ਦੱਸਿਆ ਕਿ ਪੁਲੀਸ ਨੇ ਦੋਵਾਂ ਵਿਅਕਤੀਆਂ ਵਿਰੁੱਧ ਕੇਸ ਦਰਜ ਕਰ ਕੇ ਉਨ੍ਹਾਂ ਦੀ ਤਲਾਸ਼ ਸ਼ੁਰੂ ਕਰ ਦਿੱਤੀ ਹੈ।