ਹਰਜੀਤ ਸਿੰਘ
ਜ਼ੀਰਕਪੁਰ, 31 ਮਈ
ਪੁਲੀਸ ਨੇ ਨਾਬਾਲਗ ਧੀ ’ਤੇ ਮੈਲੀ ਨਜ਼ਰ ਰੱਖਣ ਅਤੇ ਉਸ ਨਾਲ ਅਸ਼ਲੀਲ ਹਰਕਤਾਂ ਕਰਨ ਦੇ ਦੋਸ਼ ਹੇਠ ਇੱਕ ਕਲਯੁੱਗੀ ਪਿਤਾ ਖ਼ਿਲਾਫ਼ ਕੇਸ ਦਰਜ ਕੀਤਾ ਹੈ। ਅੱਜ ਨਾਬਾਲਗ ਬੱਚੀ ਵੱਲੋਂ ਘਟਨਾ ਦੀ ਜਾਣਕਾਰੀ ਆਪਣੀ ਮਾਤਾ ਨੂੰ ਦੱਸੀ ਗਈ ਜਿਸ ਵੱਲੋਂ ਇਸ ਦੀ ਜਾਣਕਾਰੀ ਪੁਲੀਸ ਨੂੰ ਦਿੱਤੀ ਗਈ। ਪੁਲੀਸ ਨੇ ਤੁਰੰਤ ਕਥਿਤ ਦੋਸ਼ੀ ਖ਼ਿਲਾਫ਼ ਕੇਸ ਦਰਜ ਕਰ ਕੇ ਉਸ ਨੂੰ ਗ੍ਰਿਫ਼ਤਾਰ ਕਰ ਲਿਆ।
ਇਸ ਮਾਮਲੇ ਸਬੰਧੀ ਜਾਣਕਾਰੀ ਦਿੰਦਿਆਂ ਏ.ਐੱਸ.ਆਈ. ਰਾਜ ਕੌਰ ਨੇ ਦੱਸਿਆ ਕਿ ਮੁਲਜ਼ਮ ਦੀ ਪਤਨੀ ਨੇ ਸ਼ਿਕਾਇਤ ਦੇ ਕੇ ਦੱਸਿਆ ਕਿ ਉਸ ਦਾ ਪਤੀ ਮਕਬੂਲ ਸਬਜ਼ੀ ਦੀ ਰੇਹੜੀ ਲਾਉਂਦਾ ਹੈ। ਉਸ ਕੋਲ ਤਿੰਨ ਬੱਚੇ ਹਨ ਜਿਨ੍ਹਾਂ ਵਿੱਚ ਸਭ ਤੋਂ ਵੱਡਾ 20 ਸਾਲਾ ਦਾ ਲੜਕਾ, ਦੂਜੇ ਨੰਬਰ ’ਤੇ ਉਕਤ ਕੁੜੀ ਅਤੇ ਸਭ ਤੋਂ ਛੋਟਾ 15 ਸਾਲਾ ਦਾ ਲੜਕਾ ਹੈ। ਸਭ ਤੋਂ ਵੱਡਾ ਮੁੰਡਾ ਨੌਕਰੀ ਕਰਦਾ ਹੈ ਅਤੇ ਦੋਵੇਂ ਛੋਟੇ ਬੱਚੇ ਪੜ੍ਹਦੇ ਹਨ।
ਸ਼ਿਕਾਇਤਕਰਤਾ ਨੇ ਦੱਸਿਆ ਕਿ ਲੰਘੀ 29 ਮਈ ਨੂੰ ਉਹ ਕਿਸੇ ਕੰਮ ਨੂੰ ਲੈ ਕੇ ਬਾਹਰ ਗਈ ਹੋਈ ਸੀ। ਇਸ ਦੌਰਾਨ ਉਸ ਦੀ ਕੁੜੀ ਘਰ ਵਿੱਚ ਇਕੱਲੀ ਸੀ। ਉਸ ਨੇ ਦੱਸਿਆ ਕਿ ਜਦੋਂ ਉਹ ਘਰ ਵਾਪਸ ਆਈ ਤਾਂ ਉਸ ਦੀ ਲੜਕੀ ਰੋ ਰਹੀ ਸੀ। ਉਸ ਵੱਲੋਂ ਵਾਰ-ਵਾਰ ਪੁੱਛਣ ’ਤੇ ਉਸਨੇ ਦੱਸਿਆ ਕਿ ਉਸਦੇ ਪਿਤਾ ਵੱਲੋਂ ਉਸ ਨਾਲ ਸਰੀਰਕ ਛੇੜਛਾੜ ਕੀਤੀ ਗਈ ਸੀ ਤੇ ਉਸ ਵੱਲੋਂ ਉੱਚੀ- ਉੱਚੀ ਰੌਲਾ ਪਾਉਣ ’ਤੇ ਉਹ ਮੌਕੇ ਤੋਂ ਫ਼ਰਾਰ ਹੋ ਗਿਆ। ਪੁਲੀਸ ਨੇ ਮੁਲਜ਼ਮ ਮਕਬੂਲ ਖ਼ਿਲਾਫ਼ ਕੇਸ ਦਰਜ ਕਰ ਉਸ ਨੂੰ ਗ੍ਰਿਫ਼ਤਾਰ ਕਰ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।