ਨਿੱਜੀ ਪੱਤਰ ਪ੍ਰੇਰਕ
ਜ਼ੀਰਕਪੁਰ, 8 ਜੂਨ
ਪੁਲੀਸ ਨੇ ਇੱਕ ਔਰਤ ਨੂੰ ਬਲੈਕਮੇਲ ਕਰ ਕੇ ਜਬਰ-ਜਨਾਹ ਕਰਨ ਦੇ ਦੋਸ਼ ਹੇਠ ਇੱਕ ਫੋਟੋਗ੍ਰਾਫਰ ਖ਼ਿਲਾਫ਼ ਕੇਸ ਦਰਜ ਕੀਤਾ ਹੈ। ਮੁਲਜ਼ਮ ਦੀ ਪਛਾਣ ਸਾਹਿਲ ਖਾਨ ਵਾਸੀ ਦੱਪਰ ਲਾਲੜੂ ਵਜੋਂ ਹੋਈ ਹੈ। ਸ਼ਿਕਾਇਤਕਰਤਾ ਨੇ ਦੱਸਿਆ ਕਿ ਉਹ ਇੱਕ ਨਿੱਜੀ ਕੰਪਨੀ ਵਿੱਚ ਕੰਮ ਕਰਦੀ ਹੈ। ਮੁਲਜ਼ਮ ਉਨ੍ਹਾਂ ਦੀ ਕੰਪਨੀ ਵਿੱਚ ਟ੍ਰੇਨਿੰਗ ਲੈਣ ਲਈ ਆਇਆ ਸੀ ਜਿਸ ਦੌਰਾਨ ਉਸਦੀ ਮੁਲਜ਼ਮ ਨਾਲ ਜਾਣ-ਪਛਾਣ ਹੋ ਗਈ ਸੀ। ਸ਼ਿਕਾਇਤਕਰਤਾ ਨੇ ਦੱਸਿਆ ਕਿ ਮੁਲਜ਼ਮ ਆਪਣੇ ਮੋਬਾਈਲ ਵਿੱਚ ਉਸਦੀਆਂ ਫੋਟੋਆਂ ਖਿੱਚਦਾ ਰਹਿੰਦਾ ਸੀ ਜਿਸ ਨੂੰ ਉਹ ਡਿਲੀਟ ਕਰਵਾਉਣ ਲਈ ਉਸਦੇ ਸਟੂਡਿਊ ਗਈ ਸੀ। ਸ਼ਿਕਾਇਤਕਰਤਾ ਨੇ ਦੱਸਿਆ ਕਿ ਮੁਲਜ਼ਮ ਨੇ ਉੱਥੇ ਉਸ ਨਾਲ ਜਬਰ ਜਨਾਹ ਕੀਤਾ ਅਤੇ ਉਸਦੀ ਅਸ਼ਲੀਲ ਵੀਡੀਓ ਬਣਾ ਲਈ। ਇਸ ਆਧਾਰ ’ਤੇ ਉਹ ਉਸ ਨੂੰ ਰੂਟੀਨ ਵਿੱਚ ਬਲੈਕਮੇਲ ਕਰ ਕੇ ਉਸਦੀ ਬਿਨਾਂ ਮਰਜ਼ੀ ਤੋਂ ਸਰੀਰਕ ਸਬੰਧ ਬਣਾਉਣ ਲੱਗ ਪਿਆ। ਇਸ ਦੌਰਾਨ ਉਹ ਗਰਭਵਤੀ ਹੋ ਗਈ ਅਤੇ ਉਸ ਨੂੰ ਦਵਾਈ ਖਾਣੀ ਪਈ।