ਟ੍ਰਿਬਿਊਨ ਨਿਊਜ਼ ਸਰਵਿਸ
ਚੰਡੀਗੜ੍ਹ, 12 ਅਕਤੂਬਰ
ਤਿਉਹਾਰਾਂ ਦੀ ਆਮਦ ਕਰਕੇ ਸ਼ਹਿਰ ਦੇ ਵੱਖ-ਵੱਖ ਬਾਜ਼ਾਰਾਂ ਅਤੇ ਸੜਕਾਂ ’ਤੇ ਟਰੈਫ਼ਿਕ ਦੀ ਸਮੱਸਿਆ ਖੜ੍ਹੀ ਹੋਣ ਲੱਗ ਗਈ ਹੈ ਜਿਸ ਕਾਰਨ ਲੋਕਾਂ ਨੂੰ ਲੰਬਾਂ ਸਮਾਂ ਜਾਮ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਮਾਰਕੀਟਾਂ ’ਚ ਵੀ ਵਾਹਨ ਖੜ੍ਹਾਉਣ ਲਈ ਥਾਂ ਨਹੀਂ ਮਿਲ ਰਹੀ ਜਿਸ ਕਾਰਨ ਲੋਕਾਂ ਦੀਆਂ ਮੁਸ਼ਿਕਲਾਂ ਵੱਧ ਗਈਆਂ ਹਨ। ਚੰਡੀਗੜ੍ਹ ਟਰੈਫ਼ਿਕ ਪੁਲੀਸ ਨੇ ਲੋਕਾਂ ਨੂੰ ਟਰੈਫ਼ਿਕ ਸਮੱਸਿਆ ਤੋਂ ਨਿਜਾਤ ਦਵਾਉਣ ਲਈ ਸ਼ਹਿਰ ਦੇ ਸਕੂਲ, ਕਾਲਜ ਅਤੇ ਕਮਿਊਨਿਟੀ ਸੈਂਟਰਾਂ ’ਚ ਵਾਹਨ ਪਾਰਕਿੰਗ ਦਾ ਪ੍ਰਬੰਧ ਕੀਤਾ ਹੈ ਤਾਂ ਜੋ ਸ਼ਹਿਰ ਦੀਆਂ ਸੜਕਾਂ ਤੋਂ ਭੀੜ ਘਟਾਈ ਜਾ ਸਕੇ। ਚੰਡੀਗੜ੍ਹ ਟਰੈਫ਼ਿਕ ਪੁਲੀਸ ਦੇ ਬੁਲਾਰੇ ਨੇ ਦੱਸਿਆ ਕਿ ਦਸਹਿਰੇ ਤੋਂ ਲੈ ਕੇ ਦੀਵਾਲੀ ਤੱਕ ਸ਼ਹਿਰ ’ਚ ਆਵਾਜਾਈ ਵਿਵਸਥਾ ਨੂੰ ਸਹੀ ਰੱਖਣ ਲਈ 4 ਡੀਐੱਸਪੀ, 5 ਇੰਸਪੈਕਟਰ, 44 ਐਨਜੀਓ ਅਤੇ 91 ਓਆਰਜ਼ ਸਣੇ 149 ਪੁਲੀਸ ਮੁਲਾਜ਼ਮਾਂ ਨੂੰ ਸ਼ਹਿਰ ’ਚ ਤਾਇਨਾਤ ਕੀਤਾ ਹੈ। ਇਹ ਅਧਿਕਾਰੀ ਸ਼ਹਿਰ ’ਚ ਆਵਾਜਾਈ ਵਿਵਸਥਾ ਨੂੰ ਸੁਚਾਰੂ ਢੰਗ ਨਾਲ ਚਲਾਉਣ ਲਈ ਵੱਖ-ਵੱਖ ਬਾਜ਼ਰਾਂ ਅਤੇ ਚੌਕਾਂ ’ਚ ਤਾਇਨਾਤ ਰਹਿਣਗੇ। ਪੁਲੀਸ ਨੇ ਲੋਕਾਂ ਨੂੰ ਵੀ ਸੜਕ ’ਤੇ ਵਾਹਨ ਖੜ੍ਹੇ ਕਰਨ ਦੀ ਥਾਂ ਪਾਰਕਿੰਗ ’ਚ ਸਹੀ ਢੰਗ ਨਾਲ ਵਾਹਨ ਖੜ੍ਹਾਉਣ ਦੀ ਅਪੀਲ ਕੀਤੀ। ਪੁਲੀਸ ਨੇ ਸ਼ਹਿਰ ਦੇ ਸੈਕਟਰ 8 ਬੀ, 15 ਸੀ, 22 ਏ, 22 ਸੀ, 18 ਡੀ, 19 ਸੀ, 19 ਡੀ, 20 ਬੀ, 20 ਡੀ, 29 ਏ, 29 ਬੀ, 30, 32, 34 ਸੀ, 44, 46 ਡੀ, 47, 35 ਸੀ, ਡੀ, 37 ਸੀ, 38 ਡੀ, 40 ਏ, ਬੀ, 41 ਡੀ ਅਤੇ ਮਨੀਮਾਜਰਾ ’ਚ ਵਾਹਨ ਖੜ੍ਹਾਉਣ ਦੇ ਪ੍ਰਬੰਧ ਕੀਤੇ ਹਨ। ਇਸ ਤੋਂ ਇਲਾਵਾ ਸ਼ਹਿਰ ’ਚ 14 ਹੋਰਨਾਂ ਥਾਵਾਂ ’ਤੇ ਵਾਹਨ ਖੜ੍ਹਾਉਣ ਦੇ ਪ੍ਰਬੰਧ ਕੀਤੇ ਹਨ।