ਪੱਤਰ ਪ੍ਰੇਰਕ
ਐਸ.ਏ.ਐਸ. ਨਗਰ (ਮੁਹਾਲੀ), 15 ਸਤੰਬਰ
ਪੰਜਾਬ ਸਕੂਲ ਸਿੱਖਿਆ ਬੋਰਡ ਨੇ ਅੱਜ ਰੈਗੂਲਰ ਤੇ ਓਪਨ ਸਕੂਲ ਪ੍ਰਣਾਲੀ ਅਧੀਨ ਦਸਵੀਂ ਅਤੇ ਬਾਰ੍ਹਵੀਂ ਸ਼੍ਰੇਣੀਆਂ ਦੀਆਂ ਮਾਰਚ 2023 ਵਿੱਚ ਕਰਵਾਈਆਂ ਜਾਣ ਵਾਲੀਆਂ ਪ੍ਰੀਖਿਆਵਾਂ ਲਈ ਫੀਸਾਂ ਭਰਨ ਦਾ ਸ਼ਡਿਊਲ ਜਾਰੀ ਕਰ ਦਿੱਤਾ ਹੈ। ਸਿੱਖਿਆ ਬੋਰਡ ਦੇ ਕੰਟਰੋਲਰ (ਪ੍ਰੀਖਿਆਵਾਂ) ਜੇ.ਆਰ. ਮਹਿਰੋਕ ਨੇ ਦੱਸਿਆ ਕਿ ਦਸਵੀਂ ਸ਼੍ਰੇਣੀ ਲਈ ਪ੍ਰੀਖਿਆ ਫੀਸ ਪ੍ਰਤੀ ਪ੍ਰੀਖਿਆਰਥੀ 800 ਰੁਪਏ, ਪ੍ਰਤੀ ਪ੍ਰਯੋਗੀ ਵਿਸ਼ਾ 100 ਨਿਰਧਾਰਿਤ ਕੀਤੀ ਗਈ ਹੈ। ਵਾਧੂ ਵਿਸ਼ਾ ਲੈਣ ਵਾਲੇ ਵਿਦਿਆਰਥੀਆਂ ਨੂੰ 350 ਰੁਪਏ ਪ੍ਰਤੀ ਵਿਸ਼ਾ ਵੀ ਭਰਨੇ ਹੋਣਗੇ। ਇਸੇ ਤਰ੍ਹਾਂ ਬਾਰ੍ਹਵੀਂ ਸ਼੍ਰੇਣੀ ਲਈ ਪ੍ਰੀਖਿਆ ਫੀਸ ਪ੍ਰਤੀ ਪ੍ਰੀਖਿਆਰਥੀ 1200 ਰੁਪਏ, ਪ੍ਰਤੀ ਪ੍ਰਯੋਗੀ ਵਿਸ਼ਾ 150 ਰੁਪਏ ਅਤੇ ਪ੍ਰਤੀ ਵਾਧੂ ਵਿਸ਼ਾ 350 ਰੁਪਏ ਨਿਰਧਾਰਿਤ ਕੀਤੀ ਗਈ ਹੈ। ਕੰਟਰੋਲਰ (ਪ੍ਰੀਖਿਆਵਾਂ) ਨੇ ਦੱਸਿਆ ਕਿ ਦਸਵੀਂ ਅੇ ਬਾਰ੍ਹਵੀਂ ਸ਼੍ਰੇਣੀਆਂ ਦੀ ਮਾਰਚ 2023 ਵਿੱਚ ਕਰਵਾਈਆਂ ਜਾਣ ਵਾਲੀਆਂ ਪ੍ਰੀਖਿਆਵਾਂ ਲਈ ਬਿਨਾਂ ਕਿਸੇ ਲੇਟ ਫ਼ੀਸ ਤੋਂ, ਆਫ਼-ਲਾਈਨ ਫੀਸ ਭਰਨ ਲਈ ਬੈਂਕ ਚਲਾਨ 15 ਸਤੰਬਰ ਤੋਂ 15 ਅਕਤੂਬਰ ਤੱਕ ਜੈਨਰੇਟ ਕਰਵਾਏ ਜਾ ਸਕਣਗੇ। ਇਸ ਉਪਰੰਤ ਪ੍ਰੀਖਿਆਰਥੀ ਆਫ਼-ਲਾਈਨ ਫੀਸ ਚਲਾਨ ਰਾਹੀਂ ਬੈਂਕ ਵਿੱਚ 26 ਅਕਤੂਬਰ 2022 ਤੱਕ ਜਮ੍ਹਾਂ ਕਰਵਾ ਸਕਣਗੇ। ਆਪਣੇ ਪ੍ਰੀਖਿਆ ਫਾਰਮ ਭਰਕੇ ਆਨਲਾਈਨ ਫੀਸ ਭਰਨ ਵਾਲੇ ਪ੍ਰੀਖਿਆਰਥੀ ਲਈ ਵੀ ਆਖਰੀ ਮਿਤੀ 26 ਅਕਤੂਬਰ ਹੀ ਹੋਵੇਗੀ। ਨਿਰਧਾਰਿਤ ਪ੍ਰੀਖਿਆ ਫੀਸ ਤੋਂ ਇਲਾਵਾ ਪ੍ਰਤੀ ਪ੍ਰੀਖਿਆਰਥੀ 500 ਰੁਪਏ ਲੇਟ ਫੀਸ ਨਾਲ 16 ਤੋਂ 26 ਅਕਤੂਬਰ ਤੱਕ ਆਫ਼ਲਾਈਨ ਫੀਸ ਲਈ ਬੈਂਕ ਚਲਾਨ ਜੈਨਰੇਟ ਕਰਕੇ 4 ਨਵੰਬਰ ਤੱਕ ਫੀਸ ਬੈਂਕ ਵਿੱਚ ਜਮ੍ਹਾਂ ਕਰਵਾਈ ਜਾ ਸਕੇਗੀ।