ਸੁਖਵਿੰਦਰ ਪਾਲ ਸੋਢੀ
ਚੰਡੀਗੜ੍ਹ, 6 ਸਤੰਬਰ
ਇਥੋਂ ਦੇ ਪ੍ਰਾਈਵੇਟ ਸਕੂਲਾਂ ਵੱਲੋਂ ਫੀਸਾਂ ਵਸੂਲਣ ਖਿਲਾਫ਼ ਅੱਜ ਵਿਦਿਆਰਥੀਆਂ ਦੇ ਮਾਪੇ ਸੈਕਟਰ-17 ਦੇ ਪਲਾਜ਼ਾ ’ਤੇ ਇਕੱਠੇ ਹੋਏ ਤੇ ਸਕੂਲ ਪ੍ਰਬੰਧਕਾਂ ਖ਼ਿਲਾਫ਼ ਸੰਕੇਤਕ ਰੋਸ ਪ੍ਰਗਟਾਇਆ। ਮਾਪਿਆਂ ਨੇ ਇਸ ਮੌਕੇ ਲੋਕਾਂ ਨੂੰ ਸਕੂਲਾਂ ਦੀਆਂ ਕਥਿਤ ਵਧੀਕੀਆਂ ਤੋਂ ਜਾਣੂ ਕਰਵਾਇਆ। ਵਿਦਿਆਰਥੀਆਂ ਦੇ ਮਾਪਿਆਂ ਨੇ ਦੋਸ਼ ਲਾਇਆ ਕਿ ਤਾਲਾਬੰਦੀ ਦੇ ਦੌਰ ਵਿਚ ਵੀ ਸਕੂਲ ਪ੍ਰਬੰਧਕਾਂ ਵਲੋਂ ਫੀਸਾਂ ਵਿਚ ਵਾਧਾ ਕੀਤਾ ਗਿਆ ਹੈ। ਉਨ੍ਹਾਂ ਨੇ ਸਕੂਲ ਪ੍ਰਬੰਧਕਾਂ ’ਤੇ ਮਾਪਿਆਂ ਦੀ ਸਲਾਹ ਤੋਂ ਬਿਨਾਂ ਫੈਸਲੇ ਲੈਣ ਤੇ ਹੋਰ ਫੰਡ ਲੈਣ ਦੇ ਵੀ ਦੋਸ਼ ਵੀ ਲਗਾਏ।
ਜਾਣਕਾਰੀ ਅਨੁਸਾਰ ਪੇਰੈਂਟਸ ਯੂਨਿਟੀ ਫਾਰ ਜਸਟਿਸ ਦੀ ਅਗਵਾਈ ਹੇਠ ਮਾਪੇ ਆਪਣੇ ਬੱਚਿਆਂ ਨਾਲ ਸੈਕਟਰ-17 ਵਿੱਚ ਇਕੱਠੇ ਹੋਏ। ਮਨੀਸ਼ ਸੋਨੀ ਨੇ ਕਿਹਾ ਕਿ ਯੂਟੀ ਦੇ ਸਿੱਖਿਆ ਵਿਭਾਗ ਨੇ ਹੁਕਮ ਜਾਰੀ ਕੀਤੇ ਸਨ ਕਿ ਤਾਲਾਬੰਦੀ ਦੌਰਾਨ ਸਕੂਲ ਸਿਰਫ ਟਿਊਸ਼ਨ ਫੀਸ ਹੀ ਲੈ ਸਕਦੇ ਹਨ ਜਦਕਿ ਸਕੂਲਾਂ ਨੇ ਸਾਲਾਨਾ ਫੀਸ ਵਿਚ ਵਾਧਾ ਕਰ ਦਿੱਤਾ ਹੈ। ਹਰਵਿੰਦਰ ਨੇ ਦੱਸਿਆ ਕਿ ਸਕੂਲਾਂ ਵਲੋਂ ਸਿਰਫ ਨਾਂ ਦੀ ਹੀ ਆਨਲਾਈਨ ਸਿੱਖਿਆ ਦਿੱਤੀ ਜਾ ਰਹੀ ਹੈ। ਕਈ ਸਕੂਲਾਂ ਵਲੋਂ ਸਿਰਫ ਵਟਸਐਪ ’ਤੇ ਹੀ ਵਰਕਸ਼ੀਟਾਂ ਭੇਜੀਆਂ ਜਾ ਰਹੀਆਂ ਹਨ ਤੇ ਉਸ ਬਦਲੇ ਪੂਰੀ ਫੀਸ ਮੰਗੀ ਜਾ ਰਹੀ ਹੈ ਜਦਕਿ ਉਹ ਸਕੂਲ ਦੀ ਆਨਲਾਈਨ ਪੜ੍ਹਾਈ ਤੋਂ ਸੰਤੁਸ਼ਟ ਨਹੀਂ ਹਨ। ਉਨ੍ਹਾਂ ਕਿਹਾ ਕਿ ਸਕੂਲ ਵਲੋਂ ਆਪਣੇ ਅਧਿਆਪਕਾਂ ਨੂੰ ਤਨਖਾਹਾਂ ਦੇਣ ਦੇ ਇਵਜ਼ ਵਿਚ ਫੀਸ ਮੰਗੀ ਜਾ ਰਹੀ ਹੈ ਜਦਕਿ ਸਕੂਲ ਨੇ ਹਾਲੇ ਤਕ ਆਪਣੀ ਵੈਬਸਾਈਟ ’ਤੇ ਆਮਦਨ ਦੇ ਅਸਾਸੇ ਨਹੀਂ ਦਰਸਾਏ। ਇਸ ਤੋਂ ਇਲਾਵਾ ਸਕੂਲ ਵੱਲੋਂ ਫੀਸਾਂ ਵਿਚ ਲੁੱਕਵੇਂ ਫੰਡ ਵੀ ਮੰਗੇ ਜਾ ਰਹੇ ਹਨ। ਮਾਪਿਆਂ ਨੇ ਕਿਹਾ ਕਿ ਸਕੂਲ ਆਪਣੇ ਸਾਰੇ ਫੰਡ ਵੱਖਰੇ-ਵੱਖਰੇ ਸਪਸ਼ਟ ਕਰਨ।
ਵਿਦਿਆਰਥੀਆਂ ਨੇ ਐਨਡੀਏ ਦੀ ਪ੍ਰੀਖਿਆ ਦਿੱਤੀ
ਸ਼ਹਿਰ ਵਿਚ ਅੱਜ ਐਨਡੀਏ ਦੀ ਪ੍ਰੀਖਿਆ ਵਿਦਿਆਰਥੀਆਂ ਨੇ ਉਤਸ਼ਾਹ ਨਾਲ ਦਿੱਤੀ। ਇਸ ਮੌਕੇ ਚੰਡੀਗੜ੍ਹ ਦੇ 65 ਸਰਕਾਰੀ ਸਕੂਲਾਂ ਵਿਚ ਸੈਂਟਰ ਬਣਾਏ ਗਏ ਜਿਨ੍ਹਾਂ ਵਿਚ ਲਗਪਗ 26 ਹਜ਼ਾਰ ਵਿਦਿਆਰਥੀ ਪ੍ਰੀਖਿਆ ਦੇਣ ਪੁੱਜੇ। ਇਹ ਪ੍ਰੀਖਿਆ ਸਵੇਰ ਤੇ ਦੁਪਹਿਰ ਦੋ ਪੜ੍ਹਾਵਾਂ ਵਿਚ ਹੋਈ। ਸੈਂਟਰਾਂ ਵਿਚ ਸੈਨੇਟਾਈਜ਼ੇਸ਼ਨ ਦੇ ਢੁਕਵੇਂ ਪ੍ਰਬੰਧ ਕੀਤੇ ਗਏ ਸਨ ਤੇ ਹਰ ਪ੍ਰੀਖਿਆਰਥੀ ਦੀ ਸੈਂਟਰ ਦੇ ਬਾਹਰ ਜਾਂਚ ਕੀਤੀ ਗਈ। ਕਈ ਸੈਂਟਰਾਂ ਦੇ ਬਾਹਰ ਸਮਾਜਿਕ ਦੂਰੀ ਦੇ ਨਿਯਮਾਂ ਦੀ ਉਲੰਘਣਾ ਵੀ ਹੋਈ।
ਡਾਇਰੈਕਟਰ ਤੇ ਡਿਪਟੀ ਡਾਇਰੈਕਟਰ ਕਰੋਨਾ ਪਾਜ਼ੇਟਿਵ
ਯੂਟੀ ਦੇ ਜ਼ਿਲ੍ਹਾ ਸਿੱਖਿਆ ਅਫਸਰ ਹਰਬੀਰ ਸਿੰਘ ਆਨੰਦ ਦੇ ਕਰੋਨਾ ਪਾਜ਼ੇਟਿਵ ਆਉਣ ਤੋਂ ਬਾਅਦ ਅੱਜ ਡਾਇਰੈਕਟਰ ਸਕੂਲ ਐਜੂਕੇਸ਼ਨ ਰੁਬਿੰਦਰਜੀਤ ਸਿੰਘ ਬਰਾੜ ਤੇ ਡਿਪਟੀ ਡਾਇਰੈਕਟਰ ਰਾਜਿੰਦਰ ਕੌਰ ਦੀ ਕਰੋਨਾ ਰਿਪੋਰਟ ਪਾਜ਼ੇਟਿਵ ਆਈ ਹੈ। ਦੱਸਣਯੋਗ ਹੈ ਕਿ ਡੀਈਓ ਦੀ ਮੌਤ ਤੋਂ ਬਾਅਦ ਉਨ੍ਹਾਂ ਦੇ ਸੰਪਰਕ ਵਿਚ ਆਏ ਨੌਂ ਅਧਿਕਾਰੀਆਂ ਦੀ ਅੱਜ ਸਰਕਾਰੀ ਹਸਪਤਾਲ ਸੈਕਟਰ-16 ਵਿਚ ਰੈਪਿਡ ਟੈਸਟ ਰਾਹੀਂ ਜਾਂਚ ਕੀਤੀ ਗਈ ਜਿਨ੍ਹਾਂ ’ਚੋਂ ਸ੍ਰੀ ਬਰਾੜ ਤੇ ਰਾਜਿੰਦਰ ਕੌਰ ਨੂੰ ਛੱਡ ਕੇ ਬਾਕੀ ਸੱਤ ਜਣੇ ਨੈਗੇਟਿਵ ਆਏ ਪਰ ਰੈਪਿਡ ਟੈਸਟ ਦੀ ਪ੍ਰਮਾਣਿਕਤਾ ਦੇ ਸ਼ੱਕ ਕਾਰਨ ਇਨ੍ਹਾਂ ਨੌਂ ਅਧਿਕਾਰੀਆਂ ਦੇ ਖੂਨ ਦੇ ਨਮੂਨੇ ਪੀਜੀਆਈ ਭੇਜੇ ਗਏ ਜਿਸ ਦੀ ਰਿਪੋਰਟ 7 ਸਤੰਬਰ ਨੂੰ ਆਵੇਗੀ। ਇਸ ਤੋਂ ਪਹਿਲਾਂ 31 ਅਗਸਤ ਨੂੰ ਡੀਈਓ ਦੀ ਪੀਏ ਨੂੰ ਕਰੋਨਾ ਹੋਣ ਤੋਂ ਬਾਅਦ ਜ਼ਿਲ੍ਹਾ ਸਿੱਖਿਆ ਦਫਤਰ ਬੰਦ ਕਰ ਦਿੱਤਾ ਗਿਆ ਸੀ। ਸਿੱਖਿਆ ਸਕੱਤਰ ਸਰਪ੍ਰੀਤ ਸਿੰਘ ਗਿੱਲ ਨੇ ਯੂਟੀ ਦੇ ਸਕੱਤਰੇਤ ਵਿਚ ਸਿੱਖਿਆ ਵਿਭਾਗ ਦੇ ਮੁਲਾਜ਼ਮਾਂ ਤੇ ਜ਼ਿਲ੍ਹਾ ਸਿੱਖਿਆ ਦਫਤਰ ਦੇ ਮੁਲਾਜ਼ਮਾਂ ਨੂੰ ਕਰੋਨਾ ਟੈਸਟ ਕਰਵਾਉਣ ਲਈ ਕਿਹਾ ਹੈ ਜੋ ਭਲਕੇ ਕਰਵਾਏ ਜਾਣਗੇ।