
ਬੀਐੱਸ ਚਾਨਾ
ਸ੍ਰੀ ਆਨੰਦਪੁਰ ਸਾਹਿਬ, 22 ਮਾਰਚ
ਅੱਜ ਇਥੇ ਤਖ਼ਤ ਕੇਸਗੜ੍ਹ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਰਘਬੀਰ ਸਿੰਘ ਨੇ ਕਿਹਾ ਕਿ ਕੁੱਝ ਦਿਨਾਂ ਤੋਂ ਸੂਬੇ ਅੰਦਰ ਕੇਂਦਰ ਤੇ ਪੰਜਾਬ ਸਰਕਾਰਾਂ ਵੱਲੋਂ ਸਿਰਜੇ ਜਾ ਰਹੇ ਮਹੌਲ ਦੇ ਨਾਲ ਆਮ ਲੋਕਾਂ ਦੇ ਵਿਚ ਡਰ ਅਤੇ ਭੈਅ ਦਾ ਮਾਹੌਲ ਬਣ ਚੁੱਕਾ ਹੈ। ਸਰਕਾਰਾਂ ਤੇ ਤਿੱਖੀ ਟਿੱਪਣੀ ਕਰਦਿਆਂ ਉਨ੍ਹਾਂ ਕਿਹਾ ਕਿ ਪੰਜਾਬੀ ਨੌਜਵਾਨਾਂ ’ਤੇ ਕੌਮੀ ਸੁਰੱਖਿਆ ਐਕਟ ਲਗਾਉਣਾ ਸਰਾਸਰ ਗਲਤ ਹੈ। ਸੂਬੇ ਤੋਂ ਬਾਹਰ ਦੀਆਂ ਜੇਲ੍ਹਾਂ ਵਿੱਚ ਭੇਜੇ ਪੰਜਾਬੀ ਨੌਜਵਾਨਾਂ ਨੂੰ ਜਲਦ ਵਾਪਸ ਪੰਜਾਬ ਲਿਆਂਦਾ ਜਾਵੇ ਅਤੇ ਐੱਨਐੱਸਐੱਸ ਵਰਗੀ ਸਖਤ ਧਾਰਾ ਨੂੰ ਵੀ ਹਟਾਇਆ ਜਾਵੇ। ਉਨ੍ਹਾਂ ਕਿਹਾ ਕਿ ਗਿਆਨੀ ਅੰਮ੍ਰਿਤਪਾਲ ਸਿੰਘ ਦੇ ਨਾਲ ਫੋਟੋਆਂ ਖਿਚਵਾਉਣ ਵਾਲੇ ਨੌਜਵਾਨਾਂ ਨੂੰ ਵੀ ਜਿਸ ਤਰ੍ਹਾਂ ਫੜ ਕੇ ਜੇਲ੍ਹਾਂ ਵਿੱਚ ਡੱਕਿਆ ਜਾ ਰਿਹਾ ਹੈ, ਉਸ ਨਾਲ ਆਮ ਲੋਕਾਂ ਵਿਚ ਡਰ ਅਤੇ ਸਹਿਮ ਦਾ ਮਾਹੌਲ ਬਣਿਆ ਹੈ। ਗਿਆਨੀ ਰਘਬੀਰ ਸਿੰਘ ਨੇ ਕਿਹਾ ਕਿ ਭਾਈ ਅੰਮ੍ਰਿਤਪਾਲ ਸਿੰਘ ਵੱਲੋਂ ਕੋਈ ਵੀ ਅਜਿਹਾ ਕਸੂਰ ਨਹੀਂ ਕੀਤਾ ਕੇ ਉਨ੍ਹਾਂ ਉੱਪਰ ਇੰਨੀਆਂ ਸਖਤ ਧਾਰਾਵਾਂ ਲਗਾਈਆਂ ਜਾਣ ਤੇ ਭਗੌੜਾ ਐਲਾਨਿਆਂ ਜਾਵੇ। ਉਨ੍ਹਾਂ ਕਿਹਾ ਕਿ ਸੂਬੇ ਨੂੰ ਮਾੜੇ ਦੌਰ ਵਿਚ ਧੱਕਣ ਦੀਆਂ ਸਾਜ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ ਤੇ ਇਨ੍ਹਾਂ ਤੋਂ ਸੁਚੇਤ ਰਹਿਣ ਦੀ ਲੋੜ ਹੈ।
ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ