ਖੇਤਰੀ ਪ੍ਰਤੀਨਿਧ
ਚੰਡੀਗੜ੍ਹ, 8 ਅਪਰੈਲ
ਚੰਡੀਗੜ੍ਹ ਨਗਰ ਨਿਗਮ ਵੱਲੋਂ ਲੰਮੇ ਸਮੇਂ ਤੋਂ ਬਾਅਦ ਪੱਕੀਆਂ ਆਸਾਮੀਆਂ ਲਈ ਅਰਜ਼ੀਆਂ ਮੰਗੀਆਂ ਗਈਆਂ ਹਨ ਅਤੇ ਇਨ੍ਹਾਂ ਅਰਜ਼ੀਆਂ ਨੂੰ ਆਨਲਾਈਨ ਪ੍ਰਣਾਲੀ ਰਾਹੀਂ ਭੇਜਣ ਦਾ ਅੱਜ ਪਹਿਲਾ ਦਿਨ ਸੀ ਪਰ ਅੱਜ ਪਹਿਲੇ ਦਿਨ ਹੀ ਨਗਰ ਨਿਗਮ ਦੀ ਵੈੱਬਸਾਈਟ ਵਿੱਚ ਨੁਕਸ ਪੈਣ ਕਰਕੇ ਆਨਲਾਈਨ ਆਵੇਦਨ ਨਹੀਂ ਕੀਤਾ ਜਾ ਸਕੇ। ਨਗਰ ਨਿਗਮ ਵੱਲੋਂ ਵੱਖ ਵੱਖ ਅਹੁਦਿਆਂ ਲਈ ਕੁੱਲ 172 ਕਰਮਚਾਰੀਆਂ ਦੀ ਭਰਤੀ ਕੀਤੀ ਜਾਣੀ ਹੈ। ਅੱਜ ਇਨ੍ਹਾਂ ਅਸਾਮੀਆਂ ਦੀ ਭਰਤੀ ਲਈ ਆਨਲਾਈਨ ਅਰਜ਼ੀਆਂ ਨਿਗਮ ਦੀ ਵੈੱਬਸਾਈਟ ਖਰਾਬ ਨਾ ਹੋਣ ਕਾਰਨ ਭੇਜੀਆਂ ਨਹੀਂ ਗਈਆਂ। ਇਨ੍ਹਾਂ ਭਰਤੀਆਂ ਲਈ ਆਪਣੀਆਂ ਅਰਜ਼ੀਆਂ ਭੇਜਣ ਵਾਲੇ ਅੱਜ ਸਾਰਾ ਦਿਨ ਖੱਜਲ ਖੁਆਰ ਹੁੰਦੇ ਰਹੇ। ਨਿਗਮ ਵੱਲੋਂ ਵੈੱਬਸਾਈਟ ਨੂੰ ਠੀਕ ਕੀਤਾ ਜਾ ਰਿਹਾ ਹੈ। ਨਿਗਮ ਵੱਲੋਂ ਇਨ੍ਹਾਂ ਅਹੁਦਿਆਂ ਦੀ ਭਰਤੀ ਲਈ ਅੱਜ 8 ਅਪਰੈਲ ਤੋਂ ਅਗਲੇ ਮਹੀਨੇ ਤਿੰਨ ਮਈ ਤੱਕ ਆਨਲਾਈਨ ਅਪਲਾਈ ਕੀਤਾ ਜਾ ਸਕਦਾ ਹੈ। ਜਾਣਕਾਰੀ ਅਨੁਸਾਰ ਪਿਛਲੇ ਹਫ਼ਤੇ ਤੋਂ ਹੀ ਨਿਗਮ ਦੀ ਵੈੱਬਸਾਈਟ ਖਰਾਬ ਚੱਲ ਰਹੀ ਹੈ ਅਤੇ ਇਸ ਵਿੱਚ ਪਏ ਨੁਕਸ ਨੂੰ ਠੀਕ ਕੀਤਾ ਜਾ ਰਿਹਾ ਹੈ। ਕਈ ਲੋਕਾਂ ਨੇ ਨਿਗਮ ਦੀ ਸਾਈਟ ਖਰਾਬ ਹੋਣ ਨੂੰ ਲੈ ਕੇ ਨਿਗਮ ਅਧਿਕਾਰੀਆਂ ਨੂੰ ਫੋਨ ਕਰ ਕੇ ਜਾਣਕਾਰੀ ਲਈ। ਨਿਗਮ ਅਧਿਕਾਰੀਆਂ ਦਾ ਕਹਿਣਾ ਹੈ ਕਿ ਛੇਤੀ ਹੀ ਵੈੱਬਸਾਈਟ ਠੀਕ ਹੋ ਜਾਵੇਗੀ। ਜ਼ਿਕਰਯੋਗ ਹੈ ਕਿ ਇਸ ਸਮੇਂ ਚੰਡੀਗੜ੍ਹ ਨਗਰ ਨਿਗਮ ਦੇ ਕਈ ਵਿਭਾਗਾਂ ਵਿੱਚ ਕਰਮਚਾਰੀਆਂ ਦੀ ਭਾਰੀ ਕਮੀ ਹੈ। ਨਗਰ ਨਿਗਮ ਦਾ ਕਹਿਣਾ ਹੈ ਕਿ ਇਨ੍ਹਾਂ ਭਰਤੀਆਂ ਨਾਲ ਨਿਗਮ ਦੇ ਖਾਲੀ ਪਾਏ ਅਹੁਦਿਆਂ ਨੂੰ ਭਰਨ ਤੋਂ ਬਾਅਦ ਨਗਰ ਨਿਗਮ ਦੇ ਕੰਮਾਂ ਨੂੰ ਰਫ਼ਤਾਰ ਮਿਲੇਗੀ।