ਅਜੇ ਮਲਹੋਤਰਾ
ਬਸੀ ਪਠਾਣਾਂ, 11 ਅਪਰੈਲ
ਬਸੀ ਪਠਾਣਾਂ ਬਾਈਪਾਸ ‘ਤੇ ਅੱਜ ਸਵੇਰੇ ਵਾਪਰੇ ਸੜਕ ਹਾਦਸੇ ‘ਚ ਮੋਟਰਸਾਈਕਲ ਸਵਾਰ ਪਿਓ-ਪੁੱਤਰ ਦੀ ਮੌਤ ਹੋ ਗਈ।
ਜਸਪਾਲ ਸਿੰਘ ਵਾਸੀ ਪਿੰਡ ਖਾਲਸਪੁਰ ਨੇ ਦੱਸਿਆ ਕਿ ਉਹ ਅਤੇ ਉਸ ਦਾ ਚਾਚਾ ਜਿੰਦਰ ਸਿੰਘ ਤੇ ਚਾਚੇ ਦਾ 22 ਸਾਲਾ ਲੜਕਾ ਸੰਦੀਪ ਸਿੰਘ ਉਰਫ ਸਨੀ ਵੱਖ-ਵੱਖ ਮੋਟਰਸਾਈਕਲਾਂ ‘ਤੇ ਖਾਲਸਪੁਰ ਤੋਂ ਗੁਰਦੁਆਰਾ ਸ੍ਰੀ ਫ਼ਤਹਿਗੜ੍ਹ ਸਾਹਿਬ ਵਿਖੇ ਮੱਥਾ ਟੇਕਣ ਲਈ ਜਾ ਰਹੇ ਸਨ। ਬਸੀ ਪਠਾਣਾਂ ਬਾਈਪਾਸ ‘ਤੇ ਜਦੋਂ ਪਹੁੰਚੇ ਤਾਂ ਉਸ ਦਾ ਚਾਚਾ ਜਿੰਦਰ ਸਿੰਘ ਅਤੇ ਉਸ ਦਾ ਲੜਕਾ ਸੰਦੀਪ ਸਿੰਘ ਸਨੀ ਜੋ ਵੱਖਰੇ ਮੋਟਰਸਾਈਕਲ ‘ਤੇ ਉਸ ਤੋਂ ਥੋੜ੍ਹਾ ਅੱਗੇ ਜਾ ਰਹੇ ਸਨ ਦੇ ਸਾਹਮਣਿਓਂ ਗੈਸ ਏਜੰਸੀ ਸਾਈਡ ਤੋਂ ਟਾਟਾ ਜ਼ੈਸਟ ਕਾਰ (ਨੰਬਰੀ ਪੀ.ਬੀ.23.ਐਕਸ-4066) ਨੇ ਉਨ੍ਹਾਂ ਦੇ ਮੋਟਰਸਾਈਕਲ ‘ਚ ਟੱਕਰ ਮਾਰ ਦਿੱਤੀ ਜਿਸ ਕਾਰਨ ਉਹ ਦੋਵੇਂ ਪਿਓ-ਪੁੱਤ ਸੜਕ ‘ਤੇ ਜਾ ਡਿੱਗੇ ਜਿਸ ਕਾਰਨ ਜਿੰਦਰ ਸਿੰਘ ਅਤੇ ਸੰਦੀਪ ਸਿੰਘ ਸਨੀ ਦੀ ਮੌਤ ਹੋ ਗਈ। ਬਸੀ ਪਠਾਣਾਂ ਦੀ ਪੁਲੀਸ ਨੇ ਕਾਰ ਚਾਲਕ ਰਿਤਿਕ ਲੂੰਬਾ ਵਿਰੁੱਧ ਕੇਸ ਦਰਜ ਕਰਦਿਆਂ ਦੋਵਾਂ ਲਾਸ਼ਾਂ ਨੂੰ ਪੋਸਟਮਾਰਟਮ ਲਈ ਕਬਜ਼ੇ ‘ਚ ਲੈਂਦਿਆਂ ਮਾਮਲੇ ਦੀ ਤਫਤੀਸ਼ ਸ਼ੁਰੂ ਕਰ ਦਿੱਤੀ ਹੈ।
ਸੜਕ ਹਾਦਸੇ ਵਿੱਚ ਹਲਾਕ
ਅੰਬਾਲਾ (ਨਿੱਜੀ ਪੱਤਰ ਪ੍ਰੇਰਕ): ਹਿਸਾਰ-ਚੰਡੀਗੜ੍ਹ ਹਾਈਵੇਅ ’ਤੇ ਵਾਪਰੇ ਸੜਕ ਹਾਦਸੇ ਵਿੱਚ ਲੰਘੀ ਰਾਤ ਘੇਲ ਕਲਾਂ ਨਿਵਾਸੀ ਰਾਜ ਮਿਸਤਰੀ (ਠੇਕੇਦਾਰ) ਰਾਜਿੰਦਰ ਦੀ ਮੌਤ ਹੋ ਗਈ ਜਦੋਂ ਕਿ ਉਸ ਦੇ ਮੋਟਰਸਾਈਕਲ ’ਤੇ ਪਿੱਛੇ ਬੈਠੇ ਉਸੇ ਪਿੰਡ ਦੇ ਮਦਨ ਲਾਲ ਅਤੇ ਅਵਤਾਰ ਸਿੰਘ ਨੂੰ ਹਾਲਤ ਗੰਭੀਰ ਹੋਣ ਕਰਕੇ ਪੀਜੀਆਈ ਰੈਫਰ ਕਰ ਦਿੱਤਾ ਗਿਆ। ਮ੍ਰਿਤਕ ਦੇ ਬੇਟੇ ਗੁਰਜੰਟ ਸਿੰਘ ਨੇ ਥਾਣਾ ਸਦਰ ਅੰਬਾਲਾ ਵਿੱਚ ਸ਼ਿਕਾਇਤ ਦੇ ਕੇ ਕਿਹਾ ਹੈ ਕਿ ਕੱਲ੍ਹ ਰਾਤ ਉਸ ਦੇ ਪਿਤਾ ਰਾਜਿੰਦਰ ਰਾਜ ਮਿਸਤਰੀ ਦਾ ਕੰਮ ਖਤਮ ਕਰਕੇ ਮੋਟਰਸਾਈਕਲ ’ਤੇ ਸ਼ਹਿਰ ਤੋਂ ਵਾਪਸ ਪਿੰਡ ਆ ਰਹੇ ਸਨ। ਉਨ੍ਹਾਂ ਦੇ ਪਿੱਛੇ ਪਿੰਡ ਦਾ ਮਦਨ ਲਾਲ ਤੇ ਅਵਤਾਰ ਸਿੰਘ ਬੈਠੇ ਸਨ। ਜਦੋਂ ਉਹ ਹਿਸਾਰ-ਚੰਡੀਗੜ੍ਹ ਹਾਈਵੇਅ ’ਤੇ ਪੀਰ ਕੱਟ ਘੇਲ ਕਲਾਂ ਕੋਲ ਪਹੁੰਚੇ ਤਾਂ ਕੈਥਲ ਵੱਲੋਂ ਆ ਰਹੀ ਕਾਰ ਨੇ ਉਨ੍ਹਾਂ ਨੂੰ ਸਿੱਧੀ ਟੱਕਰ ਮਾਰ ਦਿੱਤੀ। ਸਿਵਲ ਹਸਪਤਾਲ ਅੰ.ਸ਼ਹਿਰ ਲਿਜਾਣ ’ਤੇ ਡਾਕਟਰ ਨੇ ਉਸ ਦੇ ਪਿਤਾ ਰਾਜਿੰਦਰ ਨੂੰ ਮ੍ਰਿਤਕ ਐਲਾਨ ਦਿੱਤਾ ਜਦੋਂ ਕਿ ਮਦਨ ਲਾਲ ਅਤੇ ਅਵਤਾਰ ਸਿੰਘ ਨੂੰ ਹਾਲਤ ਗੰਭੀਰ ਹੋਣ ਕਰਕੇ ਪੀਜੀਆਈ ਚੰਡੀਗੜ੍ਹ ਰੈਫਰ ਕਰ ਦਿੱਤਾ। ਪੁਲੀਸ ਨੇ ਗੁਰਜੰਟ ਸਿੰਘ ਦੀ ਸ਼ਿਕਾਇਤ ’ਤੇ ਕੇਸ ਦਰਜ ਕਰ ਲਿਆ ਹੈ।