ਅਜੇ ਮਲਹੋਤਰਾ
ਸ੍ਰੀ ਫ਼ਤਹਿਗੜ੍ਹ ਸਾਹਿਬ, 22 ਮਈ
ਇਸ ਜ਼ਿਲ੍ਹੇ ਦੇ ਪਿੰਡ ਭੱਲਮਾਜਰਾ ਦੇ ਕੰਬਾਈਨ ਚਾਲਕ ਦੀ ਅਪਰੈਲ ਮਹੀਨੇ ’ਚ ਹੋਈ ਮੌਤ ਦੇ ਮਾਮਲੇ ’ਚ ਗ੍ਰਿਫਤਾਰ ਕੀਤੇ ਵਿਅਕਤੀ ਤੋਂ ਪੁਲੀਸ ਵੱਲੋਂ ਹੈਰੋਇਨ, ਇਨੋਵਾ ਅਤੇ ਦੇਸੀ ਪਿਸਟਲ ਬਰਾਮਦ ਕੀਤਾ ਗਿਆ ਹੈ। ਡੀਐੱਸਪੀ ਫ਼ਤਹਿਗੜ੍ਹ ਸਾਹਿਬ ਮਨਜੀਤ ਸਿੰਘ ਨੇ ਦੱਸਿਆ ਕਿ ਹਰਦੀਪ ਕੌਰ ਵਾਸੀ ਭੱਲਮਾਜਰਾ ਨੇ ਪੁਲੀਸ ਨੂੰ ਸ਼ਿਕਾਇਤ ਦਿੰਦਿਆਂ ਦੋਸ਼ ਲਗਾਏ ਸਨ ਕਿ ਉਸ ਦਾ ਪਤੀ ਸ਼ਰਨਜੀਤ ਸਿੰਘ ਪਿੰਡ ਦੇ ਦਲਜੀਤ ਸਿੰਘ ਉਰਫ ਨੰਦਾ ਦੀ ਸੰਗਤ ’ਚ ਪੈ ਕੇ ਨਸ਼ੇ ਕਰਨ ਲੱਗ ਗਿਆ ਸੀ ਤੇ ਨਸ਼ਿਆਂ ਕਾਰਨ ਉਸ ਦੇ ਪਤੀ ਨੇ ਆਪਣੀ 5 ਕਿੱਲੇ ਜ਼ਮੀਨ ਵੇਚ ਕੇ ਸਾਰਾ ਪੈਸਾ ਦਲਜੀਤ ਸਿੰਘ ਨੰਦਾ ਨੂੰ ਲੁਟਾ ਦਿੱਤਾ। ਉਸ ਦਾ ਪਤੀ ਕੰਬਾਈਨ ਲੈ ਕੇ ਜੰਮੂ ਸੀਜ਼ਨ ਲਾਉਣ ਚੱਲਿਆ ਸੀ ਤਾਂ ਦਲਜੀਤ ਸਿੰਘ ਨੇ ਉਸ ਨੂੰ ਹੈਰੋਇਨ ਦੇ ਦਿੱਤੀ, ਜਿਸ ਦਾ ਟੀਕਾ ਲਗਾਉਣ ਕਾਰਨ ਸ਼ਰਨਜੀਤ ਸਿੰਘ ਦੀ 21 ਅਪਰੈਲ 2022 ਨੂੰ ਮੌਤ ਹੋ ਗਈ। ਹਰਦੀਪ ਕੌਰ ਦੇ ਬਿਆਨਾਂ ’ਤੇ ਥਾਣਾ ਸਰਹਿੰਦ ਵਿਖੇ ਦਲਜੀਤ ਸਿੰਘ ਉਰਫ ਨੰਦਾ, ਸਰਬਜੀਤ ਕੌਰ, ਮਨਪ੍ਰੀਤ ਕੌਰ, ਹਰਪ੍ਰੀਤ ਸਿੰਘ ਉਰਫ ਹੈਪੀ ਅਤੇ ਹੈਪਾ ਵਾਸੀ ਪਿੰਡ ਭੱਲਮਾਜਰਾ ਵਿਰੁੱਧ 27 ਅਪਰੈਲ ਨੂੰ ਮੁਕੱਦਮਾ ਦਰਜ ਕੀਤਾ ਗਿਆ ਸੀ, ਜਿਸ ਦੀ ਤਫਤੀਸ਼ ਕਰਦੇ ਹੋਏ ਪੁਲੀਸ ਵੱਲੋਂ ਬੀਤੀ 16 ਮਈ ਨੂੰ ਦਲਜੀਤ ਸਿੰਘ ਉਰਫ ਨੰਦਾ ਨੂੰ ਗ੍ਰਿਫਤਾਰ ਕਰ ਲਿਆ ਗਿਆ। ਉ ਸਦੀ ਨਿਸ਼ਾਨਦੇਹੀ ’ਤੇ 5 ਗ੍ਰਾਮ ਹੈਰੋਇਨ, ਇਨੋਵਾ ਅਤੇ ਦੇਸੀ ਪਿਸਤੌਲ ਬਰਾਮਦ ਕੀਤਾ ਗਿਆ ਹੈ। ਦਲਜੀਤ ਸਿੰਘ ਦੀ ਪੁੱਛ ਪੜਤਾਲ ਦੇ ਆਧਾਰ ’ਤੇ ਗੁਰਦੀਪ ਸਿੰਘ ਗੋਲੂ ਵਾਸੀ ਉੱਚੀ ਭਮਾਰਸੀ ਨੂੰ ਮੁਕੱਦਮੇ ’ਚ ਨਾਮਜ਼ਦ ਕੀਤਾ ਗਿਆ ਹੈ, ਜਿਸ ਤੋਂ ਤਿੰਨ ਗ੍ਰਾਮ ਹੈਰੋਇਨ ਬਰਾਮਦ ਕੀਤੀ ਗਈ ਹੈ।