ਹਰਜੀਤ ਸਿੰਘ
ਡੇਰਾਬੱਸੀ, 20 ਜੂਨ
ਇਥੋਂ ਦੇ ਪਿੰਡ ਤ੍ਰਿਵੇਦੀ ਕੈਂਪ ਵਿੱਚ ਲੰਘੀ ਦੇਰ ਸ਼ਾਮ ਦੋ ਲੁਟੇਰੇ ਇਕ ਦੁਕਾਨਦਾਰ ਦੇ ਨੌਕਰ ਨੂੰ ਕੈਂਚੀ ਨਾਲ ਮਾਰ ਕੇ ਜ਼ਖ਼ਮੀ ਕਰ ਗਏ ਤੇ 27 ਹਜ਼ਾਰ ਰੁਪਏ ਖੋਹ ਕੇ ਫ਼ਰਾਰ ਹੋ ਗਏ। ਜ਼ਖ਼ਮੀ ਦੁਕਾਨਦਾਰ ਦੇ ਨੌਕਰ ਮਨੀਸ਼ ਨੂੰ ਸਿਵਲ ਹਸਪਤਾਲ ਦਾਖ਼ਲ ਕਰਵਾਇਆ ਗਿਆ ਹੈ।
ਮੁਬਾਰਿਕਪੁਰ ਪੁਲੀਸ ਚੌਕੀ ਇੰਚਾਰਜ ਬਲਵਿੰਦਰ ਸਿੰਘ ਨੇ ਦੱਸਿਆ ਕਿ ਤ੍ਰਿਵੇਦੀ ਕੈਂਪ ਵਿੱਚ ਮਨਿਆਰੀ ਦੀ ਦੁਕਾਨ ’ਤੇ ਲੰਘੀ ਸ਼ਾਮ ਸਾਢੇ ਸੱਤ ਵਜੇ ਦੋ ਨੌਜਵਾਨ ਕੋਈ ਸਾਮਾਨ ਖਰੀਦਣ ਦੇ ਬਹਾਨੇ ਆਏ। ਇਸ ਦੌਰਾਨ ਉਨ੍ਹਾਂ ਨੇ ਮੌਕਾ ਦੇਖ ਕੇ ਉਥੇ ਖੜ੍ਹੇ 25 ਸਾਲਾ ਨੌਕਰ ਮਨੀਸ਼ ’ਤੇ ਕੈਂਚੀ ਨਾਲ ਹਮਲਾ ਕਰ ਗੱਲੇ ਵਿੱਚ ਪਏ 27 ਹਜ਼ਾਰ ਕੱਢ ਲਏ ਤੇ ਫ਼ਰਾਰ ਹੋ ਗਏ। ਹਮਲੇ ਵਿੱਚ ਨੌਕਰ ਮਨੀਸ਼ ਗੰਭੀਰ ਜ਼ਖ਼ਮੀ ਹੋ ਗਿਆ ਜਿਸ ਨੂੰ ਗੰਭੀਰ ਹਾਲਤ ਵਿੱਚ ਸਿਵਲ ਹਸਪਤਾਲ ਦਾਖ਼ਲ ਕਰਵਾਇਆ ਗਿਆ। ਲੁੱਟੇਰਿਆਂ ਨੇ ਮਨੀਸ਼ ’ਤੇ ਕੈਂਚੀ ਨਾਲ ਚਾਰ ਵਾਰ ਕੀਤੇ। ਚੌਂਕੀ ਇੰਚਾਰਜ ਨੇ ਦੱਸਿਆ ਕਿ ਜ਼ਖ਼ਮੀ ਨੌਕਰੀ ਮਨੀਸ਼ ਦੇ ਬਿਆਨ ’ਤੇ ਦੋ ਅਣਪਛਾਤੇ ਲੁੱਟੇਰਿਆਂ ’ਤੇ ਕੇਸ ਦਰਜ ਮਾਮਲੇ ਦੀ ਪੜਤਾਲ ਕਰਨ ਮਗਰੋਂ ਦੋਵਾਂ ਨੂੰ ਕਾਬੂ ਕਰ ਲਿਆ। ਮੁਲਜ਼ਮਾਂ ਦੀ ਪਛਾਣ 28 ਸਾਲਾ ਵਰਿੰਦਰ ਕੁਮਾਰ ਵਾਸੀ ਮੁਬਾਰਿਕਪੁਰ ਅਤੇ 25 ਸਾਲਾ ਸਚਿਨ ਵਾਸੀ ਪਿੰਡ ਸੁੰਡਰਾ ਦੇ ਰੂਪ ਵਿੱਚ ਹੋਈ ਹੈ। ਉਨ੍ਹਾਂ ਨੇ ਕਿਹਾ ਦੋਵਾਂ ਨੂੰ ਕਲ੍ਹ ਅਦਾਲਤ ਵਿੱਚ ਪੇਸ਼ ਕਰਕੇ ਰਿਮਾਂਡ ਲਿਆ ਜਾਏਗਾ।