ਪੱਤਰ ਪ੍ਰੇਰਕ
ਐੱਸ.ਏ.ਐੱਸ. ਨਗਰ (ਮੁਹਾਲੀ), 19 ਮਈ
ਜ਼ਿਲ੍ਹੇ ਨਾਲ ਸਬੰਧਤ ਵੱਖ-ਵੱਖ ਭਾਰਤੀ ਕਿਸਾਨ ਯੂਨੀਅਨਾਂ ਦੇ ਆਗੂਆਂ ਨੇ ਪ੍ਰਾਈਵੇਟ ਹਸਪਤਾਲਾਂ ਵੱਲੋਂ ਕੋਵਿਡ ਮਰੀਜ਼ਾਂ ਦੀ ਕੀਤੀ ਜਾ ਰਹੀ ਆਰਥਿਕ ਲੁੱਟ ਦਾ ਗੰਭੀਰ ਨੋਟਿਸ ਲੈਂਦੇ ਹੋਏ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ ਦੇ ਨਾਂ ਲਿਖੀ ਸ਼ਿਕਾਇਤ ਏਡੀਸੀ (ਜਨਰਲ) ਆਸ਼ਿਕਾ ਜੈਨ ਨੂੰ ਸੌਂਪੀ। ਕਿਸਾਨ ਆਗੂਆਂ ਨੇ ਸ਼ਿਕਾਇਤ ਵਿੱਚ ਕਿਹਾ ਕਿ ਪ੍ਰਾਈਵੇਟ ਹਸਪਤਾਲਾਂ ਵੱਲੋਂ ਅੱਕਟੇਮਰਾ ਦਾ ਟੀਕਾ, ਜਿਸ ਦੀ ਕੀਮਤ 32,000 ਰੁਪਏ ਹੈ ਦੇ 80 ਹਜ਼ਾਰ ਰੁਪਏ ਵਸੂਲੇ ਜਾ ਰਹੇ ਹਨ। ਰੈਮਡੇਸਿਵਿਰ ਟੀਕਾ, ਜਿਸ ਦੀ ਕੀਮਤ 1800 ਰੁਪਏ ਹੈ ਪਰ ਮਰੀਜ਼ ਤੋਂ 12 ਹਜ਼ਾਰ ਰੁਪਏ ਵਸੂਲੇ ਜਾ ਰਹੇ ਹਨ। ਪ੍ਰਾਈਵੇਟ ਹਸਪਤਾਲਾਂ ਵੱਲੋਂ ਆਈਸੀਯੂ ਵਿੱਚ ਇੱਕ ਦਿਨ ਲਈ ਵੈਂਟੀਲੇਟਰ ਦੀ ਸਹੂਲਤ ਬਦਲੇ 45-50 ਹਜ਼ਾਰ ਦੀ ਵਸੂਲੀ ਕੀਤੀ ਜਾ ਰਹੀ ਹੈ।
ਏਡੀਸੀ ਵੱਲੋਂ ਕਾਰਵਾਈ ਦਾ ਭਰੋਸਾ
ਏਡੀਸੀ (ਜਨਰਲ) ਆਸ਼ਿਕਾ ਜੈਨ ਨੇ ਕਿਸਾਨਾਂ ਨੂੰ ਬਣਦੀ ਕਾਰਵਾਈ ਦਾ ਭਰੋਸਾ ਦਿੱਤਾ ਹੈ। ਉਨ੍ਹਾਂ ਕਿਹਾ ਕਿ ਸਰਕਾਰ ਦੀਆਂ ਹਦਾਇਤਾਂ ’ਤੇ ਪਹਿਲਾਂ ਹੀ ਪ੍ਰਾਈਵੇਟ ਹਸਪਤਾਲਾਂ ਲਈ ਰੇਟ ਨਿਰਧਾਰਿਤ ਕੀਤੇ ਗਏ ਹਨ ਪਰ ਜੇਕਰ ਕੋਈ ਹਸਪਤਾਲ ਕੋਵਿਡ ਮਰੀਜ਼ ਤੋਂ ਵੱਧ ਪੈਸਿਆਂ ਦੀ ਵਸੂਲੀ ਕਰਦਾ ਹੈ ਤਾਂ ਉਸ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇਗੀ।