ਹਰਜੀਤ ਸਿੰਘ/ਕਰਮਜੀਤ ਸਿੰਘ ਚਿੱਲਾ
ਜ਼ੀਰਕਪੁਰ, 11 ਅਕਤੂਬਰ
ਖੇਤੀ ਕਾਨੂੰਨਾਂ ਖ਼ਿਲਾਫ਼ ਕਿਸਾਨ ਜਥੇਬੰਦੀਆਂ ਵੱਲੋਂ ਅੱਜ ਜ਼ੀਰਕਪੁਰ ਪਟਿਆਲਾ ਰੋਡ ‘ਤੇ ਸਥਿਤ ਅਜੀਜ਼ਪੁਰ ਟੌਲ ਪਲਾਜ਼ਾ ਨੂੰ ਬੰਦ ਕਰਵਾ ਦਿੱਤਾ। ਇਸ ਦੌਰਾਨ ਕਿਸਾਨ ਜਥੇਬੰਦੀਆਂ ਨੇ ਕੇਂਦਰ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕਰਦੇ ਹੋਏ ਟੌਲ ਪਲਾਜ਼ਾ ਨੂੰ ਬੰਦ ਕਰਵਾਉਂਦੇ ਹੋਏ ਵਾਹਨਾਂ ਨੂੰ ਬਿਨਾਂ ਕਿਸੇ ਪਰਚੀ ਤੋਂ ਲੰਘਾਇਆ। ਕਿਸਾਨ ਜਥੇਬੰਦੀਆਂ ਵੱਲੋਂ ਮੌਕੇ ‘ਤੇ ਮੌਜੂਦ ਬੀ.ਕੇ. ਸਿੱਧੂਪੁਰ ਸੂਬਾ ਕਮੇਟੀ ਮੈਂਬਰ ਹਰਜੀਤ ਸਿੰਘ ਟਹਿਲਪੁਰਾ, ਕ੍ਰਾਂਤੀਕਾਰੀ ਕਿਸਾਨ ਯੂਨੀਅਨ ਦੇ ਮੈਂਬਰ ਜਸਵੰਤ ਸਿੰਘ, ਸਵਰਨ ਸਿੰਘ ਪਟਿਆਲਾ ਜ਼ਿਲ੍ਹਾ ਜਨਰਲ ਸਕੱਤਰ ਬੀਕੇਯੂ ਨੇ ਕਿਹਾ ਕਿ ਕੇਂਦਰ ਸਰਕਾਰ ਨੇ ਦੇਸ਼ ਦੇ ਸਰਮਾਏਦਾਰਾਂ ਕਾਰਪੋਰੇਟ ਘਰਾਣਿਆਂ ਨੂੰ ਫਾਇਦਾ ਪਹੁੰਚਾਉਣ ਲਈ ਇਹ ਬਿੱਲ ਪਾਸ ਕੀਤੇ ਹਨ।
ਇਸ ਮੌਕੇ ਬਨੂੜ ਪੁਲੀਸ ਵੀ ਵੱਡੀ ਗਿਣਤੀ ਵਿੱਚ ਮੌਜੂਦ ਸੀ। ਧਰਨਾਕਾਰੀਆਂ ਨੇ ਸਪੀਕਰ ਲਗਾ ਕੇ ਟੌਲ ਉੱਤੇ ਪੱਕਾ ਮੋਰਚਾ ਆਰੰਭ ਕਰ ਦਿੱਤਾ। ਸੰਤ ਢੀਂਡਸਾ ਵਾਲੇ ਅਤੇ ਕਿਸਾਨ ਆਗੂਆਂ ਨੇ ਧਰਨੇ ਨੂੰ ਸੰਬੋਧਨ ਕਰਦਿਆਂ ਕੇਂਦਰ ਸਰਕਾਰ ਦੀ ਤਿੱਖੀ ਨੁਕਤਾਚੀਨੀ ਕੀਤੀ। ਉਨ੍ਹਾਂ ਐਲਾਨ ਕੀਤਾ ਕਿ ਜਦੋਂ ਤੱਕ ਕੇਂਦਰ ਸਰਕਾਰ ਖੇਤਬਾੜੀ ਨੂੰ ਖਤਮ ਕਰਨ ਵਾਲੇ ਕਾਲੇ ਕਾਨੂੰਨ ਵਾਪਸ ਨਹੀਂ ਲੈਂਦੀ ਉਦੋਂ ਤੱਕ ਟੌਲ ਪਲਾਜ਼ੇ ਦਾ ਧਰਨਾ ਜਾਰੀ ਰਹੇਗਾ ਅਤੇ ਹੋਰ ਵੀ ਵੱਡਾ ਐਕਸ਼ਨ ਕੀਤਾ ਜਾਵੇਗਾ। ਬਨੂੜ ਦੇ ਕਾਰ ਸੇਵਾ ਵਾਲੇ ਬਾਬਾ ਦਿਲਬਾਗ ਸਿੰਘ ਬਾਗਾ ਨੇ ਧਰਨੇ ਵਿੱਚ ਸ਼ਮੂਲੀਅਤ ਕਰਦਿਆਂ ਧਰਨਾਕਾਰੀਆਂ ਲਈ ਪਾਣੀ, ਚਾਹ ਅਤੇ ਪ੍ਰਸ਼ਾਦਿਆਂ ਦਾ ਲੰਗਰ ਨਿਰੰਤਰ ਭੇਜਣ ਦਾ ਐਲਾਨ ਕੀਤਾ।
ਕੁਰਾਲੀ (ਮਿਹਰ ਸਿੰਘ): ਲੋਕ ਹਿੱਤ ਮਿਸ਼ਨ ਬਲਾਕ ਮਾਜਰੀ ਵੱਲੋਂ ਕਿਸਾਨ ਸੰਘਰਸ਼ ਦੀ ਹਮਾਇਤ ਵਿੱਚ ਪਿੰਡ ਬੜੌਦੀ ਸਥਿਤ ਟੌਲ ਪਲਾਜ਼ਾ ਤੇ ਅੱਜ ਧਰਨਾ ਸ਼ੁਰੂ ਕੀਤਾ। ਇਸ ਮੌਕੇ ਆਗੂਆਂ ਨੇ ਖੇਤੀ ਸੁਧਾਰ ਕਾਨੂੰਨ ਨੂੰ ਕਿਸਾਨ ਮਾਰੂ ਅਤੇ ਪੰਜਾਬ ਲਈ ਕਾਲਾ ਕਾਨੂੰਨ ਕਰਾਰ ਦਿੰਦਿਆਂ ਸਰਕਾਰ ਨੂੰ ਤਿੱਖੇ ਸੰਘਰਸ਼ ਦੀ ਚਿਤਾਵਨੀ ਦਿੱਤੀ। ਮਿਸ਼ਨ ਵਲੋਂ ਇਲਾਕੇ ਦੀਆਂ ਕਿਸਾਨ ਜਥੇਬੰਦੀਆਂ ਦੇ ਸਹਿਯੋਗ ਨਾਲ ਲਗਾਏ ਧਰਨੇ ਦੌਰਾਨ ਪਰਮਿੰਦਰ ਸਿੰਘ ਚਲਾਕੀ, ਮਲਕੀਤ ਸਿੰਘ ਰੌਣੀ, ਮੇਹਰ ਸਿੰਘ ਥੇੜੀ, ਗੁਰਨਾਮ ਸਿੰਘ ਜੱਸੜਾ ਸਮੇਤ ਹੋਰਨਾਂ ਬੁਲਾਰਿਆਂ ਨੇ ਕੇਂਦਰ ਸਰਕਾਰ ਦੀ ਨੁਕਤਾਚੀਨੀ ਕੀਤੀ। ਇਸ ਮੌਕੇ ਬੜੌਦੀ ਦੇ ਟੌਲ ਪਲਾਜ਼ਾ ਉਤੇ ਮਿਸ਼ਨ ਵਲੋਂ ਕਿਸਾਨਾਂ ਦੇ ਸਹਿਯੋਗ ਨਾਲ ਨਿਰੰਤਰ ਚੱਲਣ ਵਾਲਾ ਧਰਨਾ ਸ਼ੁਰੂ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਇਸ ਧਰਨੇ ਨੂੰ ਤੇਜ਼ ਕਰਨ ਲਈ ਰੋਜ਼ਾਨਾ ਵੱਖਰਾ ਪ੍ਰੋਗਰਾਮ ਦਿੱਤਾ ਜਾਵੇਗਾ।
ਰਾਹਗੀਰ ਖੁਸ਼
ਕਿਸਾਨ ਜਥੇਬੰਦੀਆਂ ਵੱਲੋਂ ਟੌਲ ਪਲਾਜ਼ੇ ਨੂੰ ਘੇਰਨ ਮਗਰੋਂ ਬਿਨ੍ਹਾਂ ਟੌਲ ਤੋਂ ਲੰਘਣ ਵਾਲੇ ਰਾਹਗੀਰ ਕਾਫ਼ੀ ਖੁਸ਼ ਨਜ਼ਰ ਆਏ। ਕਈਂ ਰਾਹਗੀਰ ਸਾਈਡ ਉੱਤੇ ਵਾਹਨ ਖੜ੍ਹਾ ਕਰਕੇ ਧਰਨਾਕਾਰੀਆਂ ਕੋਲ ਆਕੇ ਪੂਰਨ ਸਹਿਯੋਗ ਦਾ ਭਰੋਸਾ ਵੀ ਦਿੰਦੇ ਰਹੇ। ਬਨੂੜ ਖੇਤਰ ਦੇ ਨੌਜਵਾਨਾਂ ਵੱਲੋਂ ਸੋਸ਼ਲ ਮੀਡੀਆ ਗਰੁੱਪਾਂ ਉੱਤੇ ਨੌਜਵਾਨਾਂ ਨੂੰ ਟੌਲ ਪਲਾਜ਼ੇ ਉੱਤੇ ਧਰਨੇ ਵਿੱਚ ਪਹੁੰਚਣ ਲਈ ਅਪੀਲਾਂ ਕੀਤੀਆਂ ਜਾ ਰਹੀਆਂ ਹਨ, ਜਿਸ ਦਾ ਵੱਡਾ ਅਸਰ ਵੇਖਣ ਨੂੰ ਮਿਲ ਰਿਹਾ ਹੈ। ਨੌਜਵਾਨ ਗਾਇਕ ਮੰਡਲੀਆਂ ਵੱਲੋਂ ਇਨਕਲਾਬੀ ਗੀਤਾਂ ਰਾਹੀਂ ਵੀ ਧਰਨਾਕਾਰੀਆਂ ਦਾ ਮਨੋਰੰਜਨ ਕੀਤਾ ਜਾ ਰਿਹਾ ਹੈ।