ਪੱਤਰ ਪ੍ਰੇਰਕ
ਬਨੂੜ, 27 ਜੁਲਾਈ
ਮੁੱਖ ਅੰਸ਼
- ਫ਼ਸਲ ਨੂੰ ਬਚਾਉਣ ਲਈ ਟਰੈਕਟਰਾਂ ਤੇ ਇੰਜਣਾਂ ਦੀ ਕੀਤੀ ਜਾ ਰਹੀ ਹੈ ਵਰਤੋਂ
- ਗੋਦਾਮਾਂ ਦੀ ਉਸਾਰੀ ਕਾਰਨ ਪਾਣੀ ਦੀ ਨਿਕਾਸੀ ਰੁਕੀ
-
ਪ੍ਰਸ਼ਾਸਨ ਦੇ ਅਧਿਕਾਰੀਆਂ ’ਤੇ ਸਾਰ ਨਾ ਲੈਣ ਦਾ ਦੋਸ਼
ਬਨੂੜ ਤੋਂ ਤੇਪਲਾ ਨੂੰ ਜਾਂਦੇ ਕੌਮੀ ਮਾਰਗ ਉੱਤੇ ਪੈਂਦੇ ਪਿੰਡ ਗੁਰਨਾਖੇੜੀ, ਬਾਸਮਾਂ ਅਤੇ ਬਾਸਮਾਂ ਕਲੋਨੀ ਦੇ ਕਿਸਾਨ ਦਸ ਦਿਨਾਂ ਤੋਂ ਚਾਰ-ਚਾਰ ਫੁੱਟ ਡੁੱਬੇ ਖੜ੍ਹੇ ਝੋਨੇ ਅਤੇ ਹੋਰ ਫ਼ਸਲਾਂ ਨੂੰ ਬਚਾਉਣ ਲਈ ਟਰੈਕਟਰਾਂ ਅਤੇ ਇੰਜਣਾਂ ਰਾਹੀਂ ਖੇਤਾਂ ਵਿੱਚੋਂ ਪਾਣੀ ਕੱਢਣ ਲਈ ਮਜ਼ਬੂਰ ਹਨ। ਪਟਿਆਲਾ ਦੇ ਡਿਪਟੀ ਕਮਿਸ਼ਨਰ ਨੂੰ ਮੰਗ ਪੱਤਰ ਦੇਣ ਦੇ ਬਾਵਜੂਦ ਪ੍ਰਸ਼ਾਸਨਿਕ ਅਧਿਕਾਰੀਆਂ ਵੱਲੋਂ 200 ਏਕੜ ਦੇ ਕਰੀਬ ਝੋਨੇ ਵਿੱਚ ਭਰੇ ਪਾਣੀ ਦੇ ਨਿਕਾਸ ਦਾ ਕੋਈ ਪ੍ਰਬੰਧ ਨਾ ਕਰਨ ਲਈ ਕਿਸਾਨਾਂ ਵਿੱਚ ਭਾਰੀ ਰੋਸ ਪਾਇਆ ਜਾ ਰਿਹਾ ਹੈ।
ਟਰੈਕਟਰਾਂ ਉੱਤੇ ਪੱਖੇ ਫ਼ਿੱਟ ਕਰਕੇ ਖੇਤਾਂ ਵਿੱਚੋਂ ਪਾਣੀ ਕੱਢ ਰਹੇ ਕਿਸਾਨਾਂ ਹੈਪੀ ਗੁਰਨਾਖੇੜੀ, ਗੁਰਪ੍ਰੀਤ ਸਿੰਘ ਟੋਨੀ, ਸਰਪੰਚ ਗੁਰਸੇਵਕ ਸਿੰਘ ਗੁਰਨਾਖੇੜੀ, ਦਲਜੀਤ ਸਿੰਘ, ਜਸਬੀਰ ਸਿੰਘ ਜੱਸੀ, ਕੁਲਦੀਪ ਸਿੰਘ, ਗੁਰਨਾਮ ਸਿੰਘ, ਗੁਰਧਿਆਨ ਸਿੰਘ, ਗੁਰਕੀਰਤ ਸਿੰਘ, ਅਮਰੀਕ ਸਿੰਘ, ਮਲਕੀਅਤ ਸਿੰਘ ਆਦਿ ਨੇ ਦੱਸਿਆ ਕਿ ਪਿਛਲੀ ਸਰਕਾਰ ਵੱਲੋਂ ਇੱਥੇ ਗੋਦਾਮ ਬਣਾਉਣ ਲਈ ਲੌਜਿਸਟਿਕ ਪਾਰਕ ਬਣਾਏ ਜਾਣ ਦੀ ਮਨਜ਼ੂਰੀ ਦੇਣ ਨਾਲ ਇੱਥੇ ਵੱਡੀ ਪੱਧਰ ਉੱਤੇ ਗੋਦਾਮਾਂ ਦੀ ਉਸਾਰੀ ਹੋ ਚੁੱਕੀ ਹੈ। ਉਨ੍ਹਾਂ ਕਿਹਾ ਕਿ ਗੋਦਾਮ ਮਾਲਕ ਮਿੱਟੀ ਦਾ ਉੱਚਾ ਭਰਤ ਪਾ ਕੇ ਗੋਦਾਮ ਬਣਾ ਚੁੱਕੇ ਹਨ ਅਤੇ ਸਾਰੇ ਖੇਤਰ ਦੇ ਪਾਣੀ ਦੇ ਨਿਕਾਸ ਦਾ ਕੋਈ ਪ੍ਰਬੰਧ ਨਹੀਂ ਕੀਤਾ ਤੇ ਗੋਦਾਮਾਂ ਕਾਰਨ ਪਾਣੀ ਦੇ ਰਸਤੇ ਬੰਦ ਹੋ ਚੁੱਕੇ ਹਨ।
ਕਿਸਾਨਾਂ ਨੇ ਕਿਹਾ ਕਿ ਉਹ ਡਿਪਟੀ ਕਮਿਸ਼ਨਰ ਪਟਿਆਲਾ ਅਤੇ ਹੋਰ ਅਧਿਕਾਰੀਆਂ ਨੂੰ ਵੀ ਮਿਲ ਚੁੱਕੇ ਹਨ ਪਰ ਪ੍ਰਸ਼ਾਸਨ ਦੇ ਕਿਸੇ ਵੀ ਅਧਿਕਾਰੀ ਨੇ ਦਸ ਦਿਨਾਂ ਦੌਰਾਨ ਮੌਕਾ ਵੇਖਣ ਦੀ ਵੀ ਲੋੜ ਨਹੀਂ ਸਮਝੀ। ਉਨ੍ਹਾਂ ਕਿਹਾ ਕਿ ਭਾਰੀ ਖਰਚਾ ਕਰਕੇ ਲਗਾਏ ਹੋਏ ਝੋਨੇ ਅਤੇ ਹੋਰ ਫ਼ਸਲਾਂ ਨੂੰ ਬਚਾਉਣ ਲਈ ਕਿਸਾਨ ਡੀਜ਼ਲ ਖਰਚ ਕੇ ਪਾਣੀ ਕੱਢਣ ਦੀ ਕੋਸ਼ਿਸ਼ ਕਰ ਰਹੇ ਹਨ। ਕਿਸਾਨਾਂ ਨੇ ਮੁੱਖ ਮੰਤਰੀ ਤੋਂ ਸਾਰੇ ਮਾਮਲੇ ਵਿੱਚ ਦਖਲ ਦੀ ਮੰਗ ਕਰਦਿਆਂ ਤੁਰੰਤ ਪਾਣੀ ਦਾ ਨਿਕਾਸ ਯਕੀਨੀ ਬਣਾਏ ਜਾਣ ਦੀ ਮੰਗ ਕੀਤੀ ਹੈ। ਉਨ੍ਹਾਂ ਚਿਤਾਵਨੀ ਦਿੱਤੀ ਕਿ ਅਜਿਹਾ ਨਾ ਹੋਣ ਦੀ ਸੂਰਤ ਵਿੱਚ ਕਿਸਾਨ ਕੌਮੀ ਮਾਰਗ ਉੱਤੇ ਆਵਾਜਾਈ ਠੱਪ ਕਰਨ ਤੋਂ ਗੁਰੇਜ਼ ਨਹੀਂ ਕਰਨਗੇ।