ਪੱਤਰ ਪ੍ਰੇਰਕ
ਮੋਰਿੰਡਾ, 23 ਸਤੰਬਰ
ਮੋਰਿੰਡਾ ਨੇੜਲੇ ਪਿੰਡਾਂ ਵਿੱਚੋਂ ਦੀ ਹੁੰਦਾ ਹੋਇਆ ਦਿੱਲੀ-ਕੱਟੜਾ-ਜੰਮੂ ਕਸ਼ਮੀਰ ਨੈਸ਼ਨਲ ਹਾਈਵੇਅ ,ਜੋ ਵਾਇਆ ਰੋਪੜ ਅੱਗੇ ਜਾਵੇਗਾ, ਇਨ੍ਹਾਂ ਪਿੰਡਾਂ ਦੇ ਕਿਸਾਨਾਂ ਦੀਆਂ ਮੁਸ਼ਕਿਲਾਂ ਹੱਲ ਕਰਨ ਲਈ ਨੈਸ਼ਨਲ ਹਾਈਵੇਅ ਅਥਾਰਟੀ ਆਫ ਇੰਡੀਆ ਦੇ ਅਧਿਕਾਰੀਆਂ ਵੱਲੋਂ ਮੀਟਿੰਗ ਸਥਾਨ ’ਤੇ ਨਾ ਪਹੁੰਚਣ ਕਾਰਨ ਕਿਸਾਨਾਂ ਨੇ ਇਥੇ ਲਗਾਈਆਂ ਗਈਆਂ ਬੁਰਜੀਆਂ ਪੁੱਟ ਦਿੱਤੀਆਂ ਹਨ।
ਕਿਸਾਨ ਪਰਮਿੰਦਰ ਸਿੰਘ ਚਤਾਮਲਾ ਤੇ ਕਮਲ ਸਿੰਘ ਗੋਪਾਲਪੁਰ ਨੇ ਦੱਸਿਆ ਕਿ ਕਿਸਾਨਾਂ ਦੀਆਂ ਨੈਸ਼ਨਲ ਹਾਈਵੇ ਅਤੇ ਪੰਜਾਬ ਸਰਕਾਰ ਨਾਲ ਸਬੰਧਤ ਮੰਗਾਂ ਨੂੰ ਲੈ ਕੇ ਸਬੰਧਤ 10 ਪਿੰਡਾਂ ਦੇ ਕਿਸਾਨਾਂ ਵੱਲੋਂ ਪਿੰਡ ਮਾਨਖੇੜੀ ਵਿੱਚ ਵੱਡਾ ਇਕੱਠ ਰੱਖਿਆ ਗਿਆ ਸੀ। ਇਸ ਇਕੱਠ ਵਿੱਚ ਨੈਸ਼ਨਲ ਹਾਈਵੇ ਅਥਾਰਟੀ ਆਫ ਇੰਡੀਆ ਦੇ ਅਧਿਕਾਰੀਆਂ ਵੱਲੋਂ ਵੀ 12.00 ਵਜੇ ਹਾਜ਼ਰ ਹੋਣ ਦਾ ਵਾਅਦਾ ਕੀਤਾ ਗਿਆ ਸੀ, ਪ੍ਰੰਤੂ ਸਬੰਧਤ ਅਧਿਕਾਰੀਆਂ ਵੱਲੋਂ 1.00 ਵਜੇ ਦੇ ਕਰੀਬ ਕਿਸਾਨਾਂ ਦੇ ਇਸ ਇਕੱਠ ਵਿੱਚ ਹਾਜ਼ਰ ਹੋਣ ਤੋਂ ਇਨਕਾਰ ਕਰ ਦਿੱਤਾ ਗਿਆ। ਇਸ ਕਾਰਨ ਰੋਹ ਵਿੱਚ ਆਏ ਕਿਸਾਨਾਂ ਨੇ ਨੈਸ਼ਨਲ ਹਾਈਵੇਅ ਅਥਾਰਟੀ ਵੱਲੋਂ ਲਗਾਈਆਂ ਗਈਆਂ ਬੁਰਜੀਆਂ ਪੁੱਟ ਸੁੱਟੀਆਂ।
ਇਸ ਮੌਕੇ ਕਿਸਾਨਾਂ ਵੱਲੋਂ ਪ੍ਰਸ਼ਾਸਨ ਤੋਂ ਮੰਗ ਕੀਤੀ ਗਈ ਕਿ ਜਦੋਂ ਤੱਕ ਸਰਵਿਸ ਰੋਡ ਨਹੀਂ ਮਿਲਦਾ, ਰਹਿੰਦੀ ਜ਼ਮੀਨ ਦਾ ਅਵਾਰਡ ਨਹੀਂ ਹੁੰਦਾ, ਜਿਨ੍ਹਾਂ ਕਿਸਾਨਾਂ ਦੀ ਜ਼ਮੀਨ ਐਕੁਆਇਰ ਹੋ ਰਹੀ ਹੈ, ਉਨ੍ਹਾਂ ਦੇ ਇੱਕ ਮੈਂਬਰ ਨੂੰ ਨੌਕਰੀ, ਬਿਜਲੀ ਕੁਨੈਕਸ਼ਨ, ਮੋਟਰਾਂ ਅਤੇ ਦਰੱਖ਼਼ਤਾਂ ਦੇ ਅਵਾਰਡ ਨਹੀਂ ਹੁੰਦੇ, ਬਰਸਾਤੀ ਪਾਣੀ ਦੀ ਸਮੱਸਿਆ ਹੱਲ ਨਹੀਂ ਹੁੰਦੀ, ਅਤੇ ਹੋਰ ਸਮੱਸਿਆਵਾਂ ਹੱਲ ਨਹੀਂ ਕੀਤੀਆਂ ਜਾਂਦੀਆਂ , ਉਦੋਂ ਤੱਕ ਕਿਸਾਨ ਜ਼ਮੀਨਾਂ ਦੇ ਕਬਜ਼ੇ ਨਹੀਂ ਦੇਣਗੇ। ਇਸ ਮੌਕੇ ਧਰਮਿੰਦਰ ਸਿੰਘ ਭੂਰੜੇ, ਗੁਰਦੀਪ ਸਿੰਘ, ਪ੍ਰਿਤਪਾਲ ਸਿੰਘ, ਜਗਤਾਰ ਸਿੰਘ, ਪਰਮਿੰਦਰ ਸਿੰਘ, ਦਰਬਾਰਾ ਸਿੰਘ, ਹਰਜਿੰਦਰ ਸਿੰਘ ਬਾਵਾ, ਸ਼ਮਸ਼ੇਰ ਸਿੰਘ ਮਾਨਖੇੜੀ, ਪਰਮਿੰਦਰ ਸਿੰਘ ਚਤਾਮਲਾ, ਰਮਣੀਕ ਸਿੰਘ, ਆਦਿ ਹਾਜ਼ਰ ਸਨ।