ਸ਼ਸ਼ੀ ਪਾਲ ਜੈਨ
ਖਰੜ, 22 ਦਸੰਬਰ
ਭਾਰਤੀ ਕਿਸਾਨ ਯੂਨੀਅਨ (ਭੁਪਿੰਦਰ ਮਾਨ) ਦੇ ਜ਼ਿਲ੍ਹਾ ਪ੍ਰਧਾਨ ਬਲਵੰਤ ਸਿੰਘ ਨੰਡਿਆਲੀ ਦੀ ਅਗਵਾਈ ਵਿੱਚ ਅੱਜ ਕਿਸਾਨਾਂ ਨੇ ਸਹਾਇਕ ਰਜਿਸਟਰਾਰ ਸਰਕਾਰੀ ਸਭਾਵਾਂ ਖਰੜ ਵੱਲੋਂ ਜਾਰੀ ਕੀਤੇ ਗਏ ਕਰਜ਼ਾ ਵਸੂਲੀ ਨੋਟਿਸਾਂ ਵਿਰੁੱਧ ਖੇਤੀਬਾੜੀ ਵਿਕਾਸ ਬੈਂਕ ਲਿਮਟਿਡ ਖਰੜ ਬਾਹਰ ਰੋਸ ਦਾ ਪ੍ਰਗਟਾਵਾ ਕੀਤਾ। ਕਿਸਾਨਾਂ ਕਿਹਾ ਕਿ ਕਾਂਗਰਸ ਸਰਕਾਰ ਵੱਲੋਂ ਚੋਣਾਂ ਸਮੇਂ ਆਪਣੇ ਚੋਣ ਮਨੋਰਥ ਪੱਤਰ ਵਿੱਚ ਕਿਸਾਨਾਂ ਨੂੰ ਸਾਰੇ ਬੈਂਕਾਂ ਦੇ ਕਰਜ਼ੇ ਮੁਆਫ ਕਰਨ ਦਾ ਵਾਅਦਾ ਕੀਤਾ ਗਿਆ ਸੀ ਜਿਸ ਅਧੀਨ ਸਰਕਾਰ ਵੱਲੋਂ ਸਿਰਫ ਢਾਈ ਏਕੜ ਜ਼ਮੀਨ ਵਾਲੇ ਕਿਸਾਨਾਂ ਦਾ ਕਰਜ਼ਾ ਮੁਆਫ ਕੀਤਾ ਗਿਆ ਪਰ ਸਰਕਾਰ ਨੇ ਲੈਂਡ ਮਾਰਟਗੇਜ ਬੈਂਕ ਨੂੰ ਕਰਜ਼ਾ ਮੁਆਫੀ ਤੋਂ ਬਾਹਰ ਰੱਖਿਆ ਗਿਆ।
ਉਨ੍ਹਾਂ ਕਿਹਾ ਕਿ ਸਰਕਾਰ ਨੇ ਕਰਜ਼ਾ ਮੁਆਫੀ ਦੇ ਵਾਅਦੇ ਕੀਤੇ ਸਨ ਇਸ ਕਾਰਨ ਜ਼ਿਆਦਾਤਰ ਕਿਸਾਨ ਬੈਂਕ ਦੇ ਡਿਫਾਲਟਰ ਹੋ ਚੁੱਕੇ ਹਨ ਅਤੇ ਬੈਂਕ ਦੀਆਂ ਕਿਸ਼ਤਾਂ ਇੱਕਠੀਆਂ ਭਰਨ ਤੋਂ ਅਸਮਰਥ ਹਨ। ਹੁਣ ਉਨ੍ਹਾਂ ਨੂੰ ਕਰਜ਼ਾ ਵਸੂਲੀ ਦੇ ਨੋਟਿਸ ਮਿਲ ਰਹੇ ਹਨ। ਕਿਸਾਨ ਮੰਗ ਕਰ ਰਹੇ ਹਨ ਕਿ ਸਰਕਾਰ ਪਿਛਲੇ ਚਾਰ ਸਾਲਾਂ ਦਾ ਸਾਰਾ ਵਿਆਜ ਮੁਆਫ ਕਰੇ। ਇਸੇ ਦੌਰਾਨ ਬੈਂਕ ਦੇ ਮੈਨੇਜਰ ਕਮਲਜੀਤ ਸਿੰਘ ਨੇ ਕਿਹਾ ਕਿ ਇਹ ਨੋਟਿਸ ਨਿਯਮਾਂ ਅਨੁਸਾਰ ਜਾਰੀ ਹੋਏ ਹਨ। ਜੇਕਰ ਕਿਸਾਨ 31 ਦਸੰਬਰ ਤੱਕ ਪੂਰੀ ਡਿਫਾਲਟਰ ਰਕਮ ਭਰਨ ਜਾਂ ਕਰਜ਼ਾ ਖਾਤਾ ਬੰਦ ਕਰਨ ਤਾਂ ਸਾਰਾ ਬਕਾਇਆ ਦੰਡ ਵਿਆਜ ਮੁਆਫ ਕੀਤਾ ਜਾਵੇਗਾ।