ਦਰਸ਼ਨ ਸਿੰਘ ਸੋਢੀ
ਐਸ.ਏ.ਐਸ. ਨਗਰ (ਮੁਹਾਲੀ), 8 ਫਰਵਰੀ
ਭਾਰਤੀ ਕਿਸਾਨ ਯੂਨੀਅਨ (ਲੱਖੋਵਾਲ) ਅਤੇ ਹੋਰ ਕਿਸਾਨ ਜਥੇਬੰਦੀਆਂ ਸਮੇਤ ਦੁੱਧ ਉਤਪਾਦਕਾਂ ਨੇ ਦੁੱਧ ਦੇ ਰੇਟ ਵਧਾਉਣ ਦੀ ਮੰਗ ਨੂੰ ਲੈ ਕੇ ਵੇਰਕਾ ਮਿਲਕ ਪਲਾਂਟ ਮੁਹਾਲੀ ਦੇ ਬਾਹਰ ਦੁੱਧ ਡੋਲ੍ਹ ਕੇ ਵਿਸ਼ਾਲ ਰੋਸ ਪ੍ਰਦਰਸ਼ਨ ਕੀਤਾ ਅਤੇ ਵੇਰਕਾ ਮਿਲਕ ਪਲਾਂਟ ਮੈਨੇਜਮੈਂਟ ਦਾ ਪੁਤਲਾ ਸਾੜ ਕੇ ਨਾਅਰੇਬਾਜ਼ੀ ਕੀਤੀ। ਇਸ ਦੇ ਨਾਲ ਹੀ ਲੜੀਵਾਰ ਭੁੱਖ-ਹੜਤਾਲ ਦੇ ਚੌਥੇ ਦਿਨ ਹਾਕਮ ਸਿੰਘ, ਇਕਬਾਲ ਸਿੰਘ, ਦਲਬੀਰ ਸਿੰਘ, ਧਰਮਿੰਦਰ ਸਿੰਘ ਅਤੇ ਖੁਸ਼ਵੰਤ ਸਿੰਘ ਮੜੌਲੀ ਭੁੱਖ-ਹੜਤਾਲ ’ਤੇ ਬੈਠੇ। ਇਸੇ ਦੌਰਾਨ ਕਿਸਾਨ ਯੂਨੀਅਨ (ਸਿਰਸਾ) ਦੇ ਪ੍ਰਧਾਨ ਜਥੇਦਾਰ ਬਲਦੇਵ ਸਿੰਘ ਸਿਰਸਾ ਨੇ ਧਰਨੇ ਵਿੱਚ ਪਹੁੰਚ ਕੇ ਕਿਸਾਨਾਂ ਅਤੇ ਦੁੱਧ ਉਤਪਾਦਕਾਂ ਦੇ ਸੰਘਰਸ਼ ਦੀ ਹਮਾਇਤ ਦਾ ਐਲਾਨ ਕੀਤਾ।
ਇਸ ਮੌਕੇ ਕਿਸਾਨ ਆਗੂ ਜਸਪਾਲ ਸਿੰਘ ਨਿਆਮੀਆਂ, ਦਵਿੰਦਰ ਸਿੰਘ ਦੇਹਕਲਾਂ, ਗਿਆਨ ਸਿੰਘ ਧੜਾਕ, ਸਿਮਰਜੀਤ ਸਿੰਘ ਅਤੇ ਹਰਚੰਦ ਸਿੰਘ ਗੜਾਂਗਾ ਨੇ ਕਿਹਾ ਕਿ ਸਰਕਾਰ ਦੁੱਧ ਉਤਪਾਦਕਾਂ ਨਾਲ ਸਿਰੇ ਦਾ ਧੱਕਾ ਕਰ ਰਹੀ ਹੈ ਅਤੇ ਵੇਰਕਾ ਮਿਲਕ ਪਲਾਂਟ ਨੇ ਪਿਛਲੇ ਦੋ ਸਾਲਾਂ ਵਿੱਚ ਦੁੱਧ ਦਾ ਭਾਅ ਨਹੀਂ ਵਧਾਇਆ, ਸਗੋਂ ਬੀਤੀ 11 ਜਨਵਰੀ ਤੋਂ ਦੁੱਧ ਦੇ ਭਾਅ ਘਟਾ ਦਿੱਤਾ ਹੈ ਜਦੋਂਕਿ ਆਪਣੇ ਉਤਪਾਦ ਮਹਿੰਗੇ ਵੇਚੇ ਜਾ ਰਹੇ ਹਨ। ਜਿਸ ਕਾਰਨ ਦੁੱਧ ਉਤਪਾਦਕਾਂ ਨੂੰ ਭੁੱਖ-ਹੜਤਾਲ ’ਤੇ ਬੈਠਣ ਲਈ ਮਜਬੂਰ ਹੋਣਾ ਪਿਆ ਹੈ।
ਪਾਲ ਸਿੰਘ ਨਿਆਮੀਆਂ ਅਤੇ ਗੁਰਨਾਮ ਸਿੰਘ ਦਾਊਂ ਨੇ ਕਿਹਾ ਕਿ ਸਾਲ 2019 ਵਿੱਚ ਦੁੱਧ ਦਾ ਰੇਟ 72 ਰੁਪਏ ਕਿੱਲੋ ਸੀ ਅਤੇ ਫੀਡ 20 ਰੁਪਏ ਕਿੱਲੋ ਸੀ। ਅੱਜ ਦੁੱਧ ਦਾ ਰੇਟ ਘਟਾ ਕੇ 69 ਰੁਪਏ ਕਿੱਲੋ ਕਰ ਦਿੱਤਾ ਜਦੋਂਕਿ ਫੀਡ 35 ਰੁਪਏ ਕਿੱਲੋ ਹੋ ਗਈ ਹੈ। ਮਹਿੰਗਾਈ ਡੇਢ ਗੁਣਾ ਵੱਧ ਗਈ ਪਰ ਦੁੱਧ ਦਾ ਭਾਅ ਘਟਾਇਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਹੁਣ ਬੇਮੌਸਮੀ ਬਾਰਸ਼ ਨੇ ਫਸਲਾਂ ਅਤੇ ਪਸ਼ੂਆਂ ਦੇ ਚਾਰੇ ਦਾ ਕਾਫ਼ੀ ਨੁਕਸਾਨ ਕੀਤਾ ਹੈ। ਉਨ੍ਹਾਂ ਮੰਗ ਕੀਤੀ ਕਿ ਦੁੱਧ ਦਾ ਭਾਅ 100 ਰੁਪਏ ਕੀਤਾ ਜਾਵੇ। ਉਨ੍ਹਾਂ ਕਿਹਾ ਕਿ ਜਿਵੇਂ ਕਿਸਾਨਾਂ ਨੇ ਦਿੱਲੀ ਮੋਰਚਾ ਫਤਿਹ ਕੀਤਾ ਹੈ, ਓਵੇਂ ਦੁੱਧ ਦੇ ਰੇਟ ਵਿੱਚ ਵਾਧਾ ਕਰਵਾ ਕੇ ਹੀ ਦਮ ਲੈਣਗੇ। ਉਨ੍ਹਾਂ ਚਿਤਾਵਨੀ ਦਿੱਤੀ ਕਿ ਜੇਕਰ ਦੁੱਧ ਦਾ ਭਾਅ ਨਾ ਵਧਾਇਆ ਗਿਆ ਤਾਂ ਮਰਨ ਵਰਤ ਸ਼ੁਰੂ ਕੀਤਾ ਜਾਵੇਗਾ। ਇਸ ਮੌਕੇ ਦਵਿੰਦਰ ਸਿੰਘ ਦੇਹਕਲਾਂ, ਬੂਟਾ ਸਿੰਘ ਨਿਆਮੀਆਂ, ਬਲਬੀਰ ਸਿੰਘ ਧੜਾਕ, ਸਤਨਾਮ ਸਿੰਘ ਲਖਨਪੁਰ, ਸਵਰਨ ਸਿੰਘ ਰੈਲੋਂ, ਹਰਮੀਤ ਸਿੰਘ ਡਡਿਆਣਾ, ਮਲਕੀਤ ਸਿੰਘ ਥੇੜੀ, ਗੁਰਿੰਦਰ ਸਿੰਘ ਗੜਾਂਗਾ, ਮਨਜੀਤ ਸਿੰਘ ਮਾਜਰੀ ਅਤੇ ਰਣਵੀਰ ਰਾਣਾ ਮੌਜੂਦ ਸਨ।