ਕਰਮਜੀਤ ਸਿੰਘ ਚਿੱਲਾ
ਬਨੂੜ, 11 ਸਤੰਬਰ
ਬਨੂੜ ਖੇਤਰ ਦੇ ਹਰ ਪਿੰਡ ਵਿੱਚ ਝੋਨੇ ਦੇ ਬੂਟੇ ਮਧਰੇ ਰਹਿਣ ਦੀ ਬਿਮਾਰੀ ਨੇ ਕਿਸਾਨਾਂ ਦੇ ਸੁਫ਼ਨਿਆਂ ਨੂੰ ਵੀ ਮਧਰਾ ਕਰ ਦਿੱਤਾ ਹੈ। ਖੇਤੀਬਾੜੀ ਯੂਨੀਵਰਸਿਟੀ ਦੀਆਂ ਟੀਮਾਂ ਝੋਨੇ ਦੇ ਖੇਤਾਂ ਦਾ ਨਿਰੀਖ਼ਣ ਕਰ ਕੇ, ਸੈਂਪਲ ਲੈਣ ਉਪਰੰਤ ਇਸ ਬਿਮਾਰੀ ਨੂੰ ਲਾਇਲਾਜ ਚੀਨੀ ਵਾਇਰਸ ਦਾ ਨਾਂ ਦੇ ਕੇ ਪੱਲਾ ਝਾੜ ਗਈਆਂ ਹਨ ਤੇ ਕਿਸਾਨਾਂ ਦੀ ਕੋਈ ਬਾਂਹ ਨਹੀਂ ਫੜ ਰਿਹਾ। ਇਲਾਕੇ ਵਿੱਚ ਵੱਡੀ ਮਾਤਰਾ ਵਿੱਚ ਝੋਨਾ ਇੱਕ-ਇੱਕ ਫੁੱਟ ਤੱਕ ਸਿਮਟ ਕੇ ਰਹਿ ਗਿਆ ਹੈ, ਕਈ ਖੇਤਾਂ ਵਿੱਚ 30 ਤੋਂ 40 ਫ਼ੀਸਦੀ ਅਤੇ ਕਈਆਂ ਵਿੱਚ 50 ਫ਼ੀਸਦੀ ਤੋਂ ਵੱਧ ਝੋਨੇ ਦੇ ਬੂਟੇ ਮਧਰੇ ਰਹਿ ਗਏ ਹਨ। ਕਿਸਾਨ ਜਥੇਬੰਦੀਆਂ ਨੇ ਖੇਤੀਬਾੜੀ ਮੰਤਰੀ ਤੋਂ ਤੁਰੰਤ ਮਾਮਲੇ ਵਿੱਚ ਦਖ਼ਲ ਦੀ ਮੰਗ ਕਰਦਿਆਂ ਨੁਕਸਾਨਗ੍ਰਸਤ ਝੋਨੇ ਦੀ ਵਿਸ਼ੇਸ਼ ਗਿਰਦਾਵਰੀ ਕਰਵਾ ਕੇ ਮੁਆਵਜ਼ਾ ਦਿੱਤੇ ਜਾਣ ਦੀ ਮੰਗ ਕੀਤੀ ਹੈ ਤੇ ਮੁਆਵਜ਼ਾ ਨਾ ਦੇਣ ਦੀ ਸੂਰਤ ਵਿੱਚ ਸੰਘਰਸ਼ ਵਿੱਢਣ ਦੀ ਚਿਤਾਵਨੀ ਵੀ ਦਿੱਤੀ ਹੈ।
ਪਿੰਡ ਹੁੰਬੜਾ ਦੇ ਕਿਸਾਨ ਸਵਰਨ ਸਿੰਘ ਨੇ ਅੱਜ ਦੋ ਏਕੜ ਝੋਨੇ ਦੀ ਫ਼ਸਲ ਖੇਤਾਂ ਵਿੱਚ ਹੀ ਵਾਹ ਦਿੱਤੀ। ਕਿਸਾਨ ਨੇ ਦੱਸਿਆ ਕਿ ਉਸ ਨੇ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵੱਲੋਂ ਪ੍ਰਵਾਨਿਤ ਪੀਆਰ-131 ਬੀਜ ਦਾ ਝੋਨਾ ਲਗਾਇਆ ਸੀ। ਉਸ ਨੇ ਦੱਸਿਆ ਕਿ ਸਮੁੱਚੇ ਝੋਨੇ ਦੇ ਬੂਟੇ ਮਧਰੇ ਰਹਿ ਗਏ ਅਤੇ ਦਵਾਈਆਂ ਦੇ ਸਪਰੇਅ ਦਾ ਵੀ ਕੋਈ ਅਸਰ ਨਹੀਂ ਹੋਇਆ। ਉਸ ਨੇ ਦੱਸਿਆ ਕਿ ਝੋਨਾ ਨਿੱਸਰਿਆ ਹੀ ਨਹੀਂ ਜਿਸ ਕਰਕੇ ਹੁਣ ਉਸ ਨੂੰ ਖੇਤ ਵਿੱਚ ਹੀ ਵਾਹੁਣ ਲਈ ਮਜਬੂਰ ਹੋਣਾ ਪਿਆ ਹੈ।
ਠੇਕੇ ਉੱਤੇ ਜ਼ਮੀਨ ਲੈ ਕੇ 16 ਏਕੜ ਥਾਂ ਵਿੱਚ ਝੋਨਾ ਲਾਉਣ ਵਾਲੇ ਮਨੌਲੀ ਸੂਰਤ ਦੇ ਗੁਰਪ੍ਰੀਤ ਸਿੰਘ ਦਾ ਅੱਸੀ ਫ਼ੀਸਦੀ ਤੋਂ ਵੱਧ ਝੋਨਾ ਬੂਟੇ ਮਧਰੇ ਰਹਿਣ ਦੀ ਬਿਮਾਰੀ ਨਾਲ ਨੁਕਸਾਨਿਆ ਗਿਆ ਹੈ। ਚਾਲੀ ਹਜ਼ਾਰ ਪ੍ਰਤੀ ਏਕੜ ਦਾ ਠੇਕਾ ਅਤੇ ਪੰਦਰਾਂ ਹਜ਼ਾਰ ਪ੍ਰਤੀ ਏਕੜ ਦਾ ਖਰਚਾ ਕਰਨ ਤੋਂ ਬਾਅਦ ਕਿਸਾਨ ਦਾ ਨਾ ਠੇਕਾ ਵਾਪਸ ਮੁੜਿਆ ਤੇ ਨਾ ਖਰਚਾ। ਅਜਿਹਾ ਹੀ ਹਾਲ ਬਨੂੜ ਦੇ ਕਿਸਾਨ ਅਮਰਜੀਤ ਸਿੰਘ, ਬਠਲਾਣਾ ਦੇ ਨੰਬਰਦਾਰ ਹਰਪਾਲ ਸਿੰਘ, ਪੰਚ ਲਖਵੀਰ ਸਿੰਘ, ਸਨੇਟਾ ਦੇ ਕਿਸਾਨ ਬਿੰਦਰ ਸਿੰਘ ਤੇ ਹੋਰ ਪਿੰਡਾਂ ਦੇ ਦਰਜਨਾਂ ਕਿਸਾਨਾਂ ਦੇ ਖੇਤਾਂ ਵਿੱਚ ਹੈ। ਝੋਨੇ ਦੇ ਪੀਆਰ-131 ਕਿਸਮ ਨੂੰ ਇਹ ਸਭ ਤੋਂ ਵੱਧ ਰੋਗ ਹੈ ਤੇ ਇਸ ਖੇਤਰ ਵਿੱਚ ਝੋਨੇ ਦਾ ਇਹ ਬੀਜ ਵੱਡੀ ਮਾਤਰਾ ਵਿੱਚ ਲਗਾਇਆ ਜਾਂਦਾ ਹੈ। ਕਿਸਾਨ ਸਭਾ ਦੇ ਸੂਬਾਈ ਆਗੂ ਗੁਰਦਰਸ਼ਨ ਸਿੰਘ ਖਾਸਪੁਰ, ਮੋਹਨ ਸਿੰਘ ਸੋਢੀ, ਖੇਤ ਮਜ਼ਦੂਰ ਯੂਨੀਅਨ ਦੇ ਜ਼ਿਲ੍ਹਾ ਪ੍ਰਧਾਨ ਸੱਤਪਾਲ ਸਿੰਘ ਰਾਜੋਮਾਜਰਾ ਤੇ ਵੱਖ-ਵੱਖ ਕਿਸਾਨ ਜਥੇਬੰਦੀਆਂ ਨੇ ਪੰਜਾਬ ਸਰਕਾਰ ਅਤੇ ਮੁਹਾਲੀ ਦੇ ਡੀਸੀ ਤੋਂ ਬੂਟੇ ਮਧਰੇ ਰਹਿਣ ਦੀ ਬਿਮਾਰੀ ਤੋਂ ਪ੍ਰਭਾਵਿਤ ਝੋਨੇ ਦੀ ਤੁਰੰਤ ਗਿਰਦਾਵਰੀ ਕਰਵਾਏ ਜਾਣ ਦੀ ਮੰਗ ਕੀਤੀ ਹੈ।