ਕਰਮਜੀਤ ਸਿੰਘ ਚਿੱਲਾ
ਬਨੂੜ, 2 ਅਪਰੈਲ
ਕੌਮੀ ਸ਼ਾਹਰਾਹ ਅਥਾਰਿਟੀ ਵੱਲੋਂ ਇਸ ਖੇਤਰ ਵਿੱਚੋਂ ਕੱਢੀਆਂ ਜਾ ਰਹੀਆਂ ਸੜਕਾਂ ਲਈ ਜ਼ਮੀਨ ਗ੍ਰਹਿਣ ਕਰਨ ਦੀ ਆਰੰਭੀ ਪ੍ਰਕਿਰਿਆ ਤੋਂ ਕਿਸਾਨ ਔਖੇ ਹਨ। ਕਿਸਾਨਾਂ ਦਾ ਕਹਿਣਾ ਹੈ ਕਿ ਜੇ ਜ਼ਮੀਨ ਗ੍ਰਹਿਣ ਕਰਨ ਤੋਂ ਪਹਿਲਾਂ ਉਨ੍ਹਾਂ ਦੇ ਸ਼ੰਕੇ ਦੂਰ ਨਾ ਹੋਏ ਤਾਂ ਉਹ ਸੰਘਰਸ਼ ਵਿੱਢਣ ਤੋਂ ਗੁਰੇਜ਼ ਨਹੀਂ ਕਰਨਗੇ ਅਤੇ ਆਪਣੀਆਂ ਜ਼ਮੀਨਾਂ ਵੀ ਐਕੁਆਇਰ ਨਹੀਂ ਹੋਣ ਦੇਣਗੇ। ਬਨੂੜ ਖੇਤਰ ਵਿੱਚੋਂ ਗ੍ਰੀਨਫ਼ੀਲਡ ਦੇ ਨਾਂ ਹੇਠ ਦੋ ਸੜਕਾਂ ਅੰਬਾਲਾ ਤੋਂ ਮੁਹਾਲੀ ਏਅਰਪੋਰਟ ਤੱਕ ਜੋੜਨ ਲਈ ਕੱਢੀਆਂ ਜਾ ਰਹੀਆਂ ਹਨ। ਇੱਕ ਸੜਕ ਦੈੜੀ ਟੀ-ਪੁਆਇੰਟ ਤੋਂ ਨਗਾਰੀ, ਗੁਡਾਣਾ, ਢੇਲਪੁਰ, ਗੋਬਿੰਦਗੜ੍ਹ, ਆਦਿ ਪਿੰਡਾਂ ਵਿੱਚੋਂ ਹੋ ਕੇ ਲਾਂਡਰਾਂ ਅਤੇ ਖਰੜ ਦੇ ਬਾਹਰੋਂ ਕੁਰਾਲੀ ਨੇੜਲੇ ਸਹੌੜਾਂ ਤੱਕ ਬਣਾਈ ਜਾ ਰਹੀ ਹੈ। ਇਨ੍ਹਾਂ ਜ਼ਮੀਨਾਂ ਵਿੱਚ ਆਉਣ ਵਾਲੀਆਂ ਸੜਕਾਂ ਨੂੰ ਗ੍ਰਹਿਣ ਕਰਨ ਲਈ ਨੋਟੀਫ਼ਿਕੇਸ਼ਨ ਹੋ ਚੁੱਕੀ ਹੈ। ਪ੍ਰਸ਼ਾਸ਼ਨ ਵੱਲੋਂ ਕਿਸਾਨਾਂ ਕੋਲੋਂ ਇਤਰਾਜ਼ ਅਤੇ ਉਨ੍ਹਾਂ ਦੀ ਜਨਤਕ ਸੁਣਵਾਈ ਵੀ ਕੀਤੀ ਜਾ ਚੁੱਕੀ ਹੈ ਪਰ ਕਿਸਾਨਾਂ ਦੀ ਤਸੱਲੀ ਨਹੀਂ ਹੋ ਰਹੀ। ਪ੍ਰਭਾਵਿਤ ਕਿਸਾਨਾਂ ਸ਼ੇਰ ਸਿੰਘ ਦੈੜੀ, ਰਵੀ ਸ਼ਰਮਾ ਗੁਡਾਣਾ, ਪਰਮਜੀਤ ਸਿੰਘ ਰੰਧਾਵਾ, ਅਵਤਾਰ ਸਿੰਘ, ਬਲਬੀਰ ਸਿੰਘ ਮਨੌਲੀ ਸੂਰਤ, ਚਰਨਜੀਤ ਸਿੰਘ ਛੜਬੜ, ਨਰਿੰਦਰ ਸਿੰਘ ਅਮਲਾਲਾ, ਪਰਦੀਪ ਸਿੰਘ ਰਾਜੋਮਾਜਰਾ, ਦੀਦਾਰ ਸਿੰਘ, ਨਸੀਬ ਸਿੰਘ, ਅਮਰ ਸਿੰਘ ਬਨੂੜ ਨੇ ਕਿਹਾ ਕਿ ਇਨ੍ਹਾਂ ਸੜਕਾਂ ਲਈ ਪ੍ਰਾਪਤ ਕੀਤੀ ਜਾਣ ਵਾਲੀ ਜ਼ਮੀਨ ਦੇ ਭਾਅ ਬਾਰੇ ਕੁੱਝ ਨਹੀਂ ਦੱਸਿਆ ਜਾ ਰਿਹਾ। ਉਨ੍ਹਾਂ ਕਿਹਾ ਕਿ ਸੜਕ ਨਾਲ ਇੱਕ-ਦੂਜੇ ਪਾਸੇ ਰਹਿਣ ਵਾਲੀ ਜ਼ਮੀਨ ਲਈ ਲਾਂਘੇ, ਖੇਤੀ ਲਈ ਪਾਣੀ ਦੀਆਂ ਪਾਈਪ ਲਾਈਨਾਂ, ਬਰਸਾਤੀ ਪਾਣੀ ਦੇ ਨਿਕਾਸ ਸਬੰਧੀ ਵੀ ਕੋਈ ਪੁਖਤਾ ਭਰੋਸਾ ਨਹੀਂ ਮਿਲ ਰਿਹਾ। ਉਨ੍ਹਾਂ ਮੁੱਖ ਮੰਤਰੀ ਤੋਂ ਸਾਰੇ ਮਾਮਲੇ ਵਿੱਚ ਦਖਲ ਦੀ ਮੰਗ ਕਰਦਿਆਂ ਜ਼ਮੀਨ ਗ੍ਰਹਿਣ ਕਰਨ ਤੋਂ ਪਹਿਲਾਂ ਕਿਸਾਨਾਂ ਦੀ ਪੂਰੀ ਤਸੱਲੀ ਕਰਾਉਣ ਦੀ ਮੰਗ ਕੀਤੀ।
ਮੰਗਾਂ ਨਾ ਮੰਨਣ ’ਤੇ ਕਿਸਾਨਾਂ ਵੱਲੋਂ ਸੰਘਰਸ਼ ਦਾ ਐਲਾਨ
ਫ਼ਤਹਿਗੜ੍ਹ ਸਾਹਿਬ (ਅਜੇ ਮਲਹੋਤਰਾ): ਕੇਂਦਰ ਸਰਕਾਰ ਦੀ ਮਨਿਸਟਰੀ ਆਫ ਰੋਡ ਟਰਾਂਸਪੋਰਟ ਐਂਡ ਹਾਈਵੇਜ਼ ਵੱਲੋਂ ਮੁਹਾਲੀ ਤੋਂ ਜੀਟੀ ਰੋਡ ਸਰਹਿੰਦ ਤੱਕ ਭਾਰਤ ਮਾਲਾ ਰੋਡ ਬਣਾਉਣ ਦਾ ਨੋਟੀਫਿਕੇਸ਼ਨ ਕੀਤਾ ਗਿਆ ਹੈ। ਇਹ ਸੜਕ ਜ਼ਿਲ੍ਹਾ ਫਤਹਿਗੜ੍ਹ ਸਾਹਿਬ ਦੇ ਪਿੰਡ ਪੱਤੋਂ, ਭਗਤਪੁਰਾ, ਤਾਜਪੁਰਾ, ਦੌਲਤਪੁਰ, ਭੂਆਖੇੜੀ, ਝਾਮਪੁਰ, ਰਾਮਪੁਰ, ਬੀਪੁਰ, ਡੰਗੇੜੀਆਂ, ਦੁਬਾਲੀ, ਖੇੜਾ, ਸੈਣੀਮਾਜਰਾ, ਬੋਰਾਂ, ਰੰਧਾਵਾ, ਕੋਟਲਾ ਸੁਲੇਮਾਨ ਅਤੇ ਭੱਟਮਾਜਰਾ ਦੇ ਰਕਬੇ ਵਿੱਚੋਂ ਹੁੰਦੇ ਹੋਏ ਨਿਕਲਣੀ ਹੈ। ਇਸ ਬਾਰੇ ਗੁਰਦੁਆਰਾ ਰੁਮਾਣਾ ਸਾਹਿਬ ਖੇੜਾ ਹੰਸਾਲੀ ਵਿੱਚ ਬਲਜੀਤ ਸਿੰਘ ਭੁੱਟਾ ਦੀ ਅਗਵਾਈ ਵਿੱਚ ਮੀਟਿੰਗ ਹੋੋਈ। ਸ੍ਰੀ ਭੁੱਟਾ ਨੇ ਦੱਸਿਆ ਕਿ ਨੋਟੀਫਿਕੇਸ਼ਨ ਤੋਂ 21 ਦਿਨਾਂ ਦੇ ਅੰਦਰ 9 ਅਪਰੈਲ ਤੱਕ ਜਿਨ੍ਹਾਂ ਕਿਸਾਨਾਂ ਦੀ ਜ਼ਮੀਨ ਦਾ ਰਕਬਾ ਇਸ ਬਨਣ ਵਾਲੀ ਸੜਕ ਹੇਠ ਆ ਰਿਹਾ ਹੈ ਉਨ੍ਹਾਂ ਨੂੰ ਜ਼ਿਲ੍ਹਾ ਮਾਲ ਅਫਸਰ ਨੂੰ ਇਤਰਾਜ਼ ਦੇਣੇ ਹਨ। ਉਨ੍ਹਾਂ ਦੱਸਿਆ ਕਿ ਕਿਸਾਨਾਂ ਦੀਆਂ ਮੰਗਾਂ ਹਨ ਕਿ ਸੜਕ ਹੇਠ ਆਉਣ ਵਾਲੀ ਜ਼ਮੀਨ ਦੀ ਨਿਰਧਾਰਤ ਕੀਮਤ ਦੱਸੀ ਜਾਵੇ, ਖੇਤਾਂ ਵਿੱਚ ਜਾਣ ਲਈ ਰਸਤੇ, ਖੇਤਾਂ ਨੂੰ ਪਾਣੀ ਲਾਉਣ ਤੋਂ ਇਲਾਵਾ ਬਰਸਾਤੀ ਪਾਣੀ ਦੀ ਨਿਕਾਸੀ ਦੇ ਪੁਖਤਾ ਅਤੇ ਸਾਰਥਕ ਪ੍ਰਬੰਧ ਤੇ ਮੋਟਰ ਕੁਨੈਕਸ਼ਨ ਟਿਊਬਵੈੱਲ ਬੋਰ, ਕੋਠਾ ਅਤੇ ਦਰਖਤ ਆਦਿ ਦਾ ਮੁਆਵਜ਼ਾ ਨੋਟੀਫਿਕੇਸ਼ਨ ਦੇ ਦਿਨ ਪੂਰੇ ਹੋਣ ਤੋਂ ਪਹਿਲਾਂ ਦੱਸਿਆ ਜਾਵੇ। ਇਸ ਮੌਕੇ ਤਨਵੀਰ ਸਿੰਘ ਖੇੜਾ, ਪੰਚ ਡੰਘੇੜੀਆਂ ਰਣਦੀਪ ਸਿੰਘ, ਇੰਦਰਜੀਤ ਸਿੰਘ ਖੇੜਾ, ਸਰਬਜੀਤ ਸਿੰਘ ਡੰਘੇੜੀਆਂ, ਜਸਵਿੰਦਰ ਸਿੰਘ ਰਾਮਪੁਰ ਹਾਜ਼ਰ ਸਨ। ਉਨ੍ਹਾਂ ਕਿਹਾ ਕਿ ਜੇ ਮੰਗਾਂ ਨਾ ਮੰਨੀਆਂ ਤਾਂ ਸੰਘਰਸ਼ ਉਲੀਕਿਆ ਜਾਵੇਗਾ।