ਕਰਮਜੀਤ ਸਿੰਘ ਚਿੱਲਾ
ਬਨੂੜ, 18 ਅਕਤੂਬਰ
ਮਾਰਕੀਟ ਕਮੇਟੀ ਬਨੂੜ ਅਧੀਨ ਪੈਂਦੇ ਖੇਤਰਾਂ ਵਿੱਚ ਚੱਲ ਰਹੀਆਂ ਗੈਰਕਾਨੂੰਨੀ ਸਬਜ਼ੀ ਮੰਡੀਆਂ ਦੇ ਵਿਰੋਧ ਵਿੱਚ ਕਿਸਾਨਾਂ ਨੇ ਅੱਜ ਮਾਰਕੀਟ ਕਮੇਟੀ ਦੇ ਦਫ਼ਤਰ ਸਾਹਮਣੇ ਨਾਅਰੇਬਾਜ਼ੀ ਕੀਤੀ। ਇਸ ਮੌਕੇ ਕਿਸਾਨ ਸਭਾ ਦੇ ਕਾਰਕੁਨਾਂ ਨੇ ਵੀ ਸ਼ਮੂਲੀਅਤ ਕੀਤੀ। ਕਿਸਾਨਾਂ ਨੇ ਗੈਰਕਾਨੂੰਨੀ ਮੰਡੀਆਂ ਵਿੱਚ ਆਪਣੀ ਲੁੱਟ ਹੋਣ ਅਤੇ ਮਾਰਕੀਟ ਫੀਸ ਨੂੰ ਭਾਰੀ ਚੂਨਾ ਲੱਗਣ ਦਾ ਦੋਸ਼ ਵੀ ਲਾਇਆ। ਕਿਸਾਨ ਸਭਾ ਦੇ ਸੂਬਾਈ ਆਗੂ ਗੁਰਦਰਸਨ ਸਿੰਘ ਖਾਸਪੁਰ, ਸਾਬਕਾ ਸਰਪੰਚ ਗੁਰਮੇਲ ਸਿੰਘ ਬੂਟਾਸਿੰਘਵਾਲਾ, ਮੱਖਣ ਸਿੰਘ ਬਨੂੜ, ਜੋਗਿੰਦਰ ਸਿੰਘ ਬਾਂਡਿਆਂ ਬਸੀ, ਅਵਤਾਰ ਸਿੰਘ ਧਰਮਗੜ੍ਹ, ਸੁਰਿੰਦਰ ਸਿੰਘ ਟੋਨੀ, ਸਤਪਾਲ ਸਿੰਘ ਸੂਰਜਗੜ੍ਹ, ਸੁਰਮਾ ਰਾਏਪੁਰ ਨੇ ਦੱਸਿਆ ਕਿ ਜਲਾਲਪੁਰ ਫੋਕਲ ਪੁਆਇੰਟ ਜਾਂ ਬਨੂੜ ਸਬਜ਼ੀ ਮੰਡੀ ਵਿੱਚ ਖਰੀਦ ਕਰਨ ਦੀ ਥਾਂ ਕਈ ਪਿੰਡ ਜੰਗਪੁਰਾ, ਥੂਹਾ, ਜਾਂਸਲਾ ਵਿੱਚ ਆਪਣੀਆਂ ਹੀ ਮੰਡੀਆਂ ਚਲਾ ਰਹੇ ਹਨ। ਉਨ੍ਹਾਂ ਕਿਹਾ ਕਿ ਮਨਮਰਜ਼ੀ ਦੇ ਰੇਟ ਦਿੱਤੇ ਜਾਂਦੇ ਹਨ ਤੇ ਮਾਰਕੀਟ ਫੀਸ ਨੂੰ ਵੀ ਚੂਨਾ ਲੱਗਦਾ ਹੈ। ਕਿਸਾਨਾਂ ਨੇ ਚਿਤਾਵਨੀ ਦਿੱਤੀ ਕਿ ਜੇ ਮਸਲਾ ਹੱਲ ਨਾ ਹੋਇਆ ਤਾਂ ਉਹ ਮਾਰਕੀਟ ਕਮੇਟੀ ਦਾ ਘਿਰਾਓ ਕਰਨ ਤੋਂ ਗੁਰੇਜ਼ ਨਹੀਂ ਕਰਨਗੇ।
ਜਲਦੀ ਹੋਵੇਗਾ ਮਾਮਲਾ ਹੱਲ: ਸਕੱਤਰ
ਮਾਰਕੀਟ ਕਮੇਟੀ ਬਨੂੜ ਦੇ ਸਕੱਤਰ ਇੰਦਰਜੀਤ ਸਿੰਘ ਨੇ ਦੱਸਿਆ ਕਿ ਇਹ ਮਾਮਲਾ ਉਚ ਅਧਿਕਾਰੀਆਂ ਦੇ ਧਿਆਨ ਵਿੱਚ ਹੈ। ਉਨ੍ਹਾਂ ਕਿਹਾ ਕਿ ਮੁਹਾਲੀ ਦੀ ਐੱਸਡੀਐੱਮ ਅਤੇ ਮਾਰਕੀਟ ਕਮੇਟੀ ਦੀ ਪ੍ਰਸ਼ਾਸਕ ਸਰਬਜੀਤ ਕੌਰ ਵੱਲੋਂ ਇਸ ਸਬੰਧੀ 19 ਅਕਤੂਬਰ ਨੂੰ ਮਾਰਕੀਟ ਕਮੇਟੀ ਦੇ ਦਫ਼ਤਰ ਵਿੱਚ ਸਬੰਧਤ ਆੜ੍ਹਤੀਆਂ ਨਾਲ ਮੀਟਿੰਗ ਰੱਖੀ ਗਈ ਹੈ। ਉਨ੍ਹਾਂ ਕਿਹਾ ਕਿ ਇਸ ਮੌਕੇ ਮਸਲਾ ਹੱਲ ਹੋਣ ਦੀ ਉਮੀਦ ਹੈ।