ਪੱਤਰ ਪ੍ਰੇਰਕ
ਬਨੂੜ, 26 ਜੂਨ
ਖੇਤਰ ਦੇ ਪਿੰਡਾਂ ਵਿੱਚ ਮਿਰਚਾਂ ਦੀ ਫ਼ਸਲ ਉੱਤੇ ਉੱਲੀ ਦਾ ਹਮਲਾ ਹੋਣ ਨਾਲ ਮਿਰਚਾਂ ਦੇ ਬੂਟੇ ਸੁੱਕਣੇ ਸ਼ੁਰੂ ਹੋ ਗਏ ਹਨ। ਕਿਸੇ ਸਪਰੇਅ ਦਾ ਅਸਰ ਨਾ ਹੋਣ ਕਾਰਨ ਕਿਸਾਨ ਪ੍ਰੇਸ਼ਾਨ ਹਨ। ਪਿੰਡ ਨੰਡਿਆਲੀ ਦੇ ਕਿਸਾਨ ਭੁਪਿੰਦਰ ਸਿੰਘ ਨੇ ਦੱਸਿਆ ਉਸ ਨੇ ਮਹਿੰਗੇ ਮੁੱਲ ਦਾ ਮਿਰਚਾਂ ਦਾ ਬੀਜ ਲਿਆ ਕੇ 25 ਹਜ਼ਾਰ ਤੋਂ ਵੱਧ ਦਾ ਖਰਚਾ ਕਰਕੇ ਇੱਕ ਏਕੜ ਥਾਂ ਵਿੱਚ ਮਿਰਚਾਂ ਲਗਾਈਆਂ ਸਨ। ਉਨ੍ਹਾਂ ਕਿਹਾ ਕਿ ਹਾਲੇ ਮਿਰਚਾਂ ਦੀ ਪੈਦਾਵਾਰ ਆਰੰਭ ਹੀ ਹੋਣੀ ਸੀ ਕਿ ਇਸ ਉੱਤੇ ਉੱਲੀ ਦਾ ਹਮਲਾ ਹੋ ਗਿਆ। ਉਨ੍ਹਾਂ ਦੱਸਿਆ ਕਿ ਮਿਰਚਾਂ ਦੇ ਬੂਟੇ ਸੁੱਕਣੇ ਆਰੰਭ ਹੋ ਗਏ ਹਨ ਤੇ ਖੇਤ ਵਿੱਚੋਂ ਰੋਜ਼ਾਨਾ ਦੋ ਚਾਰ ਬੂਟੇ ਸੁੱਕ ਰਹੇ ਹਨ।
ਕਿਸਾਨ ਨੇ ਦੱਸਿਆ ਕਿ ਉਨ੍ਹਾਂ ਮਿਰਚਾਂ ਦੇ ਬੂਟਿਆਂ ਨੂੰ ਸੁੱਕਣ ਤੋਂ ਬਚਾਉਣ ਕਈ ਤਰ੍ਹਾਂ ਦੇ ਮਹਿੰਗੇ ਤੋਂ ਮਹਿੰਗੇ ਸਪਰੇਅ ਵੀ ਕਰ ਲਏ ਹਨ ਪਰ ਕੋਈ ਅਸਰ ਨਹੀਂ ਹੋ ਰਿਹਾ। ਉਨ੍ਹਾਂ ਪੰਜਾਬ ਸਰਕਾਰ, ਖੇਤੀਬਾੜੀ ਅਤੇ ਬਾਗਬਾਨੀ ਵਿਭਾਗ ਤੋਂ ਮਿਰਚਾਂ ਦੀ ਇਸ ਬਿਮਾਰੀ ਦੀ ਪੜਤਾਲ ਕਰਕੇ ਇਸ ਦੀ ਰੋਕਥਾਮ ਕਰਨ ਦੀ ਮੰਗ ਕੀਤੀ ਹੈ।