ਕਰਮਜੀਤ ਸਿੰਘ ਚਿੱਲਾ
ਬਨੂੜ, 1 ਜੂਨ
ਪਿੰਡ ਚੰਗੇਰਾ ਵਿੱਚ ਬਨੂੜ ਨਹਿਰ ਦੇ ਮਾਈਨਰ ਵਿੱਚ ਪਏ ਪਾੜ ਦੀ ਮੁਰੰਮਤ ਨਾ ਹੋਣ ਕਾਰਨ ਪਿੰਡ ਬੂਟਾ ਸਿੰਘ ਵਾਲਾ ਅਤੇ ਚੰਗੇਰਾ ਦੇ ਕਿਸਾਨ ਪ੍ਰੇਸ਼ਾਨ ਹਨ। ਕਿਸਾਨ ਦਲਜੀਤ ਸਿੰਘ, ਦਿਲਬਾਗ ਸਿੰਘ, ਸਾਹਿਬ ਸਿੰਘ, ਮੁਖਤਿਆਰ ਸਿੰਘ, ਦੀਪ ਸਿੰਘ, ਦਰਸ਼ਨ ਸਿੰਘ, ਬਲਿਹਾਰ ਸਿੰਘ ਨੇ ਦੱਸਿਆ ਕਿ ਬਨੂੜ ਨਹਿਰ ਤੋਂ ਨੈਬਾਂ ਵਾਲੇ ਮਾਈਨਰ ਵਿੱਚੋਂ ਇਹ ਸੂਆ ਨਿਕਲਦਾ ਹੈ। ਉਨ੍ਹਾਂ ਦੱਸਿਆ ਕਿ ਇਸ ਮਾਈਨਰ ਰਾਹੀਂ ਪਿੰਡ ਧਰਮਗੜ੍ਹ, ਬੂਟਾ ਸਿੰਘ ਵਾਲਾ, ਚੰਗੇਰਾ ਆਦਿ ਅੱਧੀ ਦਰਜਨ ਪਿੰਡਾਂ ਨੂੰ ਨਹਿਰੀ ਪਾਣੀ ਮਿਲਦਾ ਹੈ।
ਕਿਸਾਨਾਂ ਨੇ ਦੱਸਿਆ ਕਿ ਪਿੰਡ ਚੰਗੇਰਾ ਨੇੜੇ ਮਾਈਨਰ ਵਿੱਚ ਵਾਧੂ ਪਾਣੀ ਆਉਣ ਕਾਰਨ ਕੁੱਝ ਸਮਾਂ ਪਹਿਲਾਂ ਪਾੜ ਪੈ ਗਿਆ ਸੀ ਜਿਸ ਨੂੰ ਅਜੇ ਤਕ ਪੂਰਿਆ ਨਹੀ ਗਿਆ। ਕਿਸਾਨਾਂ ਨੇ ਦੱਸਿਆ ਕਿ ਉਹ ਅਧਿਕਾਰੀਆਂ ਕੋਲ ਫਰਿਆਦ ਕਰ ਚੁੱਕੇ ਹਨ ਪਰ ਕਾਰਵਾਈ ਨਹੀ ਹੋਈ। ਉਨ੍ਹਾਂ ਕਿਹਾ ਕਿ ਝੋਨੇ ਦਾ ਸੀਜ਼ਨ ਆ ਗਿਆ ਹੈ ਅਤੇ ਜੇਕਰ ਪਾੜ ਦੀ ਸਮੇਂ ਸਿਰ ਮੁਰੰਮਤ ਨਾ ਹੋਈ ਤਾਂ ਕਿਸਾਨਾਂ ਨੂੰ ਨਹਿਰੀ ਪਾਣੀ ਨਹੀਂ ਮਿਲੇਗਾ। ਕਿਸਾਨਾਂ ਨੇ ਸਿੰਜਾਈ ਵਿਭਾਗ ਨੂੰ ਪਾੜ ਦੀ ਤੁਰੰਤ ਮੁਰੰਮਤ ਕਰਨ ਲਈ ਕਿਹਾ ਹੈ।
ਜੇਈ ਵੱਲੋਂ ਸਮੱਸਿਆ ਹੱਲ ਕਰਨ ਦਾ ਭਰੋਸਾ
ਸਿੰਜਾਈ ਵਿਭਾਗ ਦੇ ਜੇਈ ਸੰਦੀਪ ਸਿੰਘ ਨੇ ਦੱਸਿਆ ਕਿ ਇਹ ਮਾਮਲਾ ਉਨ੍ਹਾਂ ਦੇ ਧਿਆਨ ਵਿੱਚ ਹੈ। ਉਨ੍ਹਾਂ ਦੱਸਿਆ ਕਿ ਮੁਲਾਜ਼ਮ ਮਾਈਨਰਾਂ ਦੀ ਸਫ਼ਾਈ ’ਤੇ ਲੱਗੇ ਹੋਣ ਕਾਰਨ ਦੇਰੀ ਹੋਈ ਹੈ ਤੇ ਜਲਦੀ ਹੀ ਮਾਈਨਰ ਦੀ ਮੁਰੰਮਤ ਕਰਵਾ ਦਿੱਤੀ ਜਾਵੇਗੀ।