ਕਰਮਜੀਤ ਸਿੰਘ ਚਿੱਲਾ
ਬਨੂੜ, 9 ਅਕਤੂਬਰ
ਪਿੰਡ ਸ਼ੰਭੂ ਕਲਾਂ ਨੇੜਲੇ ਕੋਲਡ ਸਟੋਰ ਵਿੱਚੋਂ ਆਲੂਆਂ ਦਾ ਬੀਜ ਕਢਵਾਉਣ ਸਮੇਂ ਹੁੰਦੀ ਦੇਰੀ ਤੋਂ ਪ੍ਰੇਸ਼ਾਨ ਕਿਸਾਨਾਂ ਨੇ ਕੋਲਡ ਸਟੋਰ ਪ੍ਰਬੰਧਕਾਂ ਖ਼ਿਲਾਫ਼ ਨਾਅਰੇਬਾਜ਼ੀ ਕੀਤੀ। ਉਨ੍ਹਾਂ ਆਲੂਆਂ ਦੇ ਬੀਜ ਦਾ ਨੁਕਸਾਨ ਹੋਣ ਦਾ ਵੀ ਦੋਸ਼ ਲਾਇਆ ਹੈ। ਕਿਸਾਨ ਅਮਰ ਸਿੰਘ, ਹਰਪ੍ਰੀਤ ਸਿੰਘ, ਹਰਬੰਸ ਸਿੰਘ ਨੰਦਗੜ੍ਹ, ਕਮਲਜੀਤ ਸਿੰਘ ਧਰਮਗੜ੍ਹ, ਰਣਜੀਤ ਸਿੰਘ ਸ਼ੰਭੂ ਕਲਾਂ, ਲਵਪ੍ਰੀਤ ਸਿੰਘ ਤੇ ਹੋਰ ਕਿਸਾਨਾਂ ਨੇ ਦੱਸਿਆ ਕਿ ਉਨ੍ਹਾਂ ਨੇ ਆਪਣੇ ਆਲੂਆਂ ਦਾ ਬੀਜ ਕੋਲਡ ਸਟੋਰ ਵਿੱਚ ਰੱਖਿਆ ਹੋਇਆ ਸੀ। ਹੁਣ ਆਲੂਆਂ ਦੀ ਬਿਜਾਈ ਕਾਰਨ ਉਹ ਬੀਜ ਕਢਵਾਉਣ ਲਈ ਸਟੋਰ ਵਿੱਚ ਜਾਂਦੇ ਹਨ ਪਰ ਸਟੋਰ ਵਿੱਚ ਲੇਬਰ ਦੀ ਘਾਟ ਕਾਰਨ ਉਨ੍ਹਾਂ ਨੂੰ ਕਈਂ ਕਈਂ ਦਿਨ ਦਾ ਇੰਤਜ਼ਾਰ ਕਰਨਾ ਪੈਂਦਾ ਹੈ। ਉਨ੍ਹਾਂ ਕਿਹਾ ਕਿ ਆਲੂਆਂ ਦੇ ਬੀਜ ਖਰਾਬ ਵੀ ਹੋ ਰਿਹਾ ਹੈ। ਉਨ੍ਹਾਂ ਲੇਬਰ ਪੂਰੀ ਕਰਨ ਅਤੇ ਖਰਾਬ ਹੋਏ ਬੀਜ ਦੀ ਭਰਪਾਈ ਦੀ ਮੰਗ ਕੀਤੀ।
ਦੂਜੇ ਪਾਸੇ ਕੋਲਡ ਸਟੋਰ ਪ੍ਰਬੰਧਕਾਂ ਨੇ ਦੱਸਿਆ ਕਿ ਇੱਕ ਚੈਂਬਰ ’ਚ ਪਏ ਕੁਝ ਆਲੂ ਬਿਜਲੀ ਦੇ ਤਕਨੀਕੀ ਨੁਕਸ ਕਾਰਨ ਖਰਾਬ ਹੋਏ ਹਨ, ਜਿਸ ਦੀ ਭਰਪਾਈ ਕੀਤੀ ਜਾ ਰਹੀ ਹੈ।
ਬਿਜਲੀ ਸਪਲਾਈ ਦੀ ਤੋਟ ਤੋਂ ਆਲੂ ਉਤਪਾਦਕ ਪ੍ਰੇਸ਼ਾਨ
ਬਨੂੜ: ਕਿਸਾਨਾਂ ਨੂੰ ਖੇਤੀ ਲਈ ਬਿਜਲੀ ਸਪਲਾਈ ’ਚ ਕੱਟਾਂ ਤੇ ਰਾਤ ਸਮੇਂ ਬਿਜਲੀ ਸਪਲਾਈ ਮਿਲਣ ਤੋਂ ਬਨੂੜ ਖੇਤਰ ’ਚ ਆਲੂ ਤੇ ਸਬਜ਼ੀਆਂ ਦੇ ਕਾਸ਼ਤਕਾਰ ਕਿਸਾਨ ਪ੍ਰੇਸ਼ਾਨ ਹਨ। ਕਿਸਾਨ ਸਭਾ ਨੇ ਪਾਵਰਕੌਮ ਤੋਂ ਬਨੂੜ ਖੇਤਰ ਵਿੱਚ ਕਿਸਾਨਾਂ ਨੂੰ ਦਿਨ ਸਮੇਂ ਰੋਜ਼ਾਨਾ ਅੱਠ ਘੰਟੇ ਪਾਵਰ ਦੇਣ ਦੀ ਮੰਗ ਕੀਤੀ ਹੈ। ਕਿਸਾਨ ਸਭਾ ਦੇ ਆਗੂ ਗੁਰਦਰਸ਼ਨ ਸਿੰਘ ਖਾਸਪੁਰ ਨੇ ਅਜਿਹਾ ਨਾ ਹੋਣ ਦੀ ਸੂਰਤ ਵਿੱਚ ਪਾਵਰਕੌਮ ਦੇ ਦਫ਼ਤਰ ਅੱਗੇ ਧਰਨਾ ਲਾਏ ਜਾਣ ਦੀ ਚਿਤਾਵਨੀ ਦਿੱਤੀ ਹੈ। ਕਿਸਾਨਾਂ ਨੇ ਕਿਹਾ ਕਿ ਰਾਤ ਸਮੇਂ ਬਿਜਲੀ ਛੱਡਣ ਨਾਲ ਆਲੂਆਂ ਅਤੇ ਸਬਜ਼ੀਆਂ ਨੂੰ ਪਾਣੀ ਦੇਣਾ ਬਹੁਤ ਮੁਸ਼ਕਲ ਹੈ।