ਪੱਤਰ ਪ੍ਰੇਰਕ
ਅਮਲੋਹ, 16 ਅਕਤੂਬਰ
ਸੰਯੁਕਤ ਕਿਸਾਨ ਮੋਰਚਾ ਦਿੱਲੀ ਦੇ ਸੱਦੇ ’ਤੇ ਕਿਸਾਨ ਆਗੂਆਂ ਵੱਲੋਂ ਅਮਲੋਹ-ਮੰਡੀ ਗੋਬਿੰਦਗੜ੍ਹ ਚੌਂਕ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਅਤੇ ਯੂਪੀ ਦੇ ਮੁੱਖ ਮੰਤਰੀ ਅਦਿੱਤਿਆਨਾਥ ਯੋਗੀ ਦੇ ਪੁਤਲੇ ਫੂਕੇ ਗਏ। ਕਿਸਾਨ ਆਗੂਆਂ ਨੇ ਕਿਹਾ ਕਿ ਦਿੱਲੀ ਦੇ ਬਾਰਡਰਾਂ ’ਤੇ ਕਿਸਾਨ ਪਿਛਲੇ ਲੰਬੇ ਸਮੇਂ ਤੋਂ ਸ਼ਾਂਤਮਈ ਸੰਘਰਸ਼ ਕਰ ਰਹੇ ਹਨ, ਪਰ ਮੋਦੀ ਸਰਕਾਰ ਦੇ ਕੰਨਾਂ ’ਤੇ ਜੂੰ ਨਹੀਂ ਸਰਕ ਰਹੀ। ਉਨ੍ਹਾਂ ਕਿਹਾ ਕਿ ਜਦੋਂ ਤੱਕ ਖੇਤੀ ਸਬੰਧੀ ਕਾਲੇ ਕਾਨੂੰਨ ਰੱਦ ਨਹੀਂ ਕੀਤੇ ਜਾਂਦੇ ਕਿਸਾਨੀ ਸੰਘਰਸ਼ ਜਾਰੀ ਰਹੇਗਾ।
ਕੁਰਾਲੀ (ਪੱਤਰ ਪ੍ਰੇਰਕ): ਲੋਕ ਹਿੱਤ ਮਿਸ਼ਨ ਵੱਲੋਂ ਅੱਜ ਟੌਲ ਪਲਾਜ਼ਾ ਬੜੌਦੀ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਪੁਤਲਾ ਫੂਕਿਆ ਗਿਆ। ਖੇਤੀ ਕਾਨੂੰਨਾਂ ਖ਼ਿਲਾਫ਼ ਕਿਸਾਨ ਸੰਘਰਸ਼ ਦੀ ਹਮਾਇਤ ਵਿੱਚ ਲੋਕ ਹਿੱਤ ਮਿਸ਼ਨ ਵੱਲੋਂ ਬੜੌਦੀ ਟੌਲ ਪਲਾਜ਼ਾ ਵਿੱਚ ਮੋਦੀ ਦਾ ਵੱਡੇ ਆਕਾਰ ਦਾ ਬੁੱਤ ਬਣਾ ਕੇ ਮੇਨ ਰੋਡ ’ਤੇ ਲਾਇਆ ਗਿਆ। ਉਸ ਦੇ ਨਾਲ ਹੀ ਰਿਲਾਇੰਸ ਮਾਲਕ ਮੁਕੇਸ਼ ਅੰਬਾਨੀ, ਅਡਾਨੀ, ਗ੍ਰਹਿ ਮੰਤਰੀ ਅਮਿਤ ਸਾਹ, ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਆਦਿੱਤਿਆਨਾਥ ਯੋਗੀ ਅਤੇ ਕੇਂਦਰੀ ਮੰਤਰੀ ਅਜੈ ਮਿਸ਼ਰਾ ਅਤੇ ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਸਮੇਤ ਹੋਰ ਭਾਜਪਾ ਆਗੂਆਂ ਦੇ ਸਿਰ ਲਗਾਏ ਗਏ। ਉਨ੍ਹਾਂ ਲੋਕਾਂ ਨੂੰ ਘਰਾਂ ’ਤੇ ਕਾਲੇ ਝੰਡੇ ਲਾ ਕੇ ਦੀਵਾਲੀ ਮਨਾਉਣ ਦੀ ਅਪੀਲ ਕੀਤੀ।
ਜ਼ੀਰਕਪੁਰ/ਡੇਰਾਬੱਸੀ (ਨਿੱਜੀ ਪੱਤਰ ਪ੍ਰੇਰਕ): ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ’ਤੇ ਇਲਾਕੇ ਦੇ ਕਿਸਾਨਾਂ ਨੇ ਤਿੰਨ ਖੇਤੀ ਕਾਨੂੰਨਾਂ ਨੂੰ ਲੈ ਕੇ ਅੱਜ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਅਮਿਤ ਸ਼ਾਹ ਦੇ ਪੁਤਲੇ ਫੂਕੇ। ਵੱਡੀ ਗਿਣਤੀ ਕਿਸਾਨ ਢਕੋਲੀ ਖੇਤਰ ਦੀਆਂ ਟਰੈਫਿਕ ਲਾਈਟਾਂ ਕੋਲ ਇਕੱਤਰ ਹੋਏ ਅਤੇ ਮੋਦੀ ਤੇ ਸ਼ਾਹ ਦੇ ਪੁਤਲਿਆਂ ਨੂੰ ਅੱਗ ਲਾ ਦਿੱਤੀ। ਇਸੇ ਤਰ੍ਹਾਂ ਡੇਰਾਬੱਸੀ ਵਿੱਚ ਕਿਸਾਨਾਂ ਨੇ ਅੱਜ ਥਾਂ ਥਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਗ੍ਰਹਿ ਮੰਤਰੀ ਅਮਿਤ ਸ਼ਾਹ ਦੇ ਪੁਤਲੇ ਸਾੜੇ ਅਤੇ ਤਿੰਨ ਖੇਤੀ ਕਾਨੂੰਨ ਰੱਦ ਕਰਨ ਦੀ ਮੰਗ ਕਰਦਿਆਂ ਨਾਅਰੇਬਾਜ਼ੀ ਕੀਤੀ। ਇਸੇ ਤਰ੍ਹਾਂ ਪਿੰਡ ਭਾਂਖਰਪੁਰ ਵਿੱਚ ਵੀ ਨੌਜਵਾਨਾਂ ਤੇ ਕਿਸਾਨਾਂ ਨੇ ਮੋਦੀ ਤੇ ਸ਼ਾਹ ਦੇ ਪੁਤਲੇ ਸਾੜੇ।
ਮੰਡੀ ਗੋਬਿੰਦਗੜ੍ਹ (ਨਿੱਜੀ ਪੱਤਰ ਪ੍ਰੇਰਕ): ਸੰਯੁਕਤ ਕਿਸਾਨ ਮੋਰਚਾ ਦਿੱਲੀ ਦੇ ਸੱਦੇ ’ਤੇ ਭਾਰਤੀ ਕਿਸਾਨ ਯੂਨੀਅਨ ਸਿੱਧੂਪੁਰ ਜਥੇਬੰਦੀ ਦੇ ਪਿੰਡ ਬਡਾਲੀ ਆਲਾ ਸਿੰਘ ਦੇ ਸਮੂਹ ਵਰਕਰਾਂ ਅਤੇ ਨਗਰ ਨਿਵਾਸੀਆਂ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਗ੍ਰਹਿ ਮੰਤਰੀ ਅਮਿਤ ਸ਼ਾਹ ਅਤੇ ਖੇਤੀਬਾੜੀ ਮੰਤਰੀ ਨਰਿੰਦਰ ਤੋਮਰ ਦੇ ਪੁਤਲੇ ਸਾੜੇ।
ਚਮਕੌਰ ਸਾਹਿਬ (ਨਿੱਜੀ ਪੱਤਰ ਪ੍ਰੇਰਕ): ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ’ਤੇ ਇੱਥੇ ਗੁਰਦੁਆਰਾ ਸ੍ਰੀ ਕਤਲਗੜ੍ਹ ਸਾਹਿਬ ਟੀ-ਪੁਆਇੰਟ ਅਤੇ ਕਮਾਲਪੁਰ ਟੌਲ ਪਲਾਜ਼ੇ ’ਤੇ ਕਿਸਾਨਾਂ ਵੱਲੋਂ ਖੇਤੀ ਕਾਨੂੰਨਾਂ ਨੂੰ ਰੱਦ ਕਰਵਾਉਣ ਲਈ ਮੋਦੀ ਸਰਕਾਰ ਦਾ ਅਰਥੀ ਫੂਕ ਮੁਜ਼ਾਹਰਾ ਕੀਤਾ ਗਿਆ। ਕਿਸਾਨ ਆਗੂ ਬਾਬਾ ਦਰਸ਼ਨ ਸਿੰਘ, ਅਮਨਦੀਪ ਸਿੰਘ ਮਾਂਗਟ, ਬਲਦੇਵ ਸਿੰਘ ਹਾਫਿਜ਼ਾਬਾਦ ਅਤੇ ਪਰਮਿੰਦਰ ਸਿੰਘ ਸੇਖੋਂ ਨੇ ਕਿਹਾ ਕਿ ਤਿੰਨ ਖੇਤੀ ਕਾਨੂੰਨ ਰੱਦ ਹੋਣ ਤੱਕ ਸੰਘਰਸ਼ ਜਾਰੀ ਰਹੇਗਾ।
ਆਂਗਣਵਾੜੀ ਮੁਲਾਜ਼ਮਾਂ ਵੱਲੋਂ ਕਿਸਾਨਾਂ ਦੇ ਹੱਕ ’ਚ ਰੋਸ ਮੁਜ਼ਾਹਰਾ
ਚੰਡੀਗੜ੍ਹ (ਪੱਤਰ ਪ੍ਰੇਰਕ): ਸੰੰਯੁਕਤ ਕਿਸਾਨ ਮੋਰਚੇ ਦੇ ਸੱਦੇ ’ਤੇ ਆਂਗਣਵਾੜੀ ਮੁਲਾਜ਼ਮ ਯੂਨੀਅਨ ਪੰਜਾਬ ਸੀਟੂ ਦੀ ਸੂਬਾ ਪ੍ਰਧਾਨ ਹਰਜੀਤ ਕੌਰ ਪੰਜੋਲਾ ਦੀ ਅਗਵਾਈ ਹੇਠ ਅੱਜ ਇੱਥੇ ਸੈਕਟਰ-34 ਵਿੱਚ ਕੇਂਦਰ ਸਰਕਾਰ ਦਾ ਪੁਤਲਾ ਫੂਕਣ ਮਗਰੋਂ ਰੋਸ ਮੁਜ਼ਾਹਰਾ ਕੀਤਾ ਗਿਆ। ਆਂਗਣਵਾੜੀ ਵਰਕਰਾਂ ਨੇ ਇਸ ਦੌਰਾਨ ਮੋਦੀ ਸਰਕਾਰ ਦਾ ਪਿੱਟ-ਸਿਆਪਾ ਵੀ ਕੀਤਾ। ਹਰਜੀਤ ਕੌਰ ਪੰਜੋਲਾ ਨੇ ਕਿਹਾ ਕਿ ਕੇਂਦਰ ਸਰਕਾਰ ਵਿਸ਼ਵ ਬੈਂਕ ਅਤੇ ਡਬਲਯੂਟੀਓ ਦੀਆਂ ਹਦਾਇਤਾਂ ਉੱਤੇ ਦੇਸ਼ ਦੇ ਸਾਰੇ ਅਦਾਰੇ ਵੇਚ ਰਹੀ ਹੈ, ਸਰਕਾਰੀ ਅਦਾਰਿਆਂ ਦਾ ਨਿੱਜੀਕਰਨ ਕੀਤਾ ਜਾ ਰਿਹਾ ਹੈ, ਪਬਲਿਕ ਸੈਕਟਰ ਖਤਮ ਕਰ ਦਿੱਤਾ ਗਿਆ ਹੈ। ਪਿਛਲੇ ਸਮੇਂ ਦੌਰਾਨ ਕੋਰੋਨਾ ਮਹਾਂਮਾਰੀ ਵਿੱਚ ਸਰਕਾਰ ਤਾਲ਼ਾਬੰਦੀ ਦੀ ਆੜ ਹੇਠ ਤਿੰਨ ਕਾਲੇ ਖੇਤੀ ਕਾਨੂੰਨ ਅਤੇ ਚਾਰ ਲੇਬਰ ਕੋਡ ਲਿਆ ਕੇ ਕਿਸਾਨੀ ਅਤੇ ਮਜ਼ਦੂਰੀ ਨੂੰ ਕਾਰਪੋਰੇਟ ਦੀ ਝੋਲੀ ਪਾਉਣ ਜਾ ਰਹੀ ਸੀ। ਇਨ੍ਹਾਂ ਕਾਨੂੰਨਾਂ ਬਾਰੇ ਕਿਸਾਨ ਮਜ਼ਦੂਰ ਇੱਕਦਮ ਜਾਗਰੂਕ ਹੋਏ ਅਤੇ ਦੇਸ਼ ਵਿਆਪੀ ਅੰਦੋਲਨ ਛਿੜਿਆ। ਇਸ ਮੌਕੇ ਯੂਨੀਅਨ ਦੀ ਜੁਆਇੰਟ ਸਕੱਤਰ ਗੁਰਦੀਪ ਕੌਰ ਨੇ ਵੀ ਸੰਬੋਧਨ ਕੀਤਾ।
ਕਿਸਾਨਾਂ ਦਾ ਮਸਲਾ ਜਲਦ ਹੱਲ ਕਰੇ ਸਰਕਾਰ: ਚੰਦੂਮਾਜਰਾ
ਅੰਬਾਲਾ (ਨਿੱਜੀ ਪੱਤਰ ਪ੍ਰੇਰਕ): ਸ਼੍ਰੋਮਣੀ ਅਕਾਲੀ ਦਲ ਦੇ ਜਨਰਲ ਸਕੱਤਰ ਪ੍ਰੋ. ਪ੍ਰੇਮ ਸਿੰਘ ਚੰਦੂਮਾਜਰਾ ਨੇ ਕਿਹਾ ਕਿ ਖੇਤੀ ਕਾਨੂੰਨਾਂ ਨੂੰ ਲੈ ਕੇ ਕਿਸਾਨਾਂ ਨੂੰ ਦਿੱਲੀ ਬਾਰਡਰ ’ਤੇ ਬੈਠਿਆਂ ਸਾਲ ਹੋਣ ਵਾਲਾ ਹੈ, ਸਰਕਾਰ ਨੂੰ ਹੁਣ ਜਾਗਣਾ ਚਾਹੀਦਾ ਹੈ ਅਤੇ ਮਸਲੇ ਦਾ ਜਲਦ ਹੱਲ ਕੱਢਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਲਖੀਮਪੁਰ ਖੀਰੀ ਘਟਨਾ ਬਾਰੇ ਚੁੱਪ ਤੋਂ ਸਿੱਧ ਹੁੰਦਾ ਹੈ ਕਿ ਭਾਜਪਾ ਦੀ ਅਗਵਾਈ ਵਾਲੀ ਸਰਕਾਰ ਘੱਟ ਗਿਣਤੀਆਂ ਨੂੰ ਖ਼ਤਮ ਕਰਨਾ ਚਾਹੁੰਦੀ ਹੈ।