ਪੱਤਰ ਪ੍ਰੇਰਕ
ਬਨੂੜ, 17 ਮਈ
ਇੱਥੋਂ ਦੇ ਸਹਿਕਾਰੀ ਬੈਂਕ ਵਿੱਚ ਬਨੂੜ ਖੇਤਰ ਦੀਆਂ ਖੇਤੀਬਾੜੀ ਸਹਿਕਾਰੀ ਸਭਾਵਾਂ ਦੇ ਮੈਂਬਰ ਕਿਸਾਨਾਂ ਨੂੰ ਆਪਣੇ ਕਰਜ਼ੇ ਅਤੇ ਲਿਮਟਾਂ ਦੀਆਂ ਕਿਸ਼ਤਾਂ ਜਮ੍ਹਾਂ ਕਰਵਾਉਣ ਸਮੇਂ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਬੈਂਕ ਵੱਲੋਂ ਬੈਂਕ ਦੇ ਅੰਦਰ ਸਮਾਜਿਕ ਦੂਰੀ ਦੀ ਪਾਲਣਾ ਯਕੀਨੀ ਬਣਾਉਣ ਲਈ ਸਵੇਰੇ ਹੀ ਬੈਂਕ ਦਾ ਦਰਵਾਜ਼ਾ ਬੰਦ ਕਰ ਦਿੱਤਾ ਜਾਂਦਾ ਹੈ। ਕਿਸਾਨਾਂ ਨੂੰ ਬੈਂਕ ਦੇ ਬਾਹਰ ਧੁੱਪ ਵਿੱਚ ਖੜ੍ਹ ਕੇ ਹੀ ਆਪਣੀ ਵਾਰੀ ਦੀ ਉਡੀਕ ਕਰਨੀ ਪੈਂਦੀ ਹੈ। ਇਸ ਮੌਕੇ ਜੁੜਦੀ ਭੀੜ ਕਾਰਨ ਸਮਾਜਿਕ ਦੂਰੀ ਦੀਆਂ ਵੀ ਧੱਜੀਆਂ ਉਡਦੀਆਂ ਹਨ ਤੇ ਬੈਂਕ ਦੇ ਅੰਦਰ ਜਾਣ ਲਈ ਕਿਸਾਨ ਧੱਕਾ-ਮੁੱਕੀ ਵੀ ਹੁੰਦੇ ਹਨ। ਇੱਥੇ ਲਿਮਟਾਂ ਦੀਆਂ ਕਿਸ਼ਤਾਂ ਦੇ ਪੈਸੇ ਜਮ੍ਹਾਂ ਕਰਾਉਣ ਆਏ ਕਿਸਾਨਾਂ ਅਵਤਾਰ ਸਿੰਘ ਤਸੌਲੀ, ਨਿਰਮਲ ਸਿੰਘ, ਬਲਜਿੰਦਰ ਸਿੰਘ, ਜਗਤਾਰ ਸਿੰਘ, ਸੁਰਜੀਤ ਸਿੰਘ, ਕਰਮਜੀਤ ਸਿੰਘ, ਕੁਲਵੰਤ ਸਿੰਘ ਸੰਧੂ ਨੇ ਦੱਸਿਆ ਕਿ ਇਸ ਵਾਰ ਬੈਂਕ ਨੇ ਵਾਊਚਰ ਨਹੀਂ ਭੇਜੇ ਅਤੇ ਸਭਾਵਾਂ ਦੇ ਸਕੱਤਰ ਪ੍ਰਿੰਟ ਕੱਢ ਕੇ ਪੈਸੇ ਜਮ੍ਹਾਂ ਕਰਾਉਣ ਲਈ ਭੇਜ ਰਹੇ ਹਨ, ਜਿਸਨੂੰ ਬੈਂਕ ਮੰਨਣੋਂ ਆਨਾ-ਕਾਨੀ ਕਰਦਾ ਹੈ। ਕਿਸਾਨਾਂ ਨੇ ਬਨੂੜ ਬਰਾਂਚ ਵਿੱਚ ਲੋੜੀਂਦੇ ਵਾਊਚਰ ਭੇਜਣ, ਬੈਂਕ ਵਿੱਚ ਜ਼ਿਆਦਾ ਕੰਮ ਹੋਣ ਕਾਰਨ ਕੁੱਝ ਦਿਨਾਂ ਲਈ ਹੋਰ ਜ਼ਿਆਦਾ ਕਰਮਚਾਰੀ ਨਿਯੁਕਤ ਕਰਨ ਦੀ ਮੰਗ ਕੀਤੀ ਹੈ। ਇਸ ਮਾਮਲੇ ਸਬੰਧੀ ਬੈਂਕ ਦੇ ਮੈਨੇਜਰ ਕੁਲਵੰਤ ਸਿੰਘ ਨੇ ਆਖਿਆ ਕਿ ਵਾਊਚਰਾਂ ਦੀ ਘਾਟ ਆਰਜ਼ੀ ਸੀ ਤੇ ਜਲਦੀ ਹੀ ਵਾਊਚਰ ਆ ਜਾਣਗੇ।